ਪੁਲਸ ਵਾਲੀਆਂ ਨੂੰ ਪਰਿਵਾਰ ਸਣੇ ਖਾਣੀ ਪਈ ਥਾਣੇ ਰੋਟੀ

03/25/2019 1:37:03 AM

ਚੰਡੀਗਡ਼੍ਹ, (ਸੰਦੀਪ)-ਥਾਣੇ ’ਚ ਆਪਣੇ ਨਾਲ ਤਾਇਨਾਤ ਕਰਮਚਾਰੀਆਂ ਦਾ ਤਣਾਅ ਘੱਟ ਕਰਨ ਲਈ ਆਈ. ਟੀ. ਪਾਰਕ ਥਾਣਾ ਇੰਚਾਰਜ ਨੇ ਇਕ ਬਿਹਤਰੀਨ ਤਰੀਕਾ ਅਪਣਾਇਆ ਹੈ। ਆਪਣੇ ਇਸ ਨਵੇਂ ਆਈਡੀਏ ਤਹਿਤ ਥਾਣਾ ਇੰਚਾਰਜ ਨੇ ਹੋਲੀ ’ਤੇ ਬਿਹਤਰੀਨ ਕੰਮ ਕਰਨ ਦੇ ਇਨਾਮ ਵਜੋਂ ਆਪਣੇ ਸਾਥੀ ਕਰਮਚਾਰੀਆਂ ਨੂੰ ਉਨ੍ਹਾਂ ਦੀ ਫੈਮਿਲੀ ਨਾਲ ਥਾਣੇ ’ਚ ਹੀ ਲੰਚ ਕਰਨ ਦਾ ਮੌਕਾ ਦਿੱਤਾ। ਇਸ ਦੌਰਾਨ ਉਨ੍ਹਾਂ ਡਿਊਟੀ ’ਤੇ ਤਾਇਨਾਤ ਆਪਣੇ ਸਾਥੀ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਥਾਣੇ ’ਚ ਸੱਦਾ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਆਪਣੇ ਏਰੀਏ ’ਚ ਰਹਿਣ ਵਾਲੇ ਰਿਟਾਇਰ ਪੁਲਸ ਕਰਮਚਾਰੀਆਂ ਨੂੰ ਵੀ ਇਸ ਪ੍ਰੋਗਰਾਮ ’ਚ ਬੁਲਾਇਆ ਸੀ। ਡਿਊਟੀ ’ਤੇ ਤਾਇਨਾਤੀ ਦੇ ਨਾਲ ਹੀ ਆਪਣੇ ਪਰਿਵਾਰ ਨਾਲ ਸਮਾਂ ਗੁਜ਼ਾਰਨ ਦੇ ਇਸ ਫਾਰਮੂਲੇ ਦੀ ਸਾਰਿਆਂ ਨੇ ਪ੍ਰਸ਼ੰਸਾ ਕੀਤੀ। ਥਾਣਾ ਇੰਚਾਰਜ ਲਖਬੀਰ ਸਿੰਘ ਨੇ ਦੱਸਿਆ ਕਿ ਆਪਣੇ ਸਾਥੀ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਕੱਠੇ ਲੰਚ ਕਰਨ ਦਾ ਇਹ ਮੌਕਾ ਦੇਣ ਤੋਂ ਬਾਅਦ ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰ ਦੇ ਤਣਾਅ ’ਚ ਜੋ ਕਮੀ ਆਈ ਹੈ, ਉਹੀ ਇਸ ਪ੍ਰੋਗਰਾਮ ਨੂੰ ਆਯੋਜਿਤ ਕਰਨ ਦਾ ਉਨ੍ਹਾਂ ਦਾ ਮੁੱਖ ਉਦੇਸ਼ ਰਿਹਾ ਹੈ।

ਸਰ! ਪਰਿਵਾਰ ਨਾਲ ਖਾਣਾ ਖਾਣ ਤਕ ਦਾ ਸਮਾਂ ਨਹੀਂ ਮਿਲਦਾ
ਆਪਣੀ ਇਸ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਇੰਚਾਰਜ ਲਖਬੀਰ ਸਿੰਘ ਨੇ ਦੱਸਿਆ ਕਿ ਸ਼ਹਿਰ ’ਚ ਲਾਅ ਐਂਡ ਆਰਡਰ ਨੂੰ ਬਿਹਤਰ ਕਰਨ ਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਸਬੰਧੀ ਵਿਭਾਗ ਨੇ ਫਿਲਹਾਲ ਸਾਰੇ ਮੁਲਾਜ਼ਮਾਂ ਦੀ ਛੁੱਟੀ ਬੰਦ ਕੀਤੀ ਹੋਈ ਹੈ, ਅਜਿਹੇ ’ਚ ਉਨ੍ਹਾਂ ਦੇ ਸਾਥੀ ਕਰਮਚਾਰੀ ਲਗਾਤਾਰ ਉਨ੍ਹਾਂ ਨੂੰ ਇਕ ਹੀ ਸ਼ਿਕਾਇਤ ਕਰਦੇ ਸਨ ਕਿ ਸਰ ਪਰਿਵਾਰ ਨਾਲ ਖਾਣਾ ਖਾਣ ਤਕ ਦਾ ਸਮਾਂ ਨਹੀ ਮਿਲਦਾ। ਅਜਿਹੇ ’ਚ ਉਨ੍ਹਾਂ ਨੇ ਕਰਮਚਾਰੀਆਂ ਨੂੰ ਕਿਹਾ ਸੀ ਕਿ ਜੇਕਰ ਉਹ ਹੋਲੀ ’ਤੇ ਵਧੀਆ ਤਰੀਕੇ ਨਾਲ ਡਿਊਟੀ ਕਰਨਗੇ ਤਾਂ ਬਦਲੇ ’ਚ ਉਹ ਉਨ੍ਹਾਂ ਨੂੰ ਇਕ ਸਰਪ੍ਰਾਈਜ਼ ਦੇਣਗੇ, ਜਿਸ ਦੇ ਤਹਿਤ ਹੀ ਉਨ੍ਹਾਂ ਨੇ ਐਤਵਾਰ ਦੁਪਹਿਰ ਨੂੰ ਆਪਣੇ ਸਾਰੇ ਸਾਥੀ ਕਰਮਚਾਰੀਆਂ ਨੂੰ ਬਿਨਾਂ ਦੱਸਿਆਂ ਹੀ ਉਨ੍ਹਾਂ ਦੇ ਪੂਰੇ ਪਰਿਵਾਰਾਂ ਨੂੰ ਥਾਣੇ ’ਚ ਲੰਚ ’ਤੇ ਸੱਦਾ ਦਿੱਤਾ ਸੀ।

ਬੱਚਿਆਂ ਤੇ ਵੱÎਡਿਆਂ ਦਾ ਤਣਾਅ ਦੂਰ ਕਰਨ ਲਈ ਕਰਵਾਈਆਂ ਖੇਡਾਂ
ਆਪਣੀ ਇਸ ਮੁਹਿੰਮ ਤਹਿਤ ਥਾਣਾ ਇੰਚਾਰਜ ਨੇ ਪਰਿਵਾਰ ਨਾਲ ਛੋਟੇ ਬੱਚਿਆਂ ਲਈ ਜਿਥੇ ਮਸਤੀ ਕਰਨ ਲਈ ਝੂਲੇ ਲਵਾਏ ਸਨ, ਉਥੇ ਹੀ ਪਰਿਵਾਰ ਦੇ ਹੋਰ ਮੈਂਬਰਾਂ ਲਈ ਵੀ ਛੋਟੀਆਂ-ਛੋਟੀਆਂ ਰੋਮਾਂਚਕ ਖੇਡਾਂ ਦਾ ਪ੍ਰਬੰਧ ਕੀਤਾ ਸੀ, ਜਿਨ੍ਹਾਂ ’ਚ ਭਾਗ ਲੈ ਕੇ ਸਾਰਿਆਂ ਨੇ ਪੂਰੀ ਮੌਜ-ਮਸਤੀ ਕੀਤੀ। ਮੁਲਾਜ਼ਮਾਂ ਦਾ ਕਹਿਣਾ ਸੀ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਡਿਊਟੀ ’ਤੇ ਤਾਇਨਾਤੀ ਸਮੇਂ ਉਨ੍ਹਾਂ ਨੂੰ ਇਸ ਤਰ੍ਹਾਂ ਥਾਣੇ ’ਚ ਹੀ ਆਪਣੇ ਪਰਿਵਾਰ ਨਾਲ ਲੰਚ ਕਰਨ ਦਾ ਮੌਕਾ ਮਿਲਿਆ ਹੈ। ਸਾਰਿਆਂ ਨੇ ਇਸ ਪ੍ਰੋਗਰਾਮ ਲਈ ਥਾਣਾ ਇੰਚਾਰਜ ਦੀ ਪ੍ਰਸ਼ੰਸਾ ਕਰਦਿਆਂ ਆਉਣ ਵਾਲੇ ਸਮੇਂ ’ਚ ਹੋਰ ਥਾਣਿਆਂ ’ਚ ਵੀ ਇਸ ਤਰ੍ਹਾਂ ਦਾ ਪ੍ਰੋਗਰਾਮ ਆਯੋਜਿਤ ਕਰਨ ਦੀ ਕਾਮਨਾ ਕੀਤੀ।

Arun chopra

This news is Content Editor Arun chopra