ਵੇਅਰ ਹਾਊਸ ਦਾ ਕਰਮਚਾਰੀ ਦੱਸ ਕੇ ਮੰਡੀ ’ਚ ਕਣਕ ਦੀ ਚੈਕਿੰਗ ਕਰਨ ਵਾਲਾ ਕਾਬੂ

04/15/2022 10:28:05 AM

ਮੋਰਿੰਡਾ (ਅਰਨੌਲੀ) : ਦਾਣਾ ਮੰਡੀ ਮੋਰਿੰਡਾ ਵਿਖੇ ਉਸ ਸਮੇਂ ਮਾਹੌਲ ਗਰਮਾ ਗਿਆ, ਜਦੋਂ ਖੁਦ ਨੂੰ ਵੇਅਰ ਹਾਊਸ ਦਾ ਕਰਮਚਾਰੀ ਦੱਸ ਕੇ ਫੜ੍ਹਾਂ ਵਿਚ ਕਣਕ ਦੀ ਚੈਕਿੰਗ ਕਰ ਕੇ ਬੋਲੀ ਲਾਉਣ ਵਾਲੇ ਵਿਅਕਤੀ ਨੂੰ ਆੜ੍ਹਤੀਆਂ ਅਤੇ ਕਿਸਾਨਾਂ ਨੇ ਕਾਬੂ ਕਰ ਲਿਆ। ਆੜ੍ਹਤੀ ਜਰਨੈਲ ਸਿੰਘ ਐਡਵੋਕੇਟ ਸੱਖੋ ਮਾਜਰਾ ਨੇ ਦੱਸਿਆ ਕਿ 5 ਦਿਨਾਂ ਤੋਂ ਇਕ ਵਿਅਕਤੀ, ਜੋ ਖੁਦ ਨੂੰ ਵੇਅਰ ਹਾਊਸ ਦਾ ਕਰਮਚਾਰੀ ਦੱਸਦਾ ਸੀ, ਆੜ੍ਹਤੀਆਂ ਨੂੰ ਕਣਕ ਦੀ ਚੈਕਿੰਗ ਦੇ ਬਹਾਨੇ ਤੰਗ-ਪ੍ਰੇਸ਼ਾਨ ਕਰ ਰਿਹਾ ਸੀ, ਜਿਸ ਦੀ ਸ਼ਿਕਾਇਤ ਸਬੰਧਤ ਵਿਭਾਗ ਵੇਅਰ ਹਾਊਸ ਦੇ ਅਧਿਕਾਰੀਆ ਨੂੰ ਦਿੱਤੀ ਗਈ ਪਰ ਇਹ ਵਿਅਕਤੀ ਲਗਾਤਾਰ ਮੰਡੀ ਵਿਚ ਆ ਕੇ ਆੜ੍ਹਤੀਆਂ ਨੂੰ ਪ੍ਰੇਸ਼ਾਨ ਕਰਦਾ ਰਿਹਾ।

ਇਹ ਵੀ ਪੜ੍ਹੋ : ਸ਼ਰਾਬ ਛੁਡਵਾਉਣ ਆਏ ਮਰੀਜ਼ ਦੀ ਹੋਈ ਮੌਤ, ਪਰਿਵਾਰ ਨੇ ਡਾਕਟਰਾਂ ’ਤੇ ਲਗਾਏ ਗਲਤ ਦਵਾਈ ਦੇਣ ਦੇ ਦੋਸ਼

ਅੱਜ ਜਦੋਂ 4 ਵਜੇ ਇਹ ਵਿਅਕਤੀ ਸਾਡੇ ਫੜ੍ਹ ’ਤੇ ਆਇਆ ਤਾਂ ਅਸੀਂ ਉਸ ਤੋਂ ਵਿਭਾਗ ਵਲੋਂ ਜਾਰੀ ਸ਼ਨਾਖਤੀ ਕਾਰਡ ਅਤੇ ਵੇਅਰ ਹਾਊਸ ਵਿਚ ਉਸ ਦੇ ਅਹੁਦੇ ਸਬੰਧੀ ਪੁੱਛਿਆ ਤਾਂ ਉਹ ਕੋਈ ਵੀ ਸਪੱਸ਼ਟੀਕਰਨ ਨਹੀਂ ਦੇ ਸਕਿਆ ਅਤੇ ਪੁੱਛਣ ’ਤੇ ਉਸ ਨੇ ਦੱਸਿਆ ਕਿ ਉਸ ਨੂੰ ਮੈਨੇਜਰ ਵੇਅਰ ਹਾਊਸ ਮੋਰਿੰਡਾ ਨੇ ਮੰਡੀ ਵਿਚ ਕਣਕ ਖਰੀਦਣ ਲਈ ਪ੍ਰਾਈਵੇਟ ਤੌਰ ’ਤੇ ਰੱਖਿਆ ਹੋਇਆ ਹੈ।ਇਸੇ ਦੌਰਾਨ ਮੌਕੇ ’ਤੇ ਪਹੁੰਚੇ ਵੇਅਰ ਹਾਊਸ ਮੋਰਿੰਡਾ ਦੇ ਮੈਨੇਜਰ ਹਰਦੀਪ ਸਿੰਘ ਗਿੱਲ ਨੂੰ ਇਸ ਵਿਅਕਤੀ ਸਬੰਧੀ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਵਿਅਕਤੀ ਨੂੰ ਨਹੀਂ ਜਾਣਦੇ। ਜਦੋਂ ਉਨ੍ਹਾਂ ਨੂੰ ਪ੍ਰਾਈਵੇਟ ਵਿਅਕਤੀ ਕੋਲ ਫਸਲ ਦੀ ਨਮੀ ਚੈੱਕ ਕਰਨ ਵਾਲੀ ਮਸ਼ੀਨ ਅਤੇ ਵਿਭਾਗ ਦੇ ਬੋਲੀ ਵਾਲੇ ਰਜਿਸਟਰ ਸਬੰਧੀ ਪੁੱਛਿਆ ਤਾਂ ਉਹ ਗੱਲ ਗੋਲਮੋਲ ਕਰ ਕੇ ਉੱਥੋਂ ਚਲੇ ਗਏ।

ਇਹ ਵੀ ਪੜ੍ਹੋ : ਮਤਰੇਈ ਮਾਂ ਦਾ 9 ਸਾਲਾ ਧੀ 'ਤੇ ਅਣਮਨੁੱਖੀ ਤਸ਼ੱਦਦ, ਕਰਤੂਤ ਜਾਣ ਕੰਬ ਜਾਵੇਗੀ ਰੂਹ

ਇਸ ਸਬੰਧੀ ਵੇਅਰ ਹਾਊਸ ਦੇ ਜ਼ਿਲ੍ਹਾ ਮੈਨੇਜਰ ਕੇਵਲ ਕ੍ਰਿਸ਼ਨ ਨਾਲ ਫੋਨ ’ਤੇ ਸੰਪਰਕ ਕਰਨਾ ਚਾਹਿਆ ਪਰ ਸੰਪਰਕ ਨਹੀਂ ਹੋ ਸਕਿਆ। ਇਸ ਮੌਕੇ ਆੜ੍ਹਤੀ ਮਨਦੀਪ ਸਿੰਘ ਰੌਣੀ, ਗੁਰਪ੍ਰੀਤ ਸਿੰਘ ਗੋਪਾਲਪੁਰ, ਗੁਰਮੇਲ ਸਿੰਘ ਰੰਗੀ, ਕੁਲਵਿੰਦਰ ਸਿੰਘ ਰਾਜੂ, ਸੁਰਿੰਦਰ ਸੂਦ, ਕਿਸਾਨ ਸਰੂਪ ਸਿੰਘ ਗੋਪਾਲੋਂ, ਕਰਨੈਲ ਸਿੰਘ ਡੂਮਛੇੜੀ ਅਤੇ ਬਲਵਿੰਦਰ ਸਿੰਘ ਖੰਟ ਆਦਿ ਹਾਜ਼ਰ ਸਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Anuradha

Content Editor

Related News