ਚਾਰ ਦਿਨਾਂ ਤੋਂ ਨਹੀਂ ਦਿੱਤੀ ਜਾ ਰਹੀ ਪਾਣੀ ਦੀ ਸਪਲਾਈ

01/19/2017 11:54:27 AM

ਸੰਗਤ ਮੰਡੀ (ਮਨਜੀਤ) - ਪਿੰਡ ਨਰੂਆਣਾ ਵਿਖੇ ਤਿੰਨ ਪਿੰਡਾਂ ਦੇ ਬਣੇ ਵਾਟਰ ਵਰਕਸ ਤੋਂ ਪਾਣੀ ਦੀ ਸਹੀ ਸਪਲਾਈ ਨਾ ਹੋਣ ਕਾਰਨ ਸਰਦੀ ''ਚ ਲੋਕਾਂ ਨੂੰ ''ਪਿਆਸਾ'' ਕੀਤਾ ਹੋਇਆ ਹੈ। ਇਸ ਵਾਟਰ ਵਰਕਸ ਤੋਂ ਚਾਰ ਦਿਨਾਂ ਤੋਂ ਘਰਾਂ ਨੂੰ ਪਾਣੀ ਦੀ ਸਪਲਾਈ ਨਹੀਂ ਦਿੱਤੀ ਜਾ ਰਹੀ ਹੈ, ਜਿਸ ਕਾਰਨ ਲੋਕ ਤਾਂ ਔਖੇ ਹੋ ਹੀ ਰਹੇ ਹਨ ਪਰ ਅਧਿਕਾਰੀਆਂ ਦੀ ਇਸ ਪ੍ਰਤੀ ਇੰਨੀ ਲਾਪ੍ਰਵਾਹੀ ਹੈ ਕਿ ਉਹ ਇਸ ਪਾਸੇ ਧਿਆਨ ਨਹੀਂ ਦੇ ਰਹੇ। ਹੁਣ ਪਿੰਡ ਨਰੂਆਣਾ ਦੇ ਲੋਕ ਪਾਣੀ ਨਾ ਆਉਣ ਦੀ ਸਮੱਸਿਆ ਨੂੰ ਲੈ ਕੇ ਸੰਘਰਸ਼ ਦੇ ਰੋਹ ''ਚ ਹਨ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਨਰੂਆਣਾ ਵਿਖੇ ਵਾਟਰ ਵਰਕਸ ਤੋਂ ਇਸ ਪਿੰਡ ਸਮੇਤ ਬੀੜ ਬਸਤੀਆਂ ਨੂੰ ਵੀ ਪਾਣੀ ਦੀ ਸਪਲਾਈ ਨਹੀਂ ਕੀਤੀ ਜਾ ਰਹੀ ਹੈ। ਵਿਭਾਗ ਦੇ ਅਧਿਕਾਰੀਆਂ ਵਲੋਂ ਚੌਥੇ ਦਿਨ ਪਿੰਡ ''ਚ ਪਾਣੀ ਦੀ ਸਪਲਾਈ ਦਿੱਤੀ ਜਾਂਦੀ ਹੈ ਪਰ ਘਰਾਂ ਦਾ ਪਾਣੀ ਦੂਸਰੇ ਦਿਨ ਹੀ ਖ਼ਤਮ ਹੋ ਜਾਂਦਾ ਹੈ। ਪਿੰਡ ''ਚ ਬਹੁਤੇ ਘਰ ਅਜਿਹੇ ਵੀ ਹਨ ਜਿਨ੍ਹਾਂ ਨੇ ਧਰਤੀ ਹੇਠਲਾ ਪਾਣੀ ਖ਼ਰਾਬ ਹੋਣ ਦੀ ਸੂਰਤ ''ਚ ਕੋਈ ਬੋਰ ਨਹੀਂ ਕਰਵਾਇਆ, ਉਹ ਸਿਰਫ਼ ਨਹਿਰੀ ਪਾਣੀ ''ਤੇ ਹੀ ਨਿਰਭਰ ਹਨ ਪਰ ਟੂਟੀਆਂ ''ਚ ਚਾਰ ਦਿਨਾਂ ਤੋਂ ਪਾਣੀ ਦੇ ਦਰਸ਼ਨ ਨਾ ਹੋਣ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਹਿਰੀ ਪਾਣੀ ਦੀ ਕਮੀ ਦੇ ਕਾਰਨ ਪਸ਼ੂ ਵੀ ਧਰਤੀ ਹੇਠਲਾ ਪਾਣੀ ਨਹੀਂ ਪੀ ਰਹੇ, ਜਿਸ ਕਾਰਨ ਦੁਧਾਰੂ ਪਸ਼ੂਆਂ ਦੇ ਦੁੱਧ ''ਚ ਵੀ ਕਮੀ ਆ ਰਹੀ ਹੈ। ਪਿੰਡ ਵਾਸੀਆਂ ਦਾ ਮੰਨਣਾ ਹੈ ਕਿ ਜੇਕਰ ਸਿਆਲ ''ਚ ਪਾਣੀ ਦਾ ਇਹ ਹਾਲ ਹੈ ਤਾਂ ਗਰਮੀਆਂ ''ਚ ਤਾਂ ਫਿਰ ਰੱਬ ਹੀ ਰਾਖਾ ਹੈ। ਲੋਕਾਂ ਵਲੋਂ ਸੰਬੰਧਿਤ ਵਿਭਾਗ ਤੋਂ ਮੰਗ ਕੀਤੀ ਗਈ ਹੈ ਕਿ ਉਨ੍ਹਾਂ ਨੂੰ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇ। 

ਕੀ ਕਹਿੰਦੇ ਵਿਭਾਗ ਦੇ ਕਰਮਚਾਰੀ
ਜਦ ਪਾਣੀ ਦੀ ਸਪਲਾਈ ਚਾਰ ਦਿਨਾਂ ਤੋਂ ਕਰਨ ਬਾਰੇ ਵਾਟਰ ਵਰਕਸ ਦੇ ਮੁਲਾਜ਼ਮ ਚਰਨਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਸਿਸਟਮ ''ਚ ਕੋਈ ਨੁਕਸ ਹੋਣ ਦੀ ਗੱਲ ਕਰਦਿਆਂ ਕਿਹਾ ਕਿ ਨੁਕਸ ਤਾਂ ਹੈ ਪਰ ਪਤਾ ਨਹੀਂ ਲੱਗ ਰਿਹਾ ਕਿ ਨੁਕਸ ਆਖਰਕਾਰ ਕਿੱਥੇ ਹੈ। ਉਹ ਇਕ ਹਫ਼ਤੇ ਤੋਂ ਨੁਕਸ ਭਾਲ ਰਹੇ ਹਨ, ਉਨ੍ਹਾਂ ਨੂੰ ਮਿਲ ਨਹੀਂ ਰਿਹਾ।   ਜਦ ਇਸ ਸਬੰਧੀ ਵਿਭਾਗ ਦੇ ਐਕਸੀਅਨ ਜਸਵਿੰਦਰ ਸਿੰਘ ਨਾਲ ਮੋਬਾਇਲ ''ਤੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।