ਡਾਕਟਰਾਂ ਦੀ ਕਮੀ ਕਾਰਨ ਪਿੰਡ ਵਾਸੀਆਂ ਨੇ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ, ਦਿੱਤੀ ਚੇਤਾਵਨੀ

04/16/2022 5:34:47 PM

ਸ਼ਹਿਣਾ (ਧਰਮਿੰਦਰ ਸਿੰਘ ਧਾਲੀਵਾਲ): ਪੀ.ਐੱਚ.ਸੀ ਸਹਿਣਾ ਮੁੱਢਲਾ ਸਿਹਤ ਕੇਂਦਰ ਵਿੱਚ ਡਾਕਟਰਾਂ ਦੀ ਕਮੀ ਨੂੰ ਲੈ ਕੇ ਪਿੰਡ ਵਾਸੀਆਂ ਅਤੇ ਕਿਸਾਨ ਜਥੇਬੰਦੀਆਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਮੋਰਚਾ ਖੋਲ੍ਹਦੇ ਹੋਇਆ ਹਸਪਤਾਲ ਅੰਦਰ ਹੀ ਧਰਨਾ ਲਾ ਦਿੱਤਾ। ਰੋਸ ਕਰਦਿਆਂ ਧਰਨਾਕਾਰੀਆਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਅੰਗਰੇਜ਼ਾਂ ਸਮੇਂ ਦਾ ਬਣਿਆ ਹੋਇਆ ਹਸਪਤਾਲ 1935 ਤੋਂ ਚੱਲਦਾ ਆ ਰਿਹਾ ਹੈ। ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੇ ਕੋਈ ਵੀ ਬਿਲਡਿੰਗ ਨੂੰ ਅਪਡੇਟ ਨਹੀਂ ਕੀਤਾ। ਸ਼ਹਿਣਾ ਵਿੱਚ 22 ਹਜ਼ਾਰ ਆਬਾਦੀ  ਤੋਂ ਇਲਾਵਾ ਨੇੜਲੇ ਕਈ ਪਿੰਡ  ਵਿਧਾਤਾ, ਬੁਰਜ ਫ਼ਤਹਿਗੜ੍ਹ,ਈਸ਼ਰ ਸਿੰਘ ਵਾਲਾ, ਭਗਤਪੁਰਾ ਮੌੜ,ਦਰਾਕਾ ਪੱਤੀ,ਗਿੱਲ ਕੋਠੇ,ਚੁੰਘਾ ਸਮੇਤ ਕਈ ਪਿੰਡ ਇਸ ਸਰਕਾਰੀ ਹਸਪਤਾਲ ਦਾ ਲਾਹਾ ਲੈਂਦੇ ਹਨ। ਡਾਕਟਰਾਂ ਦੀਆਂ ਹੋ ਰਹੀਆਂ ਬਦਲੀਆਂ ਅਤੇ ਡੈਪੂਟੇਸ਼ਨ ’ਤੇ ਭੇਜਣ ਕਾਰਨ ਇਸ ਹਸਪਤਾਲ ਵਿਚ ਹੁਣ ਕੋਈ ਵੀ ਡਾਕਟਰ ਨਹੀਂ, ਜਿਸ ਕਾਰਨ ਹਸਪਤਾਲ ਵਿੱਚੋਂ ਹਜ਼ਾਰਾਂ ਮਰੀਜ਼ ਬਿਨਾਂ ਦਵਾਈ ਦੇ ਬੇਰੰਗ ਪਰਤ ਰਹੇ ਹਨ।

ਇਹ ਵੀ ਪੜ੍ਹੋ : ਬਠਿੰਡਾ: ਪੁਲਸ ਦੀ ਵਰਦੀ 'ਚ ਆਏ ਵਿਅਕਤੀਆਂ ਨੇ ਅਗਵਾ ਕੀਤੇ 2 ਨੌਜਵਾਨ, ਫਿਰ ਵੱਡੀ ਵਾਰਦਾਤ ਨੂੰ ਦਿੱਤਾ ਅੰਜਾਮ

ਮਰੀਜ਼ਾਂ ਨੂੰ ਆਪਣਾ ਇਲਾਜ ਕਰਾਉਣ ਲਈ 20 ਕਿਲੋਮੀਟਰ ਦੂਰ ਮਜਬੂਰਨ ਵਸ ਜਾਣਾ ਪੈਂਦਾ ਹੈ, ਜਿਸ ਕਾਰਨ ਕਈ ਕੀਮਤੀ ਜਾਨਾਂ ਜਾ ਰਹੀਆਂ ਹਨ।ਪ੍ਰਦਰਸ਼ਨਕਾਰੀਆਂ ਨੇ ਇਹ ਵੀ ਕਿਹਾ ਕਿ ਹਲਕਾ ਭਦੌੜ ਦੇ ਵਿਧਾਇਕ ਨੇ ਅੱਜ ਤੱਕ ਹਸਪਤਾਲ ਵਿੱਚ ਗੇੜਾ ਨਹੀਂ ਮਾਰਿਆ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਹਸਪਤਾਲ ਬਾਰੇ ਵੀ ਬੇਨਤੀ ਕੀਤੀ ਪਰ ਕੋਈ ਢੁੱਕਵਾਂ ਹੱਲ ਨਹੀਂ ਹੋਇਆ। ਸਰਕਾਰੀ ਹਸਪਤਾਲ ਵਿਚੋਂ ਇਕ ਡਾਕਟਰ ਸੀ ਜੋ ਛੁੱਟੀ ’ਤੇ ਚਲਾ ਗਿਆ, ਜਿਸ ਨਾਲ ਹੁਣ ਕੋਈ ਵੀ ਡਾਕਟਰ ਹਸਪਤਾਲ ਵਿੱਚ ਮੌਜੂਦ ਨਹੀਂ। ਸਿਰਫ਼ ਉਪਵੈਦ ਡਾਕਟਰ ਹੈ,ਜੋ ਸਰਕਾਰੀ ਹਸਪਤਾਲ ਵਿਚ ਮਰੀਜ਼ਾਂ ਦਾ ਚੈੱਕਅੱਪ ਕਰ ਰਿਹਾ ਪਰ ਉਸ ਕੋਲ ਵੀ ਮਰੀਜ਼ਾਂ ਨੂੰ ਦੇਣ ਲਈ ਦਵਾਈ ਨਹੀਂ? ਉਨ੍ਹਾਂ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਕਿਹਾ ਕਿ  ਪੀ.ਐੱਚ.ਸੀ ਸਹਿਣਾ ਵਿੱਚੋਂ ਡੈਪੂਟੇਸ਼ਨ ’ਤੇ ਭੇਜੇ ਡਾਕਟਰਾਂ ਨੂੰ ਵਾਪਸ ਲਿਆਂਦਾ ਜਾਵੇ ਅਤੇ ਬਾਕੀ ਰਹਿੰਦੇ ਡਾਕਟਰਾਂ ਦੀ ਕਮੀ ਨੂੰ ਜਲਦ ਪੂਰਾ ਕੀਤਾ ਜਾਵੇ ਨਹੀ ਤਾਂ ਸੰਘਰਸ਼ ਉਲੀਕਿਆ ਜਾਵੇਗਾ।

PunjabKesari

ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਬਰਨਾਲਾ/ਬਾਜਾਖਾਨਾ ਰੋਡ ’ਤੇ ਡਰੇਨ ਕੋਲ ਪੱਕਾ ਧਰਨਾ ਲਾਇਆ ਜਾਵੇਗਾ। ਉਨ੍ਹਾਂ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਤੋਂ ਮੰਗ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਨਾਲ ਗੱਲਬਾਤ ਕਰਕੇ ਜਲਦ ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਦੀ ਕਮੀ ਨੂੰ ਪੂਰਾ ਕਰਕੇ ਇਸ ਮਸਲੇ ਦਾ ਹੱਲ ਕੀਤਾ ਜਾਵੇ ਤਾਂ ਜੋ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਬਚ ਸਕੇ।ਦੂਜੇ ਪਾਸੇ ਜਦ ਜਗ ਬਾਣੀ ਅਖਬਾਰ ਦੇ ਪੱਤਰਕਾਰ ਨੇ ਹਸਪਤਾਲ ਦਾ ਦੌਰਾ ਕੀਤਾ ਤਾਂ ਖਾਲੀ ਡਾਕਟਰਾਂ ਦੀਆਂ ਕੁਰਸੀਆਂ ਉੱਪਰ ਬਿਜਲੀ ਦੀਆਂ ਲਾਈਟਾਂ ਤੇ ਪੱਖੇ ਚੱਲਦੇ ਦਿਖਾਈ ਦਿੱਤੇ। ਉਥੇ ਦਵਾਈ ਲੈਣ ਆਏ ਮਰੀਜ਼ ਵੀ ਬਿਨਾਂ ਦਵਾਈ ਤੋਂ ਵਾਪਸ ਜਾਂਦੇ ਦਿਖਾਈ ਦਿੱਤੇ। ਪਿੰਡ ਵਾਸੀਆਂ ਕਿਸਾਨ ਜਥੇਬੰਦੀਆਂ ਅਤੇ ਆਗੂਆਂ ਨੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਤੋਂ ਮੰਗ ਕਰਦੇ ਕਿਹਾ ਕਿ  ਜੋ ਵੀ ਡਾਕਟਰ ਛੁੱਟੀ ’ਤੇ ਹਨ। ਉਨ੍ਹਾਂ ਦੀ ਥਾਂ ’ਤੇ ਡਾਕਟਰ ਭੇਜੇ ਜਾਣ,ਡੈਪੂਟੇਸ਼ਨ ’ਤੇ ਕੀਤੀਆਂ ਫਾਰਮਾਸਿਸਟ ਸਮੇਤ ਟੱਲੇਵਾਲ ਦੀਆਂ ਕੀਤੀਆਂ ਬਦਲੀਆਂ ਰੱਦ ਕੀਤੀਆਂ ਜਾਣ,ਹਸਪਤਾਲ ਵਿੱਚ ਸਾਰੇ ਡਾਕਟਰਾਂ ਸਮੇਤ ਸਮੂਹ ਸਟਾਫ ਦਾ ਪੁਖਤਾ ਪ੍ਰਬੰਧ ਕੀਤਾ ਜਾਵੇ,ਜੱਚਾ ਬੱਚਾ ਕੇਂਦਰ ਦੇ ਢੁੱਕਵੇਂ ਪ੍ਰਬੰਧ ਕੀਤੇ ਜਾਣ ਜਿਸ ਨਾਲ ਹਜ਼ਾਰਾਂ ਕੀਮਤੀ ਜਾਨਾਂ ਬਚ ਸਕਦੀਆਂ ਹਨ।

ਕੀ ਕਹਿੰਦੇ ਹਨ ਸੀ.ਐਮ.ਓ ਜਸਬੀਰ ਸਿੰਘ ਔਲਖ 

ਇਸ ਮਾਮਲੇ ਸਬੰਧੀ ਜਦ ਸੀਐੱਮਓ ਜਸਬੀਰ ਸਿੰਘ ਔਲਖ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਸਿਹਤ ਵਿਭਾਗ ਵੱਲੋਂ ਸੁਚੱਜੇ ਢੰਗ ਨਾਲ ਹਸਪਤਾਲ ਵਿਚ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਪਰ ਲੋਕਲ ਪੱਧਰ ਦੇ ਕੁਝ ਮੁਲਾਜ਼ਮਾਂ ਵਲੋਂ ਡਿਊਟੀ ਤੋਂ ਪਾਸਾ ਵੱਟਣ ਲਈ ਅਜਿਹਾ ਕੁਝ ਕਰਵਾਇਆ ਜਾ ਰਿਹਾ ਹੈ। ਹਸਪਤਾਲ ਵਿੱਚ ਆਉਂਦੇ ਮਰੀਜ਼ਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਜੋ ਸੁਚਾਰੂ ਢੰਗ ਨਾਲ ਚੱਲ ਰਹੀ ਹੈ।

ਇਹ ਵੀ ਪੜ੍ਹੋ : ਘਰ ’ਚ ਦਾਖ਼ਲ ਹੋਏ ਪ੍ਰੇਮੀ ਨੇ ਘਰਵਾਲੇ ਸਾਹਮਣੇ ਪ੍ਰੇਮਿਕਾ ’ਤੇ ਕੀਤਾ ਜਾਨਲੇਵਾ ਹਮਲਾ, ਜਾਣੋ ਕੀ ਹੈ ਮਾਮਲਾ

ਕੀ ਕਹਿੰਦੇ ਹਨ ਸਾਬਕਾ ਵਿਧਾਇਕ ਨਿਰਮਲ ਸਿੰਘ ਨਿੰਮਾ

ਸਰਕਾਰੀ ਹਸਪਤਾਲ ਮਾਮਲੇ ਨੂੰ ਲੈ ਕੇ ਸਾਬਕਾ ਵਿਧਾਇਕ ਨਿਰਮਲ ਸਿੰਘ ਨਿੰਮਾ ਨੇ ਵੀ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ  ਪੰਜਾਬ ਦੇ ਲੋਕਾਂ ਨੇ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ ਜਿਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਲੋਕਾਂ ਦੇ ਹਰ ਮਸਲੇ ਨੂੰ ਜਲਦ ਹੱਲ ਕੀਤਾ ਜਾਵੇ। ਹਸਪਤਾਲ ਦੀ ਵੱਡੀ ਸਮੱਸਿਆ ਕਾਰਨ ਹਜ਼ਾਰਾਂ ਲੋਕ ਖੱਜਲ ਖੁਆਰ ਅਤੇ ਕੀਮਤੀ ਜਾਨਾਂ ਗਵਾ ਰਹੇ ਹਨ ਸੋ ਸਰਕਾਰ ਨੂੰ ਚਾਹੀਦਾ ਹੈ ਕਿ ਜਲਦ ਇਸ ਮਸਲੇ ਦਾ ਹੱਲ ਕਰਕੇ ਸਾਰੇ ਡਾਕਟਰਾਂ ਦਾ ਪ੍ਰਬੰਧ ਕੀਤਾ ਜਾਵੇ।

ਕੀ ਕਹਿੰਦੇ ਹਨ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ 

ਇਸ ਮਾਮਲੇ ਸਬੰਧੀ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਕਿਹਾ ਕਿ ਹਲਕਾ ਭਦੌੜ ਦਾ ਹਰ ਇੱਕ ਨਾਗਰਿਕ ਮੇਰਾ ਆਪਣਾ ਪਰਿਵਾਰਕ ਮੈਂਬਰ ਹੈ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਹਲਕਾ ਭਦੌੜ ਦੇ ਕਈ ਹਸਪਤਾਲ ਦੀ ਸਮੱਸਿਆ ਨੂੰ ਲੈਕੇ  ਸਿਹਤ ਮੰਤਰੀ ਪੰਜਾਬ ਨੂੰ ਵੀ ਮਿਲੇ ਸਨ ਤਾਂ ਜੋ ਹਲਕਾ ਭਦੌੜ ਅੰਦਰ ਸਿਹਤ ਸੇਵਾਵਾ ਤੂੰ ਕੋਈ ਵਾਂਝਾ ਨਾ ਰਹਿ ਸਕੇ। ਸ਼ਹਿਣਾ ਹਸਪਤਾਲ ਦੇ ਮਸਲੇ ਸਬੰਧੀ ਉਨ੍ਹਾਂ ਜ਼ਿਲ੍ਹਾ ਸਿਹਤ ਵਿਭਾਗ ਨੂੰ ਜਲਦ ਹੱਲ ਕਰਨ ਲਈ ਕਹਿ ਦਿੱਤਾ ਹੈ। ਸੋ ਵੇਖਣਾ ਹੋਵੇਗਾ ਕਿ ਸਰਕਾਰੀ ਹਸਪਤਾਲ ਦਾ ਮਸਲਾ ਭਖਦਾ ਹੀ ਜਾ ਰਿਹਾ ਉਥੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਦੇ ਇਸ ਦਾ ਮਸਲਾ ਹੱਲ ਕੀਤਾ ਜਾਵੇਗਾ ਜਾ ਫਿਰ  ਮਰੀਜਾਂ ਨੂੰ ਆਉਣ ਵਾਲੇ ਸਮੇਂ ’ਚ ਹੋਰ ਵੱਡੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ. ਇਸ ਮੌਕੇ ਵਾਈਸ ਚੇਅਰਮੈਨ ਗੁਰਦੀਪ ਦਾ ਦੀਪੀ ਬਾਵਾ,ਭਾਰਤੀ ਕਿਸਾਨ ਯੂਨੀਅਨ ਚੜੂਨੀ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਬੱਬੂ ਪੰਧੇਰ,ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਇਕਾਈ ਪ੍ਰਧਾਨ ਗੁਰਪ੍ਰੀਤ ਸਿੰਘ, ਚਰਨਜੀਤ ਕੌਰ, ਗੁਰਮੀਤ ਕੌਰ, ਬਲਵਿੰਦਰ ਕੌਰ, ਸੁਰਿੰਦਰ ਕੌਰ, ਸੁਰਜੀਤ ਕੌਰ ਤੋਂ ਇਲਾਵਾ ਕਿਸਾਨ ਜਥੇਬੰਦੀ ਆਗੂ,ਨੌਜਵਾਨ ਅਤੇ ਪਿੰਡ ਵਾਸੀ ਹਾਜ਼ਰ ਸਨ.

 


Anuradha

Content Editor

Related News