ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਘਟਿਆ, ਐੱਨ. ਡੀ. ਆਰ. ਐੱਫ. ਵੱਲੋਂ ਰੈਸਕਿਊ ਜਾਰੀ

08/21/2019 2:39:31 AM

ਧਰਮਕੋਟ, (ਸਤੀਸ਼)- ਹਲਕੇ ’ਚੋਂ ਲੰਗਦੇ ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਥੋਡ਼੍ਹਾ ਘੱਟ ਹੋਇਆ ਹੈ ਪਰ ਪਾਣੀ ਦਾ ਵਹਾਅ ਤੇਜ਼ ਹੈ। ਐੱਸ.ਡੀ.ਐੱਮ. ਨਰਿੰਦਰ ਸਿੰਘ ਧਾਲੀਵਾਲ ਧਰਮਕੋਟ ਦੀ ਅਗਵਾਈ ’ਚ ਸਮੁੱਚਾ ਪ੍ਰਸ਼ਾਸਨ ਧੁੱਸੀ ਬੰਨ੍ਹ ਦੀ ਸਲਾਮਤੀ ਲਈ ਲਗਾਤਾਰ ਚੌਕਸ ਹੈ, ਉਥੇ ਹੀ ਐੱਸ. ਡੀ. ਐੱਮ. ਡਾ. ਨਰਿੰਦਰ ਸਿੰਘ ਧਾਲੀਵਾਲ ਅਤੇ ਪਵਨ ਕੁਮਾਰ ਗੁਲਾਟੀ ਤਹਿਸੀਲਦਾਰ ਧਰਮਕੋਟ ਨੇ ਦੱਸਿਆ ਕਿ ਦਰਿਆ ’ਚ ਪਾਣੀ ਦਾ ਪੱਧਰ ਥੋਡ਼੍ਹਾ ਘੱਟ ਹੋਇਆ ਹੈ। ਖਤਰੇ ਵਾਲੀ ਕੋਈ ਗੱਲ ਨਹੀਂ, ਪ੍ਰਸ਼ਾਸਨ ਵੱਲੋਂ ਸਥਿਤੀ ਕੰਟਰੋਲ ਹੇਠ ਹੈ। ਐੱਨ. ਡੀ. ਆਰ. ਐੱਫ. ਦੀਆਂ ਟੀਮਾਂ ਵੱਲੋਂ ਜਿਥੇ ਬੀਤੇ ਦਿਨੀਂ 350 ਵਿਅਕਤੀਆਂ ਨੂੰ ਸੁਰੱਖਿਅਤ ਸਥਾਨ ’ਤੇ ਪਹੁੰਚਾਇਆ ਗਿਆ ਸੀ, ਉਥੇ ਹੀ ਅੱਜ 200 ਦੇ ਲਕਾਂ ਦਾ ਰੈਸਕਿਊ ਕੀਤਾ ਗਿਆ ਅਤੇ ਬਚਾਅ ਕਾਰਜ ਜਾਰੀ ਹਨ। ਪ੍ਰਸ਼ਾਸਨ ਵੱਲੋਂ ਰਿਲੀਫ ਕੈਂਪਾਂ ਰਾਹੀਂ ਹਡ਼੍ਹ ਪੀਡ਼ਤਾਂ ਨੂੰ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ। ਵੈਟਰਨਰੀ ਵਿਭਾਗ ਦੀਆਂ ਟੀਮਾਂ ਵੱਲੋਂ ਪਸ਼ੂਆਂ ਲਈ ਹਰਾ ਚਾਰਾ ਅਤੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ, ਸਮਾਜ ਸੇਵੀ ਸੰਸਥਾਵਾਂ ਧਾਰਮਕ ਅਸਥਾਨਾਂ ਤੋਂ ਹਡ਼੍ਹ ਪੀਡ਼ਤਾਂ ਲਈ ਲੰਗਰ ਪਹੁੰਚ ਰਹੀਆਂ ਹਨ, ਪ੍ਰਸ਼ਾਸਨ ਵੱਲੋਂ ਵੀ ਰਿਲੀਫ ਕੈਂਪਾਂ ’ਚ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਵੱਖ-ਵੱਖ ਥਾਵਾਂ ’ਤੇ ਮੈਡੀਕਲ ਕੈਂਪਾਂ ਰਾਹੀਂ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਪ੍ਰਭਾਵਤ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ, ਉਥੇ ਹੀ ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਧੁੱਸੀ ਬੰਨ੍ਹ ’ਤੇ ਆਪਣੀਆਂ ਗੱਡੀਆਂ ਜਾਂ ਟੂ ਵ੍ਹੀਲਰ ਨਾ ਲਿਆਉਣ, ਇਸ ਨਾਲ ਚੱਲ ਰਹੇ ਰਿਲੀਫ ਕੰਮਾਂ ਵਿਚ ਟੀਮਾਂ ਨੂੰ ਮੁਸ਼ਕਲ ਪੇਸ਼ ਆਉਂਦੀ ਹੈ।

ਬਰਸਾਤੀ ਨਾਲੇ ਦਾ ਬੰਨ੍ਹ ਟੁੱਟਿਆ

ਬੀਤੀ ਰਾਤ ਪਿੰਡ ਸ਼ੇਰੇਵਾਲਾ ਅਤੇ ਬੱਗੇ ਵਿਚਕਾਰੋਂ ਲੰਘਦੇ ਬਰਸਾਤੀ ਨਾਲੇ ਦਾ ਬੰਨ੍ਹ ਟੁੱਟਣ ਕਾਰਣ ਕੰਨੀਆਂ ਖਾਸ, ਸ਼ੇਰੇ ਵਾਲਾ ਅਤੇ ਬੱਗੇ ਦੇ ਕਿਸਾਨਾਂ ਦੀਆਂ ਜ਼ਮੀਨਾਂ ਵਿਚ ਪਾਣੀ ਚਲਾ ਗਿਆ ਅਤੇ ਪਿੰਡਾਂ ਦੀਆਂ ਸਡ਼ਕਾਂ ਵੀ ਪਾਣੀ ਨਾਲ ਭਰ ਗਈਆਂ। ਸੇਮ ਨਾਲਾ ਸਿੱਖ ਸਾਰ ਨਹਿਰ ’ਚੋਂ ਦੀ ਨਿਕਲਦਾ ਹੈ, ਜਿਸ ’ਚ ਉਕਤ ਨਹਿਰ ਦਾ ਪਾਣੀ ਆਉਂਦਾ ਹੈ। ਉਕਤ ਸੇਮ ਨਾਲੇ ਦੇ ਬੰਨ੍ਹ ਨੂੰ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸਹਾਇਤਾ ਨਾਲ ਪੂਰ ਦਿੱਤਾ ਗਿਆ ਹੈ।

Bharat Thapa

This news is Content Editor Bharat Thapa