ਅਸਲਾ ਧਾਰਕ 30 ਜਨਵਰੀ ਤੱਕ ਆਪਣਾ ਅਸਲਾ ਜਮ੍ਹਾ ਕਰਵਾਉਣ: ਡੀ.ਅੈਸ.ਪੀ. ਗਿੱਲ

01/29/2021 3:27:08 PM

ਫਿਰੋਜ਼ਪੁਰ (ਭੁੱਲਰ)- ਫਿਰੋਜ਼ਪੁਰ ਸ਼ਹਿਰੀ ਦੇ ਡੀ.ਅੈਸ.ਪੀ. ਬਰਿੰਦਰ ਸਿੰਘ ਗਿੱਲ ਨੇ ਚੋਣਾਂ ਦੇ ਮੱਦੇਨਜ਼ਰ ਅਸਲਾ ਧਾਰਕਾਂ ਨੂੰ ਆਪਣਾ–ਆਪਣਾ ਅਸਲਾ 30 ਜਨਵਰੀ ਤੱਕ ਜਮ੍ਹਾ ਕਰਵਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ 14 ਫਰਵਰੀ ਨੂੰ ਨਗਰ ਕੌਂਸਲ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਦੇ ਮੱਦੇਨਜ਼ਰ ਚੋਣਾਂ ਵਾਲੇ ਇਲਾਕੇ ਵਿਚ ਚੋਣ ਜਾਬਤਾ ਲਾਗੂ ਹੈ। ਚੋਣ ਪ੍ਰਕ੍ਰਿਆ ਨੂੰ ਸ਼ਾਂਤੀ ਪੂਰਵਕ ਤਰੀਕੇ ਨਾਲ ਮੁਕੰਮਲ ਕਰਵਾਉਣ ਦੇ ਮਕਸਦ ਨਾਲ ਇਲਾਕੇ ਦੀ ਹਦੂਦ ਅੰਦਰ ਕਿਸੇ ਵੀ ਵਿਅਕਤੀ ਵੱਲੋਂ ਹਥਿਆਰ ਲੈ ਕੇ ਚੱਲਣ ’ਤੇ ਪਾਬੰਦੀ ਦੇ ਆਦੇਸ਼ ਜਾਰੀ ਹੋਏ ਹਨ। 

ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਪਾਸ ਲਾਇਸੈਂਸੀ ਅਸਲਾ ਹੈ, ਉਹ ਆਪਣਾ ਅਸਲਾ ਸੰਬੰਧਤ ਥਾਣੇ ਵਿੱਚ ਜਾਂ ਲਾਇਸੈਂਸੀ ਅਸਲਾ ਡੀਲਰਾਂ ਪਾਸ 30 ਜਨਵਰੀ 2021 ਨੂੰ ਸ਼ਾਮ 05:00 ਵਜੇ ਤੱਕ ਹਰ ਹਾਲਤ ਵਿੱਚ ਜਮ੍ਹਾ ਕਰਵਾਉਣ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੀਆਂ ਚੋਣਾਂ ਨੂੰ ਸੁਚੱਜੇ ਅਤੇ ਸ਼ਾਂਤਮਈ ਢੰਗ ਨਾਲ ਨੇਪਰੇ ਚਾੜਨ ਲਈ ਅਸਲਾ ਧਾਰਕਾਂ ਵੱਲੋਂ ਉਨ੍ਹਾਂ ਦੇ ਅਸਲੇ ਜਮ੍ਹਾਂ ਕਰਵਾਉਣੇ ਅਤਿ ਜ਼ਰੂਰੀ ਹਨ ਤਾਂ ਜੋ ਕਿਸੇ ਕਿਸਮ ਦੀ ਅਣਹੋਣੀ ਘਟਨਾ ਨਾ ਵਾਪਰੇ। ਉਨ੍ਹਾਂ ਕਿਹਾ ਕਿ ਚੋਣਾਂ ਨੂੰ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ ਲੋਕ ਪੁਲਸ ਨੂੰ ਸਹਿਯੋਗ ਦੇਣ। ਕਿਸੇ ਵੀ ਸ਼ਰਾਰਤੀ ਅਨਸਰ ਨੂੰ ਸਿਰ ਚੁੱਕਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜੇਕਰ ਕੋਈ ਅਮਨ ਸ਼ਾਂਤੀ ਭੰਗ ਕਰਦਾ ਪਾਇਆ ਗਿਆ ਤਾਂ ਉਸਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਹਰ ਹਾਲਤ ਵਿਚ ਕਾਨੂੰਨ ਵਿਵਸਥਾ ਬਣਾ ਕੇ ਰੱਖੀ ਜਾਵੇਗੀ।

Shyna

This news is Content Editor Shyna