ਪੰਜਾਬ ਅੰਦਰ ਭਾਜਪਾ ਦੀ ਮਜ਼ਬੂਤੀ ਲਈ ਦਿਨ-ਰਾਤ ਕਰਾਂਗੇ ਮਿਹਨਤ : ਅਰਵਿੰਦ ਖੰਨਾ

03/22/2022 9:18:24 PM

ਸੰਗਰੂਰ (ਵਿਜੈ ਕੁਮਾਰ ਸਿੰਗਲਾ)-ਪੰਜਾਬ ਵਿਧਾਨ ਸਭਾ ਚੋਣਾਂ ਲੰਘ ਜਾਣ ਤੋਂ ਬਾਅਦ ਬੇਸ਼ੱਕ ਕਾਂਗਰਸ ਤੇ ਹੋਰ ਪਾਰਟੀਆਂ ਵੱਲੋਂ ਵਿਧਾਨ ਸਭਾ ਹਲਕਾ ਸੰਗਰੂਰ ਅੰਦਰ ਆਪਣੀਆਂ ਸਰਗਰਮੀਆਂ ਘਟਾ ਦਿੱਤੀਆਂ ਗਈਆਂ ਹਨ ਪਰ ਭਾਰਤੀ ਜਨਤਾ ਪਾਰਟੀ ਦੇ ਪ੍ਰਮੁੱਖ ਆਗੂ ਅਤੇ ਸੰਗਰੂਰ ਤੋਂ ਵਿਧਾਇਕ ਦੀ ਚੋਣ ਲੜੇ ਅਰਵਿੰਦ ਖੰਨਾ ਨੇ ਹਲਕਾ ਸੰਗਰੂਰ ਅੰਦਰ ਸਰਗਰਮੀਆਂ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਅਰਵਿੰਦ ਖੰਨਾ ਵੱਲੋਂ ਜ਼ਿਲ੍ਹਾ ਸੰਗਰੂਰ ਦੇ ਵੱਖ-ਵੱਖ ਹਲਕਿਆਂ ਵਿਚ ਵੀ ਭਾਜਪਾ ਦੇ ਆਗੂਆਂ ਵਰਕਰਾਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ ਹੈ। ਸੰਗਰੂਰ ਵਿਖੇ ਭਾਜਪਾ ਦੇ ਮਿਹਨਤੀ ਤੇ ਜੁਝਾਰੂ ਵਰਕਰਾਂ ਨਾਲ ਵਿਚਾਰਕ ਮੀਟਿੰਗ ਤੋਂ ਬਾਅਦ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਖੰਨਾ ਨੇ ਕਿਹਾ ਕਿ ਉਹ ਭਾਰਤੀ ਜਨਤਾ ਪਾਰਟੀ ਦੀ ਮਜ਼ਬੂਤੀ ਲਈ ਪਿੰਡ ਪਿੰਡ ਪੱਧਰ ’ਤੇ ਭਾਜਪਾ ਨਾਲ ਲੋਕਾਂ ਨੂੰ ਜੋੜਨ ਲਈ ਦਿਨ-ਰਾਤ ਮਿਹਨਤ ਕਰਨਗੇ।

ਖੰਨਾ ਨੇ ਕਿਹਾ ਕਿ ਹਾਲ ਹੀ ’ਚ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨੇ ਅਕਾਲੀਆਂ ਅਤੇ ਕਾਂਗਰਸੀਆਂ ਦੇ ਖ਼ਿਲਾਫ਼ ਜੋ ਗੁੱਸੇ ਦੀ ਲਹਿਰ ਸੀ, ਉਸ ਨੂੰ ਪ੍ਰਗਟ ਕਰਦੇ ਹੋਏ ਇਕਤਰਫ਼ਾ ਫ਼ੈਸਲਾ ਕੀਤਾ ਹੈ। ਖੰਨਾ ਨੇ ਕਿਹਾ ਕਿ ਉਹ ਪਾਰਟੀ ਦੀ ਮਜ਼ਬੂਤੀ ਤੇ ਵਰਕਰਾਂ ਦੀ ਹੌਸਲਾ ਅਫਜ਼ਾਈ ਲਈ ਉਨ੍ਹਾਂ ਨਾਲ ਸੰਪਰਕ ਮੁਹਿੰਮ ਲਗਾਤਾਰ ਜਾਰੀ ਰੱਖਣਗੇ। ਭਾਜਪਾ ਦੇ ਕਿਸੇ ਵੀ ਵਰਕਰ ਦੇ ਮਾਣ-ਸਨਮਾਨ ’ਚ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਸੰਗਰੂਰ ਦੀ ਤਰੱਕੀ ਲਈ ਸੰਜੀਦਗੀ ਨਾਲ ਜੁਟੇ ਹੋਏ ਹਨ।


Manoj

Content Editor

Related News