ਬਾਰਦਾਨੇ ਦੀ ਘਾਟ ਕਾਰਣ ਨਹੀਂ ਹੋ ਰਹੀ ਕਣਕ ਦੀ ਖਰੀਦ, 22 ਅਪ੍ਰੈਲ ਤੋਂ ਕਿਸਾਨਾਂ ਦੇ ਖਾਤਿਆਂ ''ਚ ਨਹੀਂ ਹੋਈ ਅਦਾਇਗੀ

05/01/2020 4:41:59 PM

ਮੰਡੀ ਲਾਧੂਕਾ( ਸੰਧੂ) - ਜਲਾਲਾਬਾਦ ਸਬ ਡਿਵੀਜਨ ਦੇ ਅਧੀਨ ਪੈਂਦੀ ਮੰਡੀ ਚੱਕ ਖੇੜੇ ਵਾਲਾ (ਜੈਮਲ ਵਾਲਾ) 'ਚ ਬਾਰਦਾਨੇ ਦੀ ਘਾਟ ਕਾਰਣ ਕਣਕ ਦੀ ਖਰੀਦ ਦਾ ਕੰਮ ਵਿਚਾਲੇ ਲਟਕਿਆ ਪਿਆ ਹੈ। ਜਿਸ ਕਾਰਣ ਪਿਛਲੇ ਦਿਨਾਂ ਤੋਂ ਮੰਡੀਆਂ 'ਚ ਕਣਕ ਲਿਆ ਕੇ ਬੈਠੇ ਕਿਸਾਨਾਂ ਨੂੰ ਮੁਸ਼ੱਕਤ ਦਾ ਸਾਮਹਣਾ ਕਰਨਾ ਪੈ ਰਿਹਾ ਹੈ। ਕਿਸਾਨ ਜਗਸੀਰ ਸਿੰਘ, ਗੁਰਮੀਤਸਿੰਘ, ਕੁਲਵਿੰਦਰ ਸਿਘ, ਪਰਮਜੀਤ ਸਿੰਘ ਅਤੇ ਸੰਦੀਪ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਦਿਨਾਂ ਤੋਂ ਮੰਡੀ 'ਚ ਕਣਕ ਲਿਆ ਕੇ ਬੈਠੇ ਹਨ ਪਰ ਮੰਡੀ 'ਚ ਬਾਰਦਾਨਾ ਨਹੀਂ ਆ ਰਿਹਾ ਹੈ ਅਤੇ ਬਾਰਦਾਨੇ ਦੀ ਘਾਟ ਕਾਰਣ ਕਣਕ ਦੀ ਖਰੀਦ ਨਹੀਂ ਹੋ ਰਹੀ ਹੈ। ਇਸ ਤੋਂ ਇਲਾਵਾ ਆੜ੍ਹਤੀਆਂ ਦਾ ਕਹਿਣਾ ਹੈ ਕਿ ਪਨਸਪ ਖਰੀਦ ਏਜੰਸੀ ਵਲੋਂ ਮੰਡੀ 'ਚ ਕਣਕ ਖਰੀਦ ਕੀਤੀ ਜਾ ਰਹੀ ਹੈ ਅਤੇ 22 ਅਪ੍ਰੈਲ ਤੋਂ ਬਾਅਦ ਕਿਸਾਨਾਂ ਵਲੋਂ ਵੇਚੀ ਗਈ ਕਣਕ ਦੀ ਅਦਾਇਗੀ ਨਹੀਂ ਹੋਈ ਹੈ। ਜਿਸ ਕਾਰਣ ਕਿਸਾਨ ਰੋਜਾਨਾਂ ਉਨ੍ਹਾਂ  ਪਾਸੋਂ ਅਦਾਇਗੀ ਦੀ ਮੰਗ ਕਰ ਰਹੇ ਹਨ। ਉਧਰ ਇਸ ਸਬੰਧੀ ਪਨਸਪ ਖਰੀਦ ਏਜੰਸੀ ਦੇ ਇੰਸਪੈਕਟਰ ਜਰਮਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਕਣਕ ਦੀ ਖਰੀਦ ਰੈਗੂਲਰ ਹੋ ਰਹੀ ਹੈ ਪਰ ਪਿੱਛੋਂ ਬਰਦਾਨੇ ਦੀ ਕਮੀ ਕਾਰਣ ਥੋੜੀ ਸਮੱਸਿਆ ਹੈ ਬਰਦਾਨਾ ਜਲਦੀ ਆਵੇਗਾ ਅਤੇ ਜੋ ਖਰੀਦ ਬਕਾਇਆ ਹੈ ਉਸਨੂੰ ਪੂਰਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਅਦਾਇਗੀ ਸਬੰਧੀ ਉਨ੍ਹਾਂ ਕਿਹਾ ਕਿ ਆੜ੍ਹਤੀਆਂ ਦੇ ਖਾਤਿਆਂ ਵਿਚ ਕਣਕ ਦੀ ਅਦਾਇਗੀ ਪਾਈ ਜਾ ਰਹੀ ਹੈ ਅਤੇ ਜੋ ਰਹਿ ਗਏ ਹਨ ਉਨ੍ਹਾਂ ਦੇ ਖਾਤਿਆਂ ਵਿਚ ਇੱਕ ਦੋ ਦਿਨਾਂ ਤੱਕ ਪਾ ਦਿੱਤੀ ਜਾਵੇਗੀ।

 


Harinder Kaur

Content Editor

Related News