ਪਿੰਡ ਟਿਵਾਣਾ ਕਲਾਂ ਦੇ ਸ਼ਮਸ਼ਾਨਘਾਟ ''ਤੇ ਕਬਜ਼ਾ ਕਰਨ ਤੋਂ ਭੜਕੇ ਲੋਕ, ਸਥਿਤੀ ਬਣੀ ਤਣਾਅਪੂਰਨ

09/05/2020 5:56:52 PM

ਜਲਾਲਾਬਾਦ (ਜਤਿੰਦਰ): ਸ਼ਮਸ਼ਾਨਘਾਟ ਇਕ ਅਜਿਹੀ ਜਗ੍ਹਾ ਹੈ, ਜਿਥੇ ਕਿ ਵਿਅਕਤੀ ਦੇ ਮਰਨ ਤੋਂ ਬਾਅਦ ਉਸਨੂੰ ਸਮਾਜਿਕ ਰੀਤੀ-ਰਿਵਾਜਾਂ ਦੇ ਮੁਤਾਬਕ ਉਸਦਾ ਅਤਿੰਮ ਸੰਸਕਾਰ ਕਰਨ ਲਈ ਹਰੇਕ ਗਰੀਬ-ਅਮੀਰ ਲਈ ਪਿੰਡਾਂ ਸ਼ਹਿਰਾਂ ਅੰਦਰ ਸਾਂਝੀ ਜਗ੍ਹਾ ਦੀ ਲੋਕਾਂ ਵਲੋਂ ਚੋਣ ਕੀਤੀ ਹੁੰਦੀ ਹੈ ਤਾਂ ਕਿ ਪਿੰਡ ਜਾਂ ਸ਼ਹਿਰ 'ਚ ਰਹਿਣ ਵਾਲੇ ਵਿਅਕਤੀ ਦੇ ਮਰਨ ਤੋਂ ਬਾਅਦ ਉਸਦੇ ਅੰਤਿਮ ਸੰਸਕਾਰ ਦੀ ਰਸਮ ਪੂਰੀ ਕੀਤੀ ਜਾ ਸਕੇ। ਇਸ ਦੇ ਚੱਲਦੇ ਸਿਆਸੀਬਾਜ ਲੋਕ ਇਨ੍ਹਾਂ ਥਾਵਾਂ 'ਤੇ ਸਿਆਸਤ ਖੇਡਣ ਤੋਂ ਗੁਰੇਜ਼ ਨਹੀ ਕਰਦੇ ਹਨ।

ਅਜਿਹੀ ਹੀ ਇਕ ਘਟਨਾ ਸਾਹਮਣੇ ਆਏ ਹਨ, ਜਿੱਥੇ 2 ਪਿੰਡਾਂ ਦੇ ਸਾਂਝੇ ਸ਼ਮਸ਼ਾਨਘਾਟ ਦੀ ਸਾਢੇ 4 ਕਨਾਲ ਲਗਭਗ ਜ਼ਮੀਨ ਜ਼ਿਲ੍ਹਾ ਫਾਜ਼ਿਲਕਾ ਦੇ ਬਲਾਕ ਜਲਾਲਾਬਾਦ ਦੇ ਪਿੰਡ ਟਿਵਾਣਾ ਕਲਾਂ ਦੇ ਮੌਜੂਦਾ ਸਰਪੰਚ ਨੇ ਆਪਣੇ ਪਿੰਡ ਤੇ ਨਾਲ ਲੱਗਦੇ ਪਿੰਡ ਦੇ ਲੋਕਾਂ ਤੋਂ ਚੋਰੀ ਛਿਪੇ ਨਾਲ ਲੱਗਦੇ ਤੀਸਰੇ ਪਿੰਡ ਬਸਤੀ ਬਾਬਾ ਭੁੰਮਣ ਸ਼ਾਹ ਦੀ ਪੰਚਾਇਤ ਨੂੰ ਮਤਾ ਪਾ ਕੇ ਦੇ ਦਿੱਤਾ ਕਿ ਉਨ੍ਹਾਂ ਦੀ 2 ਕਨਾਲ ਜ਼ਮੀਨ ਹਿੱਸੇ 'ਚ ਆਉਂਦੀ ਹੈ। ਪਿੰਡ ਟਿਵਾਣਾਂ ਕਲਾਂ ਤੇ ਛੋਟਾ ਟਿਵਾਣਾ ਲੋਕਾਂ ਦੇ ਮੁਤਾਬਕ ਬਸਤੀ ਭੁੰਮਣ ਸ਼ਾਹ ਦੀ ਪੰਚਾਇਤ  20 ਸਾਲ ਪਹਿਲਾਂ ਹੀ ਉਨ੍ਹਾਂ ਦੇ ਪਿੰਡ ਤੋਂ ਵੱਖ ਹੋ ਚੁੱਕੀ ਹੈ ਅਤੇ ਕਿਸੇ ਵੀ ਤਰ੍ਹਾਂ ਦਾ ਉਨ੍ਹਾਂ ਦੇ ਪਿੰਡ ਦੀ ਪੰਚਾਇਤ ਨਾਲ ਕੋਈ ਸਬੰਧ ਨਹੀ ਹੈ ਪਰ ਪਿੰਡ ਬਸਤੀ ਬਾਬਾ ਭੁੰਮਣ ਸ਼ਾਹ ਦੀ ਪੰਚਾਇਤ ਦਾ ਸਰਪੰਚ ਸਣੇ ਹੋਰ ਪਿੰਡ ਦੇ ਲੋਕ ਪਿੰਡ ਛੋਟਾ ਟਿਵਾਣਾ ਰੋਡ 'ਤੇ ਸਥਿਤ ਬਣੇ ਸ਼ਮਸ਼ਾਨਘਾਟ ਦੀ ਜਗ੍ਹਾ 'ਤੇ ਰੇਤਾ ਇੱਟਾਂ ਤੇ ਬਜਰੀ ਲਿਆ ਕੇ ਦੀਵਾਰ ਕੱਢਣ ਲੱਗੇ ਤਾਂ ਇਸ ਗੱਲ ਦੀ ਭਿਣਕ ਪਿੰਡ ਛੋਟਾ ਟਿਵਾਣਾ ਤੇ ਟਿਵਾਣਾ ਕਲਾਂ ਦੇ ਲੋਕਾਂ ਨੂੰ ਲੱਗੀ ਤਾਂ ਲੋਕਾਂ ਨੇ ਇਕੱਠੇ ਹੋ ਇਸ ਦਾ ਵਿਰੋਧ ਕਰਨ ਤੇ ਉਕਤ ਵਿਅਕਤੀ ਉਥੋਂ ਚੱਲਦੇ ਬਣੇ।

PunjabKesari

ਇਸ ਘਟਨਾ ਦਾ ਪਤਾ ਲੱਗਣ ਸਾਰ ਹੀ ਪੱਤਰਕਾਰਾਂ ਨੇ ਮੌਕੇ 'ਤੇ ਪੁੱਜ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਦੋਵਾਂ ਧਿਰਾਂ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ। ਇਸ ਘਟਨਾ ਤੋਂ ਬਾਅਦ ਮੌਜੂਦਾ ਸਰਪੰਚ ਚੰਨ ਸਿੰਘ ਨੇ ਦੱਸਿਆ ਕਿ ਪੁਰਾਣੀ ਪ੍ਰਰਪੰਰਾ ਦੇ ਅਨੁਸਾਰ ਪਿੰਡ ਛੋਟਾ ਟਿਵਾਣਾ ਤੇ ਪਿੰਡ ਟਿਵਾਣਾ ਕਲਾਂ ਦੇ ਲੋਕ 50-60 ਸਾਲਾਂ ਤੋਂ ਇੱਕ ਹੀ ਸ਼ਮਸ਼ਾਨਘਾਟ ਦੇ 'ਚ ਦੋਵੇਂ ਪਿੰਡਾਂ ਦੇ ਲੋਕ ਅੰਤਿਮ ਸੰਸਕਾਰ ਦੀ ਪ੍ਰਕਿਰਿਆ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡ ਟਿਵਾਣਾ ਕਲਾਂ ਦੇ ਸਰਪੰਚ ਨੇ ਦੋਵਾਂ ਪਿੰਡਾਂ ਦੇ ਸਾਂਝੇ ਸ਼ਮਸ਼ਾਨਘਾਟ ਦੀ ਜਗ੍ਹਾ 'ਚੋਂ ਨਾਲ ਲੱਗਦੀ ਬਸਤੀ ਭੁੰਮਣ ਸ਼ਾਹ ਦੀ ਪੰਚਾਇਤ ਨੂੰ 2 ਕਨਾਲ ਜ਼ਮੀਨ ਦਾ ਲਿਖ਼ਤੀ ਮਤਾ ਪਾ ਕੇ ਦੇ ਦਿੱਤਾ ਹੈ ਅਤੇ ਜਿਸਦੇ ਕਾਰਨ ਉਹ ਵਿਅਕਤੀ ਜ਼ਬਰਦਸਤੀ ਹਿੱਸਾ ਹੋਣ ਦਾ ਕਹਿ ਕੇ ਕਬਜ਼ਾ ਕਰਨਾ ਚਾਹੁੰਦੇ ਹਨ। ਪਿੰਡ ਵਾਸੀਆਂ 'ਚ ਸ਼ਾਮਲ ਪਿੰਡ ਟਿਵਾਣਾ ਕਲਾਂ  ਦੇ ਆਮ ਲੋਕਾਂ 'ਚ ਸ਼ਾਮਲ ਲੋਕਾਂ ਨੇ ਕਿਹਾ ਕਿ ਅੱਜ ਤੋਂ ਲਗਭਗ 20 ਸਾਲ ਪਹਿਲਾ ਉਨ੍ਹਾਂ ਦੇ ਪਿੰਡ ਦੀ  ਸਾਂਝੀ ਪੰਚਾਇਤ ਸੀ ਅਤੇ ਜਿਸ ਤੋਂ ਬਾਅਦ ਪੰਚਾਇਤ ਦੇ ਵੱਖ ਹੋਣ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਉਨ੍ਹਾਂ ਨੂੰ ਬਣਦਾ ਹੱਕ ਦਿੱਤਾ ਜਾ  ਚੁੱਕਾ ਹੈ।

ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡ ਦੇ ਮੌਜੂਦਾ ਸਰਪੰਚ ਆਪਣੀ ਘਿਨੌਣੀ ਹਰਕਤ ਕਰਦੇ ਹੋਏ ਜਾਣ ਬੁੱਝ ਕੇ ਪਿੰਡ ਦੇ ਮਾਹੌਲ ਨੂੰ ਖ਼ਰਾਬ ਕਰਨ ਲਈ ਸਾਡੇ ਦੋਵਾਂ ਪਿੰਡਾ ਦੇ ਸ਼ਮਸ਼ਾਨਘਾਟ ਦੀ ਜਗ੍ਹਾ ਦਾ ਮਤਾ ਬਸਤੀ ਭੁੰਮਣ ਸ਼ਾਹ ਦੀ ਪੰਚਾਇਤ ਨੂੰ ਪਾ ਕੇ ਦਿੱਤਾ ਗਿਆ ਹੈ ਅਤੇ ਉਹ ਕਿਸੇ ਵੀ ਕੀਮਤ 'ਤੇ ਪਿੰਡ ਦੇ ਸ਼ਮਾਸ਼ਾਨਘਾਟ ਦੀ ਜਗ੍ਹਾ 'ਤੇ ਕਬਜ਼ਾ ਨਹੀਂ ਹੋਣ ਦੇਣਗੇ ਅਤੇ ਜੇਕਰ ਉਕਤ ਪਿੰਡ ਦੀ ਪੰਚਾਇਤ ਜ਼ਬਰਦਸਤੀ ਕਬਜ਼ਾ ਕਰਦੀ ਹੈ ਤਾਂ ਉਸਤੇ ਹੋਣ ਵਾਲਾ ਜਾਨੀ ਜਾਂ ਮਾਲੀ ਨੁਕਸਾਨ ਦਾ ਜਿੰਮੇਵਾਰ ਪਿੰਡ ਟਿਵਾਣਾ ਕਲਾਂ ਤੇ ਬਸਤੀ ਭੁੰਮਣ ਸ਼ਾਹ ਦਾ ਸਰਪੰਚ ਹੋਵੇਗਾ। ਹੁਣ ਵੇਖਣਾ ਹੋਵੇਗਾ ਕਿ ਪ੍ਰਸ਼ਾਸਨਿਕ ਅਧਿਕਾਰੀ ਸ਼ਮਸ਼ਾਨਾਘਾਟ ਦੀ ਜਗਾਂ 'ਤੇ ਹੋ ਰਹੇ ਕਬਜ਼ੇ ਨੂੰ ਰੋਕਣ ਲਈ ਕੋਈ ਯੋਗ ਉਪਰਾਲਾ ਕਰਦੇ ਹਨ ਜਾਂ ਨਹੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

PunjabKesari

ਇਸ ਮਾਮਲੇ ਦੀ ਸੱਚਾਈ ਜਾਣਨ ਲਈ  ਪਿੰਡ ਟਿਵਾਣਾ ਕਲਾਂ ਦੇ ਸਰਪੰਚ ਬਲਵਿੰਦਰ ਸਿੰਘ ਬਿੱਟੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਸਾਡੀ ਪੰਚਾਇਤ ਦੇ 'ਚੋਂ ਇੱਕ ਪੰਚਾਇਤ ਬਸਤੀ ਭੁੰਮਣ ਸ਼ਾਹ ਅਲੱਗ ਹੋਈ ਹੈ ਅਤੇ ਉਨ੍ਹਾਂ ਦੇ ਕੋਲ ਸ਼ਮਸ਼ਾਨਘਾਟ ਦੀ ਜਗ੍ਹਾ ਨਹੀਂ ਹੈ ਅਤੇ ਉਨ੍ਹਾਂ ਸੰਸਕਾਰ ਕਰਨ ਸਮੇਂ ਬਹੁਤ ਦਿੱਕਤ ਆਉਂਦੀ ਹੈ। ਸਰਪੰਚ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਪੰਚਾਇਤ ਦਾ ਸਾਡੀ ਪੰਚਾਇਤ ਦੇ ਪਾਸੋ ਕੁਝ ਰਕਬਾ ਆਉਂਦਾ ਹੈ ਅਤੇ ਜਿਸਦੇ ਕਾਰਨ ਉਨ੍ਹਾਂ ਨੂੰ ਅਸੀ ਪਿੰਡ ਦੇ ਸ਼ਮਸ਼ਾਨਘਾਟ ਦੇ 'ਚੋਂ ਕੁਝ ਜਗ੍ਹਾ ਦਿੱਤੀ ਹੈ। ਸਰਪੰਚ ਤੋਂ ਪੁੱਛਿਆ ਗਿਆ ਕਿ ਪਿੰਡ ਦੇ ਕੁਝ ਮੌਜੂਦਾ ਪੰਚ ਵੀ ਬਿਨ੍ਹਾਂ ਦੱਸੇ ਮਤੇ 'ਤੇ ਦਸਖਤ ਕਰਵਾਉਣ ਦੇ ਆਰੋਪ ਲਗਾ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰਿਆਂ ਨੂੰ ਪਤਾ ਹੈ ਅਤੇ ਇਹ ਸਭ ਅਕਾਲੀ ਦਲ ਦੇ ਭੜਕਾਏ ਹੋਏ ਹਨ ਅਤੇ ਸ਼ਰਾਰਤੀ ਅਨਸਰਾਂ ਦੇ ਕਾਰਨ ਬਿਆਨਬਾਜੀ ਕਰ ਰਹੇ ਹਨ।  

ਇਸ ਬਾਬਤ ਜਦੋਂ ਪਿੰਡ ਬਸਤੀ ਬਾਬਾ ਭੁੰਮਣ ਸ਼ਾਹ ਦੇ ਸਰਪੰਚ ਵੇਦ ਪ੍ਰਕਾਸ਼ ਨੇ ਕਿਹਾ ਕਿ ਸਾਡੇ ਵੱਲੋਂ ਕੋਈ ਵੀ ਧੱਕੇ ਨਾਲ ਕਬਜ਼ਾ ਨਹੀ ਕੀਤਾ ਜਾ ਰਿਹਾ ਅਤੇ ਸਾਡੀ ਪੰਚਾਇਤ ਪਿੰਡ ਟਿਵਾਣਾ ਕਲਾਂ ਦੀ ਪੰਚਾਇਤ ਦੇ 'ਚੋਂ ਹੀ ਅਲੱਗ ਹੋਈ ਹੈ ਅਤੇ ਅਸੀ ਆਪਣਾ ਬਣਦਾ ਹੱਕ ਲੈ ਰਹੇ ਹਾਂ ਅਤੇ ਸਾਡੇ ਪੰਚਾਇਤ ਕੋਲ ਸ਼ਮਸ਼ਾਨਘਾਟ ਲਈ ਕੋਈ ਜਗਾਂ ਨਹੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਪਿੰਡ ਟਿਵਾਣਾ ਕਲਾਂ ਦੀ ਪੰਚਾਇਤ ਵੱਲੋਂ ਸਹਿਮਤੀ ਨਾਲ ਮਤਾ ਪਾ ਕੇ ਦਿੱਤਾ ਗਿਆ ਹੈ। ਸਰਪੰਚ ਕੋਲੋ ਪੁੱਛਿਆ ਗਿਆ ਕਿ ਕਿੰਨੀ ਦੇਂਰ ਪਹਿਲਾ ਪੰਚਾਇਤ ਅਲੱਗ ਹੋਈ ਹੈ ਤਾਂ ਉਨ੍ਹਾਂ ਕਿਹਾ ਕਿ ਸਾਡੀ ਪੰਚਾਇਤ ਲਗਭਗ 20 ਸਾਲ ਪਹਿਲਾ ਵੱਖਰੀ ਹੋਈ ਸੀ ਅਤੇ ਇਸਦਾ  ਦਾ ਸਾਡਾ ਕੇਸ ਵੀ ਲੱਗਿਆ ਹੋਇਆ ਸੀ ਅਤੇ ਸਰਪੰਚ ਦੀ ਮੌਤ ਹੋਣ ਕਾਰਨ ਕੇਸ 'ਚ ਹੀ ਰਹਿ ਗਿਆ ਸੀ।ਇਸ ਮਾਮਲੇ ਦੀ ਵਧੇਰੇ ਜਾਣਕਾਰੀ ਲੈਣ ਲਈ ਗ੍ਰਾਮ ਪੰਚਾਇਤ ਜਲਾਲਾਬਾਦ ਰੂਰਲ ਦੇ ਪੰਚਾਇਤ ਸੈਕਟਰੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਫੋਨ ਨੂੰ ਚੁੱਕਣਾ ਮੁਨਾਸਬ ਨਹੀ ਸਮਝਿਆ। 


Shyna

Content Editor

Related News