ਪਤਨੀ ਨੇ ਪਤੀ ''ਤੇ ਲਾਏ ਕੁੱਟਮਾਰ ਅਤੇ ਤੇਲ ਪਾ ਕੇ ਸਾੜਨ ਦੀ ਕੋਸ਼ਿਸ਼ ਦੇ ਦੋਸ਼

06/20/2020 11:19:15 PM

ਭਵਾਨੀਗੜ੍ਹ,(ਵਿਕਾਸ, ਸੰਜੀਵ) : ਇਕ ਵਿਆਹੁਤਾ ਔਰਤ ਨੇ ਆਪਣੇ ਪਤੀ 'ਤੇ ਕੁੱਟਮਾਰ ਅਤੇ ਤੇਲ ਪਾ ਕੇ ਸਾੜਨ ਦੀ ਕੋਸ਼ਿਸ਼ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਜਿਸ ਸਬੰਧੀ ਔਰਤ ਨੇ ਪੁਲਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ। ਸਰਕਾਰੀ ਹਸਪਤਾਲ ਵਿਖੇ ਦਾਖਲ ਸ਼ਹਿਰ ਦੀ ਰਹਿਣ ਵਾਲੀ ਔਰਤ ਦਰਸ਼ਨ ਕੌਰ ਨੇ ਰੌਂਦੇ ਹੋਏ ਦੱਸਿਆ ਕਿ ਕਰੀਬ 7 ਸਾਲ ਪਹਿਲਾਂ ਉਸ ਦਾ ਵਿਆਹ ਰਜਿੰਦਰ ਸਿੰਘ ਨਾਂ ਦੇ ਵਿਅਕਤੀ ਨਾਲ ਹੋਇਆ ਤੇ ਉਸ ਕੋਲ ਚਾਰ ਸਾਲ ਦਾ ਇਕ ਲੜਕਾ ਵੀ ਹੈ। ਔਰਤ ਨੇ ਦੋਸ਼ ਲਗਾਇਆ ਕਿ ਪਿਛਲੇ ਦਿਨੀਂ ਰਜਿੰਦਰ ਸਿੰਘ ਨੇ ਉਸ ਦੇ ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ, ਜਿਸ ਸਬੰਧੀ ਸ਼ਿਕਾਇਤ ਕਰਨ 'ਤੇ ਭੜਕੇ ਉਸ ਦੇ ਪਤੀ ਨੇ ਅੱਜ ਸਵੇਰੇ ਸ਼ਿਕਾਇਤ ਵਾਪਸ ਲੈਣ ਦਾ ਦਬਾਅ ਬਣਾਇਆ ਤੇ ਮਨਾਂ ਕਰਨ 'ਤੇ ਉਸ ਨੂੰ ਤੇਲ ਪਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਗਈ ਪਰ ਕਿਸੇ ਤਰ੍ਹਾਂ ਬਚ-ਬਚਾ ਕੇ ਉਹ ਨਾਰੀ ਸ਼ਕਤੀ ਵੂਮੈਨ ਸੈੱਲ ਪੰਜਾਬ ਦੀ ਪ੍ਰਧਾਨ ਅਨੁਪਮਾ ਕੌਸ਼ਲ ਨੂੰ ਫੋਨ ਕਰਨ 'ਚ ਸਫਲ ਹੋਈ, ਜਿਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਉਸ ਨੂੰ ਵਿਅਕਤੀ ਦੇ ਚੁੰਗਲ 'ਚੋਂ ਕੱਢਿਆ ਤੇ ਪੁਲਸ ਨੂੰ ਇਤਲਾਹ ਦਿੱਤੀ। ਪੀੜਤ ਔਰਤ ਦਰਸ਼ਨ ਕੌਰ ਨੇ ਦੋਸ਼ ਲਗਾਈਆ ਕਿ ਪਿਛਲੇ ਸਮੇਂ ਤੋਂ ਉਸ ਦਾ ਪਤੀ ਉਸ ਦੀ ਕੁੱਟਮਾਰ ਕਰਦਾ ਆ ਰਿਹਾ ਹੈ ਤੇ ਜੇਕਰ ਅੱਜ ਨਾਰੀ ਸ਼ਕਤੀ ਦੀ ਪ੍ਰਧਾਨ ਮੌਕੇ 'ਤੇ ਨਾ ਪਹੁੰਚਦੇ ਤਾਂ ਕੋਈ ਅਣਹੋਣੀ ਵਾਪਰ ਜਾਣੀ ਸੀ।

ਹਸਪਤਾਲ 'ਚ ਹਾਜ਼ਰ ਨਾਰੀ ਸ਼ਕਤੀ ਵੂਮੈਨ ਸੈੱਲ ਪੰਜਾਬ ਦੇ ਪ੍ਰਧਾਨ ਅਨੁਪਮਾ ਕੌਸ਼ਲ ਨੇ ਕਿਹਾ ਚਾਰ ਦਿਨ ਪਹਿਲਾਂ ਦਰਸ਼ਨ ਕੌਰ ਨੇ ਫੋਨ ਕਰਕੇ ਦੱਸਿਆ ਕਿ ਉਸ ਦਾ ਘਰ ਵਾਲਾ ਉਸ ਨਾਲ ਕੁੱਟਮਾਰ ਕਰਦਾ ਹੈ ਤੇ ਅੱਜ ਸਵੇਰੇ ਫੋਨ ਜਦੋਂ ਦੁਬਾਰਾ ਉਸ ਦਾ ਫੋਨ ਆਇਆ ਤਾਂ ਉਹ ਬੁਰੀ ਤਰ੍ਹਾਂ ਨਾਲ ਘਬਰਾਈ ਹੋਈ ਸੀ ਤੇ ਮਦਦ ਦੀ ਗੁਹਾਰ ਲਗਾ ਰਹੀ ਸੀ। ਜਿਸ 'ਤੇ ਤੁਰੰਤ ਉਸ ਦੇ ਘਰ ਜਾ ਕੇ ਦੇਖਿਆ ਤਾਂ ਦਰਸ਼ਨ ਕੌਰ ਦਾ ਪਤੀ ਉਸ ਨੂੰ ਧੱਕੇ ਨਾਲ ਧੂ ਕੇ ਘਰ ਅੰਦਰ ਲੈ ਜਾ ਰਿਹਾ ਸੀ ਤੇ ਔਰਤ ਦੇ ਕੱਪੜਿਆਂ 'ਚੋਂ ਤੇਲ ਦੀ ਬਦਬੂ ਆ ਰਹੀ ਸੀ ਤਾਂ ਆਸਪਾਸ ਦੇ ਲੋਕਾਂ ਦੀ ਸਹਾਇਤਾ ਨਾਲ ਬਚਾ ਕੇ ਉਹ ਦਰਸ਼ਨ ਕੌਰ ਨੂੰ ਲੈ ਕੇ ਪੁਲਸ ਥਾਣੇ ਪਹੁੰਚੀ ਤੇ ਇਤਲਾਹ ਦੇਣ ਤੋਂ ਬਾਅਦ ਲੜਕੀ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ। ਨਾਰੀ ਸ਼ਕਤੀ ਵੂਮੈਨ ਸੈੱਲ ਦੀ ਪ੍ਰਧਾਨ ਅਨੁਪਮਾ ਕੌਸ਼ਲ ਅਤੇ ਪੀੜਤ ਮਹਿਲਾ ਨੇ ਮਾਮਲੇ 'ਚ ਪੁਲਸ ਪ੍ਰਸ਼ਾਸ਼ਨ ਤੋਂ ਕਾਰਵਾਈ ਦੀ ਮੰਗ ਕੀਤੀ ਹੈ ਤੇ ਨਾਲ ਹੀ ਅਨੁਪਮਾ ਕੌਸ਼ਲ ਨੇ ਕਿਹਾ ਕਿ ਪੀੜਤਾ ਨੂੰ ਇਨਸਾਫ ਨਾ ਮਿਲਿਆ ਤਾਂ ਸ਼ੰਘਰਸ਼ ਕੀਤਾ ਜਾਵੇਗਾ। ਓਧਰ ਰਮਨਦੀਪ ਸਿੰਘ ਥਾਣਾ ਮੁਖੀ ਭਵਾਨੀਗੜ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਤੇ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

Deepak Kumar

This news is Content Editor Deepak Kumar