ਲੱਖਾਂ ਰੁਪਏ ਮੁੱਲ ਦੀ ਕਣਕ ਬਰਾਮਦ, ਇਕ ਕਾਬੂ

06/04/2020 12:03:51 AM

ਮੋਗਾ, (ਆਜ਼ਾਦ)- ਮੋਗਾ ਪੁਲਸ ਵੱਲੋਂ ਦਾਣਾ ਮੰਡੀ ਮੋਗਾ ’ਚ ਸਥਿਤ ਇਕ ਆੜ੍ਹਤੀ ਦੀ ਦੁਕਾਨ ਦਾ ਸ਼ਟਰ ਤੋੜ ਕੇ ਉਸ ਵਿਚੋਂ ਲੱਖਾਂ ਰੁਪਏ ਮੁੱਲ ਦੀ ਕਣਕ ਚੋਰੀ ਕਰ ਕੇ ਲੈ ਜਾਣ ਦੇ ਮਾਮਲੇ ’ਚ ਇਕ ਵਿਅਕਤੀ ਨੂੰ ਕਾਬੂ ਕਰ ਕੇ ਚੋਰੀ ਦੀ ਕਣਕ ਬਰਾਮਦ ਕੀਤੀ ਹੈ। ਜਦਕਿ ਉਸਦੇ 5 ਸਾਥੀ ਪੁਲਸ ਦੇ ਕਾਬੂ ਨਹੀਂ ਆ ਸਕੇ। ਡੀ. ਐੱਸ. ਪੀ. ਸਿਟੀ ਬਰਜਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਬੀਤੇ ਦਿਨੀਂ ਦਾਣਾ ਮੰਡੀ ਮੋਗਾ ਵਿਚ ਆੜ੍ਹਤ ਦੀ ਦੁਕਾਨ ਕਰਦੇ ਆੜ੍ਹਤੀ ਮਦਨ ਮੋਹਨ ਐਂਡ ਸੰਨਜ਼ ਦੀ ਦੁਕਾਨ ਦਾ ਸ਼ਟਰ ਭੰਨ ਕੇ ਕੁੱਝ ਅਣਪਛਾਤੇ ਚੋਰਾਂ ਵੱਲੋਂ 300 ਗੱਟਾਂ ਕਣਕ ਦਾ ਚੋਰੀ ਕਰ ਲਿਆ ਸੀ। ਇਸ ਸਬੰਧ ’ਚ ਦੁਕਾਨ ’ਚ ਬਤੌਰ ਮੁਨਸ਼ੀ ਕੰਮ ਕਰਦੇ ਸੁਦੇਸ਼ ਕੁਮਾਰ ਨਿਵਾਸੀ ਐੱਫ. ਸੀ. ਆਈ. ਰੋਡ ਮੋਗਾ ਦੀ ਸ਼ਿਕਾਇਤ ’ਤੇ ਬੱਬੂ ਉਰਫ ਜੋੜੀ, ਸੰਨੀ ਦੋਨੋਂ ਨਿਵਾਸੀ ਨਹਿਰ ਝੁੱਗੀਆਂ ਮੋਗਾ, ਚੰਨਣ ਓਮ, ਹਰੀ ਓਮ, ਕਾਲੀਆ ਅਤੇ ਮਨੋਜ ਬਯੀਆ ਨਿਵਾਸੀ ਸੰਤ ਹਰਦੇਵ ਨਗਰ ਮੋਗਾ ਦੇ ਖ਼ਿਲਾਫ ਚੋਰੀ ਦਾ ਮਾਮਲਾ ਥਾਣਾ ਸਿਟੀ ਮੋਗਾ ਵਿਚ ਦਰਜ ਕੀਤਾ ਗਿਆ ਸੀ, ਜਿਸ ’ਚ ਸ਼ਿਕਾਇਤ ਕਰਤਾ ਨੇ ਕਿਹਾ ਕਿ ਅਣਪਛਾਤੇ ਚੋਰਾਂ ਨੇ 27 ਮਈ 2020 ਨੂੰ ਸਾਡੀ ਆੜ੍ਹਤ ਦੀ ਦੁਕਾਨ ’ਚੋਂ 300 ਗੱਟੇ ਕਣਕ ਦੇ ਚੋਰੀ ਕੀਤੇ ਹਨ, ਜਿਨ੍ਹਾਂ ਦੀ ਉਹ ਤਲਾਸ਼ ਕਰਦੇ ਰਹੇ।

ਹੁਣ ਸਾਨੂੰ ਪਤਾ ਲੱਗਾ ਹੈ ਕਿ ਉਕਤ ਚੋਰੀ ਉਕਤ ਦੋਸ਼ੀਆਂ ਨੇ ਕੀਤੀ ਹੈ। ਡੀ. ਐੱਸ. ਪੀ. ਸਿਟੀ ਬਰਜਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਥਾਣਾ ਸਿਟੀ ਮੋਗਾ ਦੇ ਮੁੱਖ ਅਫਸਰ ਇੰਸਪੈਕਟਰ ਗੁਰਪ੍ਰੀਤ ਸਿੰਘ ਅਤੇ ਥਾਣੇਦਾਰ ਲਖਵਿੰਦਰ ਸਿੰਘ ਨੇ ਜਾਂਚ ਦੌਰਾਨ ਉਕਤ ਲੱਖਾਂ ਰੁਪਏ ਦੇ ਚੋਰੀ ਦੇ ਮਾਮਲੇ ’ਚ ਇਕ ਦੋਸ਼ੀ ਬੱਬੂ ਉਰਫ ਜੋੜੀ ਨੂੰ ਕਾਬੂ ਕਰ ਲਿਆ ਅਤੇ ਉਸਦੀ ਨਿਸ਼ਾਨਦੇਹੀ ’ਤੇ ਜ਼ੀਰਾ ਰੋਡ ਮੋਗਾ ਤੋਂ ਚੋਰੀ ਹੋਇਆ 300 ਗੱਟਾ ਵੀ ਬਰਾਮਦ ਕੀਤਾ ਗਿਆ, ਜਿਸ ਦੀ ਕੀਮਤ 3 ਲੱਖ ਦੇ ਕਰੀਬ ਬਣਦੀ ਹੈ। ਉਨ੍ਹਾਂ ਕਿਹਾ ਕਿ ਬਾਕੀ ਦੋਸ਼ੀਆਂ ਨੂੰ ਕਾਬੂ ਕਰਨ ਲਈ ਵੱਖ-ਵੱਖ ਪੁਲਸ ਪਾਰਟੀਆਂ ਵੱਲੋਂ ਉਨ੍ਹਾਂ ਦੇ ਲੁਕਣ ਵਾਲੇ ਸ਼ੱਕੀ ਠਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਜਲਦੀ ਕਾਬੂ ਆ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਕਾਬੂ ਕੀਤੇ ਗਏ ਦੋਸ਼ੀ ਬੱਬੂ ਉਰਫ ਜੋੜੀ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ, ਜਿਸ ਨੂੰ ਪੁੱਛ-ਗਿੱਛ ਦੇ ਬਾਅਦ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਥਾਣਾ ਮੁਖੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪੁਲਸ ਇਹ ਜਾਨਣ ਦਾ ਯਤਨ ਕਰ ਰਹੀ ਹੈ ਕਿ ਉਕਤ ਗਿਰੋਹ ਪਹਿਲਾਂ ਕਿਹੜੇ-ਕਿਹੜੇ ਮਾਮਲੇ ’ਚ ਸ਼ਾਮਲ ਹੈ।

Bharat Thapa

This news is Content Editor Bharat Thapa