ਲਛਮਣ ਨਹਿਰ 'ਚ ਪਾਣੀ ਜਿਆਦਾ ਛੱਡਣ ਕਾਰਨ ਪਿਆ 20 ਫੁੱਟ ਚੌੜਾ ਪਾੜ (ਵੀਡੀਓ)

08/16/2018 5:11:59 PM

ਮਮਦੋਟ (ਜਸਵੰਤ, ਸ਼ਰਮਾ) - ਬੀਤੇ ਦਿਨ ਪਏ ਭਾਰੀ ਮੀਂਹ ਤੋਂ ਬਾਅਦ ਲਛਮਣ ਨਹਿਰ 'ਚ ਜ਼ਿਆਦਾ ਪਾਣੀ ਆਉਣ ਕਾਰਨ ਅੱਜ ਤੜਕੇ ਕਰੀਬ 4 ਵਜੇ ਪਿੰਡ ਹਜਾਰਾ ਸਿੰਘ ਵਾਲਾ ਦੇ ਨੇੜੇ ਦੀ ਨਹਿਰ 'ਚ 20 ਫੁੱਟ ਚੌੜਾ ਪਾੜ ਪੈ ਗਿਆ, ਜਿਸ ਕਾਰਨ ਨਹਿਰ ਦਾ ਪਾਣੀ ਤੇਜ਼ੀ ਨਾਲ ਖੇਤਾਂ ਵੱਲ ਜਾ ਰਿਹਾ ਸੀ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਗੀਰ ਸਿੰਘ ਸਰਪੰਚ ਹਜਾਰਾ ਸਿੰਘ ਵਾਲਾ, ਗੁਰਮੇਜ ਸਿੰਘ, ਬੋਹੜ ਸਿੰਘ, ਦੇਸਾ ਸਿੰਘ  ਨੇ ਦੱਸਿਆ ਕਿ ਬੀਤੇ ਦਿਨ ਪਏ ਮੀਂਹ ਕਾਰਨ ਕਿਸਾਨਾਂ ਨੇ ਮੋਘੇ ਬੰਦ ਕੀਤੇ ਹੋਏ ਸਨ, ਜਿਸ ਸਦਕਾ ਮਹਿਕਮੇ ਵਲੋਂ ਜ਼ਿਆਦਾ ਪਾਣੀ ਛੱਡਣ ਕਾਰਨ ਨਹਿਰ 'ਚ ਪਾੜ ਪੈ ਗਿਆ।
ਕਿਸਾਨਾਂ ਨੇ ਦੱਸਿਆ ਕਿ ਇਸ ਪਾੜ ਦਾ ਪਤਾ ਉਸ ਸਮੇਂ ਲੱਗਾ ਜਦ ਉਹ ਸਵੇਰੇ ਆਪਣੇ ਖੇਤ 'ਚ ਗੇੜਾ ਮਾਰਨ ਗਏ ਸਨ। ਕਿਸਾਨਾਂ ਨੇ ਦੱਸਿਆ ਕਿ ਝੋਨੇ ਦੀ ਫਸਲਾਂ ਦਾ ਨੁਕਸਾਨ ਤਾਂ ਨਹੀਂ ਹੋਇਆ ਪਰ ਪਸ਼ੂਆਂ ਵਾਸਤੇ ਰੱਖੀ ਗਈ ਤੂੜੀ ਦੇ ਕੁੱਪ ਅਤੇ ਨਾਲ ਲੱਗਦੇ ਘਰ ਪਾਣੀ ਦੀ ਲਪੇਟ 'ਚ ਆ ਗਏ ਹਨ । ਕਿਸਾਨਾਂ ਨੇ ਨਹਿਰੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਮੌਸਮ ਨੂੰ ਵੇਖਦਿਆ ਨਹਿਰ 'ਚ ਪਾਣੀ ਦੀ ਮਾਤਰਾ ਘਟਾ ਦੇਣੀ ਚਾਹੀਦੀ ਹੈ ਤਾਂ ਕਿ ਕਿਸਾਨਾਂ ਦਾ ਨੁਕਸਾਨ ਨਾ ਹੋ ਸਕੇ।