ਪਿੰਡ ਡਾਲਾ ''ਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ

04/15/2018 11:15:10 AM

ਮੋਗਾ (ਸੰਦੀਪ) - ਪਿੰਡ ਡਾਲਾ 'ਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਿੰਡ ਵਾਸੀਆਂ ਦੇ ਨਾਲ-ਨਾਲ ਸਰਕਾਰੀ ਸਕੂਲ ਦੇ ਬੱਚਿਆਂ ਅਤੇ ਸਿਹਤ ਵਿਭਾਗ ਦੇ ਸਬ-ਸੈਂਟਰ ਦੇ ਕਰਮਚਾਰੀਆਂ ਦੇ ਸਿਰ 'ਤੇ ਭਿਆਨਕ ਬੀਮਾਰੀਆਂ ਦਾ ਖਤਰਾ ਮੰਡਰਾਅ ਰਿਹਾ ਹੈ। ਪਿੰਡ ਵਾਸੀਆਂ ਨੂੰ ਡਿਸਪੈਂਸਰੀ 'ਚ ਜਾਣ ਲਈ ਖੜ੍ਹੇ ਪਾਣੀ ਕਾਰਨ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। 
ਸਕੂਲ ਦੇ ਬੱਚਿਆਂ ਨੂੰ ਸੜਕ 'ਤੇ ਖੜ੍ਹੇ ਗੰਦੇ ਪਾਣੀ ਕਾਰਨ ਮੁਸ਼ਕਲ ਨਾਲ ਲੰਘਣਾ ਪੈਂਦਾ ਹੈ। 24 ਘੰਟੇ ਇਸ ਗੰਦੇ ਪਾਣੀ 'ਤੇ ਮੱਛਰ ਮੰਡਰਾਉਂਦਾ ਰਹਿੰਦਾ ਹੈ, ਜਿਸ ਕਾਰਨ ਇਸ ਦੇ ਆਸ-ਪਾਸ ਰਹਿੰਦੇ ਲੋਕਾਂ ਦੇ ਇਲਾਵਾ ਸਕੂਲ ਦੇ ਬੱਚੇ ਡੇਂਗੂ ਤੇ ਮਲੇਰੀਆ ਵਰਗੀ ਭਿਆਨਕ ਬੀਮਾਰੀ ਦਾ ਸ਼ਿਕਾਰ ਹੋ ਸਕਦੇ ਹਨ। ਲੋਕਾਂ ਨੂੰ ਆਪਣੇ ਆਲੇ-ਦੁਆਲੇ ਦੀ ਸਫਾਈ ਕਰਨ ਦੀ ਅਪੀਲ ਕਰਨ ਵਾਲੇ ਸਿਹਤ ਕਰਮਚਾਰੀ ਸੈਂਟਰ 'ਚ ਤਾਇਨਾਤ ਫਾਰਮਾਸਿਸਟ ਵਿਜੇ ਕੁਮਾਰ, ਜਸਪਾਲ ਕੌਰ ਅਤੇ ਕੁਲਬੀਰ ਸਿੰਘ ਢਿੱਲੋਂ ਨੇ ਕਿਹਾ ਕਿ ਇਸ ਸਮੱਸਿਆ ਨੂੰ ਦੇਖਦੇ ਹੋਏ ਉਨ੍ਹਾਂ ਵੱਲੋਂ ਇਸ ਸਬੰਧੀ ਸਿਹਤ ਵਿਭਾਗ ਅਤੇ ਪੰਚਾਇਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਵੀ ਇਸ ਸਮੱਸਿਆ ਤੋਂ ਨਿਜਾਤ ਦਿਵਾਉਣ ਦੀ ਅਪੀਲ ਕੀਤੀ ਪਰ ਇਸ ਦਾ ਹੱਲ ਕੋਈ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਉਹ ਲੋਕਾਂ ਨੂੰ ਸਮੇਂ-ਸਮੇਂ 'ਤੇ ਸਾਫ-ਸਫਾਈ ਰੱਖਣ ਦੀ ਅਪੀਲ ਕਰਦੇ ਹਨ ਪਰ ਉਹ ਖੁਦ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। 
ਪਿੰਡ ਵਾਸੀਆਂ ਗੁਰਦਿਆਲ ਸਿੰਘ, ਮਹਿੰਦਰ ਸਿੰਘ, ਹਰਦੇਵ ਸਿੰਘ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਪੇਸ਼ ਆ ਰਹੀ ਸਮੱਸਿਆ ਤੋਂ ਨਿਜਾਤ ਦਿਵਾਈ ਜਾਵੇ। ਸਕੂਲ ਡਾਲਾ 'ਚ ਤਾਇਨਾਤ ਕਾਰਜਕਾਰੀ ਹੈੱਡ ਟੀਚਰ ਗੁਰਵਿੰਦਰ ਕੌਰ, ਸਵਰਨਜੀਤ ਕੌਰ ਅਤੇ ਜੁਗਰਾਜ ਨੇ ਦੱਸਿਆ ਕਿ ਬੇਸ਼ੱਕ ਉਨ੍ਹਾਂ ਵੱਲੋਂ ਸਕੂਲ 'ਚ ਪੜ੍ਹਨ ਆਉਣ ਵਾਲੇ ਬੱਚਿਆਂ ਨੂੰ ਸਾਵਧਾਨੀ ਨਾਲ ਸਕੂਲ 'ਚ ਆਉਣ ਦੀਆਂ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ ਪਰ ਫਿਰ ਵੀ ਛੋਟੇ ਬੱਚਿਆਂ ਨੂੰ ਜਿਥੇ ਇਸ ਜਮ੍ਹਾ ਹੋਏ ਪਾਣੀ ਕਾਰਨ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਥੇ ਹੀ ਗੰਭੀਰ ਬੀਮਾਰੀਆਂ ਫੈਲਣ ਦਾ ਖਤਰਾ ਹੈ।

ਸਮੱਸਿਆ ਨੂੰ ਹੱਲ ਕਰਨ ਦੀ ਜ਼ਿੰਮੇਵਾਰੀ ਸੜਕ ਨਿਰਮਾਣ ਕੰਪਨੀ ਦੀ ਹੈ : ਸਰਪੰਚ
ਇਸ ਸਬੰਧੀ ਜਦੋਂ ਪਿੰਡ ਡਾਲਾ ਦੀ ਸਰਪੰਚ ਨਰਿੰਦਰ ਕੌਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਪਿੰਡ 'ਚ ਸੜਕ ਨਿਰਮਾਣ ਕੰਪਨੀ ਵੱਲੋਂ ਸੜਕ ਚੌੜੀ ਕੀਤੀ ਜਾ ਰਹੀ ਹੈ। ਇਸ ਪਾਣੀ ਦੀ ਸੁਚਾਰੂ ਢੰਗ ਨਾਲ ਨਿਕਾਸੀ ਲਈ ਸੀਵਰੇਜ ਪਾਈਪ ਤਾਂ ਕਾਫੀ ਸਮੇਂ ਤੋਂ ਇਥੇ ਰਖਵਾ ਦਿੱਤੇ ਗਏ ਸਨ ਪਰ ਇਨ੍ਹਾਂ ਪਾਈਪਾਂ ਨੂੰ ਪਵਾਉਣ ਦੀ ਜ਼ਿੰਮੇਵਾਰੀ ਸੜਕ ਨਿਰਮਾਣ ਕਰਵਾਉਣ ਵਾਲੀ ਕੰਪਨੀ ਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਵੱਲੋਂ ਪਿੰਡ ਦੇ ਹੈਲਥ ਸੈਂਟਰ ਤੇ ਹੋਰ ਜਨਤਕ ਥਾਵਾਂ 'ਤੇ ਪਿੰਡ ਵਾਸੀਆਂ ਦੀ ਸੁਵਿਧਾ ਲਈ ਬਹੁਤ ਕੰਮ ਪਹਿਲ ਦੇ ਆਧਾਰ 'ਤੇ ਕੀਤੇ।