ਟ੍ਰੈਫਿਕ ਨਿਯਮ ਤੇ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨਾਲ ਮਹਿਲਾ ਅਧਿਕਾਰੀ ਸਖਤ

07/26/2020 2:02:50 AM

ਬੁਢਲਾਡਾ,(ਮਨਜੀਤ) : ਟ੍ਰੈਫਿਕ ਨਿਯਮਾਂ ’ਚ ਲਾਪਰਵਾਹੀ ਵਰਤਣ ਵਾਲਿਆਂ ਨਾਲ ਬੁਢਲਾਡਾ ਦੀ ਮਹਿਲਾ ਪੁਲਸ ਸਖ਼ਤੀ ਨਾਲ ਪੇਸ਼ ਆ ਰਹੀ ਹੈ। ਉਨ੍ਹਾਂ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਭਾਵੇਂ ਉਹ ਕੋਈ ਵੀ ਹੈ, ਸਖਤੀ ਨਾਲ ਟ੍ਰੈਫਿਕ ਦਾ ਪਾਠ ਪੜ੍ਹਾਇਆ ਜਾ ਰਿਹਾ ਹੈ। ਪਹਿਲਾਂ ਚੇਤਾਵਨੀ ਉਸ ਤੋਂ ਬਾਅਦ ਚਲਾਨ ਕੱਟ ਦਿੱਤਾ ਜਾਂਦਾ ਹੈ। ਬੁਢਲਾਡਾ-ਬਰੇਟਾ ਹਾਈਵੇ ਰੋਡ ਤੇ ਇੱਕ ਨਾਕੇ ਦੌਰਾਨ ਐੱਸ. ਆਈ. ਪਰਵਿੰਦਰ ਕੌਰ ਦੀ ਟੀਮ ਨੇ ਆਉਣ-ਜਾਣ ਵਾਲੇ ਵਹੀਕਲਾਂ ਦੇ ਕਾਗਜ਼ ਚੈੱਕ ਕੀਤੇ ਅਤੇ ਮਾਸਕ ਨਾ ਪਾਉਂਣ ਵਾਲਿਆਂ ਦੇ ਚਲਾਨ ਵੀ ਕੱਟੇ।

ਪਰਵਿੰਦਰ ਕੌਰ ਨੇ ਕਿਹਾ ਕਿ ਟ੍ਰੈਫਿਕ ਨਿਯਮਾਂ ਅਤੇ ਕੋਰੋਨਾ ਦੀ ਉਲੰਘਣਾ ਦੋਨੋ ਹੀ ਜ਼ਿੰਦਗੀ ਲਈ ਘਾਤਕ ਹਨ। ਇਨ੍ਹਾਂ ਪ੍ਰਤੀ ਵਿਅਕਤੀ ਨੂੰ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਟ੍ਰੈਫਿਕ ਪੁਲਿਸ ਕਿਸੇ ਨੂੰ ਪ੍ਰੇਸ਼ਾਨ ਕਰਨ ਵਾਸਤੇ ਨਹੀਂ। ਬਲਕਿ ਸੜਕੀ ਨਿਯਮ ਲੋਕਾਂ ਦੀ ਸੁਰੱਖਿਆ ਲਈ ਲਾਗੂ ਕਰਨ ਵਾਸਤੇ ਹੈ। ਉਨ੍ਹਾਂ ਕਿਹਾ ਕਿ ਮਾਨਸਾ ਦੇ ਸੀਨੀਅਰ ਪੁਲਿਸ ਕਪਤਾਨ ਡਾ: ਨਰਿੰਦਰ ਭਾਰਗਵ ਦੀ ਅਗਵਾਈ ’ਚ ਅਤੇ ਹੋਰਨਾਂ ਅਧਿਕਾਰੀਆਂ ਦੀ ਅਗਵਾਈ ’ਚ ਬੁਢਲਾਡਾ ਹਲਕੇ ’ਚ ਟ੍ਰੈਫਿਕ ਅਤੇ ਕੋਰੋਨਾ ਨਿਯਮ ਲਾਗੂ ਕੀਤੇ ਜਾ ਰਹੇ ਹਨ। ਇਸ ’ਚ ਕਿਸੇ ਵੀ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਇਸ ਮੌਕੇ ਪੀ. ਐੱਚ. ਜੀ. ਜਗਜੀਤ ਸਿੰਘ, ਹੌਲਦਾਰ ਸੁਰਜੀਤ ਸਿੰਘ, ਹੌਲਦਾਰ ਰਮਨਦੀਪ ਸਿੰਘ ਵੀ ਮੌਜੂਦ ਸਨ।
 


Deepak Kumar

Content Editor

Related News