ਅੰਦੋਲਨ ਬਿਨਾਂ ਹੱਲ ਨਹੀਂ ਹੋਣਗੇ ਚੰਡੀਗੜ੍ਹ ਅਤੇ ਪਾਣੀਆਂ ਦੇ ਮਸਲੇ: ਬਲਬੀਰ ਰਾਜੇਵਾਲ

04/02/2022 6:00:28 PM

ਸਮਰਾਲਾ (ਗਰਗ): ਪੰਜਾਬ ਵਿਧਾਨ ਸਭਾ ਨੇ ਬੀਤੇ ਦਿਨ ਇਕ ਮਤਾ ਪਾਸ ਕਰ ਕੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਮੰਗ ਕੀਤੀ ਹੈ। ਇਸ ’ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਮਤਾ ਪਾਸ ਕਰਨਾ ਚੰਗੀ ਗੱਲ ਹੈ ਪਰ ਇੰਝ ਚੰਡੀਗੜ੍ਹ ਨਹੀਂ ਮਿਲੇਗਾ। ਇਸ ਲਈ ਅੰਦੋਲਨ ਕਰਨਾ ਪਵੇਗਾ।

ਇਹ ਵੀ ਪੜ੍ਹੋ :   ਪੰਜਾਬ ਦੇ ਪੁਲਸ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਬੱਚਿਆਂ ਲਈ ਨਵੇਂ ਆਦੇਸ਼ ਜਾਰੀ

ਉਨ੍ਹਾਂ ਕਿਹਾ ਕਿ ਕੇਂਦਰ ਨੇ ਡੈਮ ਸੇਫਟੀ ਐਕਟ ਪਾਸ ਕਰ ਕੇ ਬੀ. ਬੀ. ਐੱਮ. ਬੀ. ਦੇ ਰੂਲਜ਼ ਵਿਚ ਸੋਧ ਕਰ ਕੇ ਆਪਣਾ ਮਨ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਜਲਦੀ ਹੀ ਪੰਜਾਬ ਦੇ ਪਾਣੀਆਂ ’ਤੇ ਹੋਰ ਡਾਕਾ ਮਾਰਨ ਵਾਲਾ ਹੈ। ਪੰਜਾਬ ਦੇ ਲੋਕਾਂ ਨੂੰ ਪਾਣੀਆਂ ਦੀ ਲੜਾਈ ਲਈ ਤਿਆਰ ਹੋਣਾ ਪਵੇਗਾ। ਕੇਂਦਰ ਵਿਚ ਸਰਕਾਰ ਕਿਸੇ ਦੀ ਹੋਵੇ, ਉਹ ਪਾਣੀਆਂ ਦੇ ਮਸਲੇ ’ਤੇ ਪੰਜਾਬ ਅਤੇ ਹਰਿਆਣਾ ਦੀ ਲੜਾਈ ਕਰਵਾ ਕੇ ਲੋਕਾਂ ਤੋਂ ਆਪਣੀਆਂ ਨਾਕਾਮੀਆਂ ਹੀ ਨਹੀਂ ਛੁਪਾਉਂਦੀ ਸਗੋਂ ਲੋਕਾਂ ਦਾ ਬੁਨਿਆਦੀ ਮੁੱਦੇ ਤੋਂ ਧਿਆਨ ਵੀ ਹਟਾ ਦਿੰਦੀ ਹੈ। ਸਰਕਾਰ ਦੀ ਗ਼ਲਤੀ ਕਾਰਨ ਰਾਵੀ ਦਾ ਪਾਣੀ ਮੁਫ਼ਤ ਵਿਚ ਪਾਕਿਸਤਾਨ ਨੂੰ ਜਾ ਰਿਹਾ ਹੈ। ਹਰੀਕੇ ਪੱਤਣ ’ਤੇ ਮਾਰੇ ਬੰਨ੍ਹ ਦੀ ਹਾਲਤ ਬੇਹੱਦ ਖਸਤਾ ਹੈ ਅਤੇ ਉੱਥੋਂ ਵੀ ਸਤਲੁਜ ਅਤੇ ਬਿਆਸ ਦਾ ਪਾਣੀ ਮੁਫ਼ਤ ਵਿਚ ਪਾਕਿਸਤਾਨ ਨੂੰ ਜਾ ਰਿਹਾ ਹੈ। ਸਮਾਂ ਆ ਗਿਆ ਹੈ ਕਿ ਲੋਕ ਸਰਕਾਰ ਤੋਂ ਦਰਿਆਈ ਪਾਣੀਆਂ ਦਾ ਲੇਖਾ-ਜੋਖਾ ਮੰਗ ਕੇ ਪੰਜਾਬ ਅਤੇ ਹਰਿਆਣੇ ਵਿਚ ਨਵੇਂ ਸਿਰੇ ਤੋਂ 60 ਅਤੇ 40 ਦੇ ਅਨੁਪਾਤ ਅਨੁਸਾਰ ਪਾਣੀ ਦੀ ਵੰਡ ਦੀ ਮੰਗ ਕਰਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਇਸ ਮਸਲੇ ’ਤੇ ਬਹੁਤ ਗੰਭੀਰ ਹੈ ਅਤੇ ਹਾੜ੍ਹੀ ਚੁੱਕਣ ਤੋਂ ਬਾਅਦ ਇਸ ਮਸਲੇ ’ਤੇ ਅੰਦੋਲਨ ਸ਼ੁਰੂ ਕੀਤਾ ਜਾਵੇਗਾ।

ਇਹ ਵੀ ਪੜ੍ਹੋ :  ਪੰਜਾਬ ਦੇ ਨਿੱਜੀ ਸਕੂਲਾਂ ਨੂੰ ਹਾਈਕੋਰਟ ਨੇ ਦਿੱਤੀ ਵੱਡੀ ਰਾਹਤ

ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਹੁਕਮ ਵਜਾਉਂਦੇ ਹੋਏ ਪੰਜਾਬ ਸਰਕਾਰ ਲੋਕਾਂ ਦੇ ਘਰਾਂ ਦੇ ਬਿਜਲੀ ਮੀਟਰ ਬਦਲ ਕੇ ਚਿੱਪ ਵਾਲੇ ਮੀਟਰ ਲਾਉਣ ਦੀ ਕੋਸ਼ਿਸ਼ ਵਿਚ ਹੈ। ਉਨ੍ਹਾਂ ਕਿਹਾ ਕਿ ਅੱਜ ਜਦੋਂ ਆਮ ਆਦਮੀ ਨੂੰ ਆਪਣੇ ਜੀਵਨ ਦਾ ਨਿਰਬਾਹ ਕਰਨਾ ਔਖਾ ਹੋਇਆ ਪਿਆ ਹੈ ਤਾਂ ਕਿਸੇ ਕੋਲ ਬਿਜਲੀ ਦੇ ਐਡਵਾਂਸ ਪੈਸੇ ਦੇਣ ਦੀ ਸਮਰੱਥਾ ਨਹੀਂ। ਰਾਜੇਵਾਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਲਾਹ ਦਿੱਤੀ ਕਿ ਜੇਕਰ ਉਨ੍ਹਾਂ ਨੇ ਇਹ ਮੀਟਰ ਲਾ ਕੇ ਕੇਂਦਰ ਸਰਕਾਰ ਨੂੰ ਖ਼ੁਸ਼ ਕਰਨਾ ਹੀ ਹੈ ਤਾਂ ਉਹ ਹਰ ਸਰਕਾਰੀ ਵਿਭਾਗ ਦੇ ਹਰ ਦਫ਼ਤਰ ਦਾ ਮੀਟਰ ਬਦਲ ਕੇ ਇਹ ਕੋਟਾ ਪੂਰਾ ਕਰ ਦੇਵੇ ਅਤੇ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਬੰਦ ਕਰੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਬਿਜਲੀ ਬੋਰਡ ਇਹ ਮੀਟਰ ਲੋਕਾਂ ਦੇ ਘਰਾਂ ਵਿਚ ਜਾ ਕੇ ਬਦਲੀ ਕਰਨ ਤੋਂ ਨਾ ਹਟਿਆ ਤਾਂ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਵਲੋਂ ਇਸ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ।

ਨੋਟ: ਬਲਬੀਰ ਰਾਜੇਵਾਲ ਦੇ ਇਸ ਬਿਆਨ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਆਪਣੀ ਰਾਏ


Harnek Seechewal

Content Editor

Related News