ਕਣਕ ਦੀ ਖਰੀਦ ਸਬੰਧੀ ਪ੍ਰਸ਼ਾਸਨ ‘ਚੁਸਤ’ ਪਰ ਆਮਦ ‘ਸੁਸਤ’

04/12/2021 4:34:23 PM

ਬਾਘਾ ਪੁਰਾਣਾ (ਚਟਾਨੀ)-ਸਥਾਨਕ ਮਾਰਕੀਟ ਕਮੇਟੀ ਦੀ ਮੁੱਖ ਅਨਾਜ ਮੰਡੀ ਸਮੇਤ ਸਾਰੇ ਉਪ-ਖਰੀਦ ਕੇਂਦਰਾਂ ’ਚ ਅਜੇ ਅਸਲੋਂ ਹੀ ਨਾਮਾਤਰ ਕਣਕ ਆਈ ਹੈ ਜਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਇਸ ਖੇਤਰ ’ਚ ਕਣਕ ਦੀ ਫਸਲ ਅਜੇ ਖੇਤਾਂ ’ਚ ਹੀ ਖੜ੍ਹੀ ਹੈ ਅਤੇ ਜੇਕਰ ਕਿਸੇ ਕਿਸਾਨ ਨੇ ਅਜਿਹੀ ਸ਼ੁਰੂਆਤ ਕੀਤੀ ਵੀ ਹੈ ਤਾਂ ਉਹ ਅਜੇ ਮੰਡੀਆਂ ’ਚ ਜਾਣ ਤੋਂ ਗੁਰੇਜ਼ ਹੀ ਕਰ ਰਿਹਾ ਹੈ। ਇਥੋਂ ਦੀ ਮੁੱਖ ਅਨਾਜ ਮੰਡੀ ’ਚ ਅਜੇ ਸੁੰਨ ਹੀ ਪੱਸਰੀ ਦਿਖਾਈ ਦੇ ਰਹੀ ਹੈ। ਭਾਵੇਂ ਹੁਣ ਸਿੱਧੀ ਅਦਾਇਗੀ ਦੇ ਮਾਮਲੇ ਦਾ ਨਿਬੇੜਾ ਵੀ ਹੋ ਚੁੱਕਾ ਹੈ ਅਤੇ ਆੜ੍ਹਤੀਏ ਸਿੱਧੀ ਅਦਾਇਗੀ ਲਈ ਵੀ ਰਾਜ਼ੀ ਹੋ ਗਏ ਹਨ ਪਰ ਇਸ ਖੇਤਰ ’ਚ ਕਣਕ ਦੀ ਆਮਦ ਦੀ ਰਫਤਾਰ ਜ਼ੀਰੋ ਉਪਰ ਹੀ ਖੜ੍ਹੀ ਹੈ। ਜੇਕਰ ਸਰਕਾਰੀ ਪ੍ਰਬੰਧਾਂ ਨੂੰ ਵੇਖਿਆ ਜਾਵੇ ਤਾਂ ਪ੍ਰਬੰਧ ਪੂਰੀ ਤਰ੍ਹਾਂ ਮੁਕੰਮਲ ਹਨ। ਇਸ ਪੱਖੋਂ ਮਾਰਕੀਟ ਕਮੇਟੀ ਤੇ ਖਰੀਦ ਏਜੰਸੀਆਂ ਆਦਿ ਨੇ ਪੂਰੀ ਤਰ੍ਹਾਂ ਕਮਰ ਕੱਸੀ ਹੋਈ ਹੈ। ਜੇਕਰ ਕਣਕ ਪੂਰੀ ਰਫਤਾਰ ਨਾਲ ਵੀ ਮੰਡੀਆਂ ਵਿਚ ਇਕਦਮ ਆ ਕੇ ਢੇਰੀ ਹੋ ਜਾਂਦੀ ਹੈ ਤਾਂ ਕਿਸਾਨ ਨੂੰ ਤੁਰੰਤ ਵਿਹਲਾ ਕਰਨ ਲਈ ਹਰੇਕ ਅਧਿਕਾਰੀ ਆਪਣੇ ਆਪ ’ਚ ਸਮਰੱਥ ਜਾਪ ਰਿਹਾ ਹੈ।

ਕੀ ਕਹਿਣਾ ਹੈ ਆੜ੍ਹਤੀ ਆਗੂ ਦਾ
ਸਿੱਧੀ ਅਦਾਇਗੀ ਦੇ ਦੂਰ ਹੋਏ ਅੜਿੱਕੇ ਸਬੰਧੀ ਫੈੱਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸਿੰਘ ਬਰਾੜ ਨੇ ਆਖਿਆ ਕਿ ਉਨ੍ਹਾਂ ਦੀ ਜਥੇਬੰਦੀ ਨਹੀਂ ਚਾਹੁੰਦੀ ਕਿ ਕਿਸਾਨ ਭਰਾ ਕਿਸੇ ਗੱਲੋਂ ਖੱਜਲ-ਖੁਆਰ ਹੋਣ ਕਿਉਂਕਿ ਉਹ ਤਾਂ ਪਹਿਲਾਂ ਹੀ ਲੰਮੀ ਲੜਾਈ ਲੜ ਰਹੇ ਹਨ। ਇਸ ਨੂੰ ਵੇਖਦਿਆਂ ਮੁੱਖ ਮੰਤਰੀ ਵਲੋਂ ਕੁਝ ਅਹਿਮ ਮੰਗਾਂ ਨੂੰ ਸੂਬਾਈ ਪੱਧਰ ਉਪਰ ਮੰਨ ਲਏ ਜਾਣ ਤੋਂ ਬਾਅਦ ਇਹ ਫੈਸਲਾ ਕੀਤਾ ਹੈ ਕਿ ਜੇਕਰ ਆੜ੍ਹਤੀਆਂ ਨੂੰ ਉਨ੍ਹਾਂ ਦਾ ਕਮਿਸ਼ਨ, ਸਿਲਾਈ, ਭਰਾਈ, ਮਜ਼ਦੂਰੀ, ਛਣਾਈ ਆਦਿ ਸਿੱਧੇ ਤੌਰ ’ਤੇ ਮਿਲ ਜਾਂਦੀ ਹੈ ਤਾਂ ਉਹ ਸਿੱਧੀ ਅਦਾਇਗੀ ਲਈ ਰਜ਼ਾਮੰਦ ਹਨ। ਉਨ੍ਹਾਂ ਕਿਹਾ ਕਿ ਜੇਕਰ ਛੇ ਦਹਾਕਿਆਂ ਤੋਂ ਕਿਸਾਨ ਭਰਾ ਆੜ੍ਹਤੀਆ ਉਪਰ ਵਿਸ਼ਵਾਸ ਕਰਦੇ ਆ ਰਹੇ ਹਨ ਤਾਂ ਆੜ੍ਹਤੀਏ ਕਿਸਾਨਾਂ ਉਪਰ ਵਿਸ਼ਵਾਸ ਕਿਉਂ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਉਹ ਨਹੁੰ-ਮਾਸ ਵਾਲਾ ਰਿਸ਼ਤਾ ਕਦੇ ਵੀ ਟੁੱਟਣ ਨਹੀਂ ਦੇਣਗੇ। ਉਧਰ ਪ੍ਰਸ਼ਾਸਨ ਨੇ ਦੱਸਿਆ ਕਿ ਉਨ੍ਹਾਂ ਵਲੋਂ ਸਾਰੇ ਪ੍ਰਬੰਧ ਮੁਕੰਮਲ ਹਨ ਅਤੇ ਕਿਸੇ ਵੀ ਕਿਸਮ ਦੀ ਕੋਈ ਥੁੜ ਨਹੀਂ, ਜੋ ਖਰੀਦ ’ਚ ਕੋਈ ਅੜਿੱਕਾ ਬਣ ਸਕਦੀ ਹੋਵੇ।


Anuradha

Content Editor

Related News