ਨਾਭਾ ''ਚ ਪਤੀ ਦੇ ਨਜਾਇਜ਼ ਸਬੰਧਾਂ ਦੇ ਚੱਲਦਿਆਂ ਪਤਨੀ ਵਲੋਂ ਖੁਦਕੁਸ਼ੀ

05/26/2020 8:05:57 PM

ਨਾਭਾ,(ਖੁਰਾਣਾ/ਭੂਪਾ) : ਦੇਸ਼ ਅੰਦਰ ਪਤੀ-ਪਤਨੀ ਦੇ ਪਵਿੱਤਰ ਰਿਸ਼ਤਿਆਂ 'ਚ ਤਰੇੜਾਂ ਪੈਂਦੀਆਂ ਜਾ ਰਹੀਆਂ ਹਨ। ਜਿਹੜੇ ਪਤੀ-ਪਤਨੀ ਵੱਲੋਂ ਵਿਆਹ ਦੇ ਸਮੇਂ ਸੱਤ ਫੇਰੇ ਲੈ ਕੇ ਉਮਰ ਭਰ ਸਾਥ ਨਿਭਾਉਣ ਦੀਆਂ ਕਸਮਾਂ ਖਾਧੀਆਂ ਜਾਂਦੀਆਂ ਹਨ। ਉਹ ਹੁਣ ਉਹ ਕਸਮਾਂ ਫਿੱਕੀਆਂ ਪੈਂਦੀਆਂ ਵਿਖਾਈ ਦੇ ਰਹੀਆਂ ਹਨ। ਜਿਸ ਦੀ ਤਾਜ਼ਾ ਮਿਸਾਲ ਦੇਖਣ ਨੂੰ ਮਿਲੀ ਨਾਭਾ ਦੀ ਨਵੀਂ ਬਸਤੀ ਵਿਖੇ ਜਿੱਥੇ ਕਿਰਤੀ ਨਾਮ ਦੀ 24 ਸਾਲਾ ਔਰਤ ਵੱਲੋਂ ਛੱਤ ਦੇ ਬਾਲੇ ਨਾਲ ਚੁੰਨੀ ਬੰਨ੍ਹ ਕੇ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਸ ਵੱਲੋਂ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਦੇ ਲਈ ਸਰਕਾਰੀ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ। ਪੁਲਸ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮ੍ਰਿਤਕ ਕਿਰਤੀ ਦੇ ਪਤੀ ਦੀਪਕ ਦੇ ਨਾਜਾਇਜ਼ ਸਬੰਧ ਹੋਣ ਦੇ ਚੱਲਦੇ ਕਿਰਤੀ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ ਅਤੇ ਅਸੀਂ ਕਿਰਤੀ ਦੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਕਿਰਤੀ ਦੇ ਦੋ ਬੱਚੇ ਵੀ ਸਨ, ਹੁਣ ਜਿਨ੍ਹਾਂ ਦੇ ਸਿਰ ਤੋਂ ਮਾਂ ਦਾ ਸਾਇਆ ਉੱਠ ਗਿਆ। ਮੌਕੇ 'ਤੇ ਨਾਭਾ ਦੇ ਇੰਸਪੈਕਟਰ ਸਰਬਜੀਤ ਚੀਮਾ ਵੱਲੋਂ ਕਿਰਤੀ ਦੇ ਪਤੀ ਨੂੰ ਮੌਕੇ 'ਤੇ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਹੁਣ ਪੁਲਿਸ ਕਿਰਤੀ ਦੇ ਮਾਤਾ-ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰੇਗੀ। ਇਸ ਮੌਕੇ ਮ੍ਰਿਤਕ ਕੀਰਤੀ ਦੀ ਮਾਤਾ ਸੀਤਾ ਦੇਵੀ ਨੇ ਕਿਹਾ ਕਿ ਇਨ੍ਹਾਂ ਦਾ ਆਪਸੀ ਘਰੇਲੂ ਕਲੇਸ਼ ਕਦੇ-ਕਦੇ ਰਹਿੰਦਾ ਸੀ ਅਤੇ ਕੁਝ ਦਿਨ ਪਹਿਲਾਂ ਵੀ ਫੋਨ ਆਇਆ ਸੀ ਪਰ ਮੈਨੂੰ ਮੇਰੀ ਲੜਕੀ ਨੇ ਇਸ ਬਾਰੇ ਕੁਝ ਨਹੀਂ ਦੱਸਿਆ ਪਰ ਦੋ ਦਿਨ ਪਹਿਲਾਂ ਮੇਰੀ ਲੜਕੀ ਨੇ ਦੱਸਿਆ ਕਿ ਉਸ ਦੇ ਪਤੀ ਦੇ ਕਿਸੇ ਹੋਰ ਨਾਲ ਨਾਜਾਇਜ਼ ਸਬੰਧ ਸਨ, ਜਿਸ ਕਰਕੇ ਇਹ ਕਦਮ ਚੁੱਕਿਆ ਹੈ। ਇਸ ਮੌਕੇ ਨਾਭਾ ਕੋਤਵਾਲੀ ਦੇ ਇੰਸਪੈਕਟਰ ਸਰਬਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਲੜਕੀ ਵੱਲੋਂ ਘਰ ਵਿੱਚ ਹੀ ਬਾਲੇ ਦੇ ਨਾਲ ਚੁੰਨੀ ਬੰਨ੍ਹ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ। ਇਸ ਸਬੰਧ ਵਿੱਚ ਅਸੀਂ ਉਸ ਦੇ ਪਤੀ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਪਤਾ ਲੱਗਿਆ ਹੈ ਕਿ ਇਸ ਦੇ ਪਤੀ ਦੇ ਕਿਸੇ ਨਾਲ ਨਾਜਾਇਜ਼ ਸਬੰਧ ਸਨ। ਜਿਸ ਕਰਕੇ ਕਿਰਤੀ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ।

Deepak Kumar

This news is Content Editor Deepak Kumar