ਕਣਕ ਦਾ ਝਾੜ ਹੋਇਆ ਘੱਟ, ਕੇਂਦਰ ਤੇ ਪੰਜਾਬ ਸਰਕਾਰ ਕਿਸਾਨਾਂ ਨੂੰ ਦੇਵੇ ਮੁਆਵਜ਼ਾ : ਕੁਲਤਾਰ ਸੰਧਵਾ

04/24/2021 7:15:35 PM

ਸ੍ਰੀ ਮੁਕਤਸਰ ਸਾਹਿਬ (ਰਿਖੀ/ਪਵਨ)-ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਕੁਲਤਾਰ ਸਿੰਘ ਸੰਧਵਾ ਵਿਧਾਇਕ ਨੇ ਅੱਜ ਕਿਸਾਨ ਵਿੰਗ ਦੇ ਹੋਰ ਆਗੂਆਂ ਨਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਪ੍ਰੈੱਸ ਕਾਨਫਰੰਸ ਕੀਤੀ। ਇਸ ਮੌਕੇ ਜਿਥੇ ਉਨ੍ਹਾਂ ਮੰਡੀਆਂ ਦੇ ਮਾੜੇ ਪ੍ਰਬੰਧਾਂ ਲਈ ਕਾਂਗਰਸ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ, ਉਥੇ ਹੀ ਉਨ੍ਹਾਂ ਕਿਹਾ ਕਿ ਇਸ ਵਾਰ ਕਣਕ ਦਾ ਝਾੜ ਘੱਟ ਹੋਇਆ, ਇਸ ਲਈ ਸੂਬਾ ਸਰਕਾਰ 250 ਰੁਪਏ ਪ੍ਰਤੀ ਕੁਇੰਟਲ ਅਤੇ ਕੇਂਦਰ ਸਰਕਾਰ ਵੀ 250 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਦੇਵੇ।

ਉਨ੍ਹਾਂ ਬਾਰਦਾਨੇ ਦੀ ਘਾਟ ਸਬੰਧੀ ਕੈਪਟਨ ਸਰਕਾਰ ’ਤੇ ਸਵਾਲ ਚੁੱਕੇ ਕਿ ਇਹ ਵੱਡਾ ਘਪਲਾ ਹੈ ਅਤੇ 20 ਰੁਪਏ ਵਾਲਾ ਬਾਰਦਾਨਾ 40 ਰੁਪਏ ’ਚ ਲਿਆ ਜਾ ਰਿਹਾ। ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ ਇਹ ਘਪਲਾ ਉਜਾਗਰ ਕੀਤਾ ਜਾਵੇਗਾ।ਨਵਜੋਤ ਸਿੱਧੂ ਸਬੰਧੀ ਪੁੱਛੇ ਸਵਾਲ ’ਤੇ ਕੁਲਤਾਰ ਸੰਧਵਾ ਨੇ ਕਿਹਾ ਕਿ ਸਿੱਧੂ ਮਿਹਣਿਆਂ ਵਾਲੀ ਲੜਾਈ ਲੜ ਰਹੇ ਹਨ, ਹੁਣ ਮਿਹਣਿਆਂ ਵਾਲੀ ਲੜਾਈ ਨਹੀਂ, ਬੰਦਿਆਂ ਵਾਲੀ ਲੜਾਈ ਲੜਨ। ਉਨ੍ਹਾਂ ਕਿਹਾ ਕਿ ਸਿੱਧੂ ਦੀਆਂ ਗੱਲਾਂ ਠੀਕ ਹਨ ਪਰ ਉਹ ਵਿਚਾਰ ਕਰਨ ਕਿ ਉਹ ਬੈਠੇ ਕਿੱਥੇ ਹਨ ਤੇ ਗੱਲ ਕੀ ਕਰ ਰਹੇ ਹਨ ।

ਸੰਧਵਾ ਨੇ ਕਿਹਾ ਕਿ ਪੰਜਾਬ ’ਚ ਮਾਫੀਆ ਰਾਜ ਚੱਲ ਰਿਹਾ ਹੈ। ਮੁੱਖ ਮੰਤਰੀਆਂ ਦੀ ਮੀਟਿੰਗ ’ਚ ਬੀਤੇ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪ੍ਰੋਟੋਕੋਲ ਤੋੜਨ ਸਬੰਧੀ ਕਹੇ ਜਾਣ ਬਾਰੇ ਪੁੱਛੇ ਸਵਾਲ ’ਤੇ ਸੰਧਵਾ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਦਾ ਹੰਕਾਰ ਹੈ ਅਤੇ ਦੇਸ਼ ਦੇ ਲੋਕ ਹੰਕਾਰੀ ਬੰਦੇ ਨੂੰ ਸਵੀਕਾਰ ਨਹੀਂ ਕਰਨਗੇ। ਇਸ ਮੌਕੇ ਗੁਰਦਿੱਤ ਸਿੰਘ, ਜਗਦੇਵ ਸਿੰਘ ਬਾਮ ਜ਼ਿਲ੍ਹਾ ਪ੍ਰਧਾਨ, ਜਗਦੀਪ ਸਿੰਘ ਕਾਕਾ ਬਰਾੜ, ਸਰਬਜੀਤ ਸਿੰਘ, ਸੁਖਜਿੰਦਰ ਸਿੰਘ ਕਾਉਣੀ ਸੁਰਜੀਤ ਸਿੰਘ ਲੁਬਾਣਿਆਂਵਾਲੀ, ਜਗਮੀਤ ਸਿੰਘ ਜੱਗਾ, ਅਰਸ਼ ਜੱਸੇਆਣਾ ਆਦਿ ਹਾਜ਼ਰ ਸਨ।


Manoj

Content Editor

Related News