ਕੋਰੋਨਾ ਵਾਇਰਸ ਤੋਂ ਬਚਾਉਣ ਲਈ ਪਿੰਡ ਬੁਰਜ ਢਿੱਲਵਾਂ ਦੀ ਪੰਚਾਇਤ ਨੇ ਕੀਤਾ ਨਿਵੇਕਲਾ ਉਪਰਾਲਾ

03/22/2020 9:29:32 PM

ਮਾਨਸਾ(ਮਿੱਤਲ)- ਕੋਰੋਨਾ ਵਾਇਰਸ ਦੀ ਬਿਮਾਰੀ ਦੇ ਕਾਰਨ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਪਿੰਡ ਬੁਰਜ ਢਿੱਲਵਾਂ ਦੀ ਗ੍ਰਾਮ ਪੰਚਾਇਤ ਅਤੇ ਭਾਈ ਘਨੱਈਆ ਕਲੱਬ ਨੇ ਅਨੋਖੀ ਮਿਸਾਲ ਕਾਇਮ ਕਰਕੇ ਉਨ੍ਹਾਂ ਨੂੰ ਰਾਹਤ ਦਿੱਤੀ ਹੈ। ਪੰਚਾਇਤ ਅਤੇ ਕਲੱਬ ਨੇ ਉਕਤ ਬਿਮਾਰੀ ਤੋਂ ਲੋਕਾਂ ਨੂੰ ਸਹਿਮ ਵਿੱਚੋਂ ਬਾਹਰ ਕੱਢਦਿਆਂ ਇਸ ਤੋਂ ਜਾਗਰੂਕ ਕੀਤਾ ਅਤੇ ਨਾਲ ਹੀ ਉਨ੍ਹਾਂ ਨੂੰ ਲੋੜਵੰਦਾਂ ਨੂੰ ਸਮੱਗਰੀ ਵੰਡੀ। ਬੁਰਜ ਢਿੱਲਵਾਂ ਦੀ ਗ੍ਰਾਮ ਪੰਚਾਇਤ ਦੇ ਸਰਪੰਚ ਜਗਦੀਪ ਸਿੰਘ ਬੁਰਜ ਢਿੱਲਵਾਂ ਨੇ ਕਲੱਬ ਦੇ ਸਹਿਯੌਗ ਨਾਲ ਪਿੰਡ ਵਿੱਚ ਸੈਨੀਟਾਈਜਰ, ਡੀਟੋਲ ਸਾਬਣ, ਮਾਸਕ, ਦਸਤਾਨੇ ਤੋਂ ਇਲਾਵਾ ਝੁੱਗੀਆਂ, ਝੋਪੜੀਆਂ ਵਿੱਚ ਜਾ ਕੇ ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜੋ ਇਸ ਦੌਰਾਨ ਕੰਮ ਕਾਜ ਨਹੀਂ ਕਰ ਸਕੇ। ਪੰਚਾਇਤ ਵੱਲੋਂ ਕੋਰੋਨਾ ਵਾਇਰਸ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਪੋਸਟਰ ਸਮੱਗਰੀ ਵੀ ਪਿੰਡ ਦੀਆਂ ਕੰਧਾਂ ਤੇ ਲਾਈ ਜਾ ਰਹੀ ਹੈ। ਇਸ ਤੋਂ ਇਲਾਵਾ ਉਕਤ ਪੰਚਾਇਤ ਨੇ ਗੁਰੂ ਘਰਾਂ ਅਤੇ ਸਾਂਝੀਆਂ ਥਾਵਾਂ ਤੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਜਾਣੂ ਕਰਵਾਇਆ ਅਤੇ ਇਸ ਵਾਸਤੇ ਲੋੜੀਂਦੀ ਸਮੱਗਰ ਉਪਲਬਧ ਕਰਵਾਉਣ ਦਾ ਭਰੋਸਾ ਵੀ ਦਿੱਤਾ। ਸਰਪੰਚ ਜਗਦੀਪ ਸਿੰਘ ਨੇ ਕਿਹਾ ਕਿ ਇਹ ਬਿਮਾਰੀ ਘੱਟ ਤੇ ਇਸ ਦਾ ਸਹਿਮ ਜਿਆਦਾ ਹੈ। ਇਸ ਲਈ ਗ੍ਰਾਮ ਪੰਚਾਇਤ ਆਪਣੀ ਸਮਰਥਾ ਮੁਤਾਬਕ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਲੋੜੀਂਦੀ ਸਮੱਗਰੀ ਵੰਡ ਰਹੀ ਹੈ ਕਿਉਂਕਿ ਬਹੁਤ ਲੋਕ ਹਲੇ ਵੀ ਇਸ ਬਿਮਾਰੀ ਦੇ ਲੱਛਣਾਂ ਤੋਂ ਨਾ-ਬਾਕਫ ਹਨ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਨੇ 31 ਮਾਰਚ ਤੱਕ ਜਨਤਾ ਕਰਫਿਊ ਲਾ ਕੇ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਜਿਹੜੇ ਫੈਸਲੇ ਕੀਤੇ ਹਨ। ਉਸ ਤੋਂ ਲੋਕਾਂ ਨੂੰ ਕਾਫੀ ਵੱਡੀ ਮਦਦ ਮਿਲੇਗੀ ਅਤੇ ਲੋਕ ਬਿਮਾਰੀ ਤੋਂ ਬਾਕਫ ਹੋ ਕੇ ਇੱਕ-ਦੂਜੇ ਨੂੰ ਜਾਗਰੂਕ ਕਰਨਗੇ। ਉਨ੍ਹਾਂ ਨੇ ਇਸ ਵਿੱਚ ਸਹਿਯੌਗ ਦੇਣ ਤੇ ਕਲੱਬ ਦਾ ਧੰਨਵਾਦ ਕੀਤਾ ਅਤੇ ਮਾਨਸਾ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਹਿਲ ਤੋਂ ਇਲਾਵਾ ਜਿਲ੍ਹਾ ਪੁਲਿਸ ਕਪਤਾਨ ਡਾ: ਨਰਿੰਦਰ ਭਾਰਗਵ ਦੀ ਪ੍ਰਸ਼ੰਸ਼ਾਂ ਕਰਦਿਆਂ ਕਿਹਾ ਕਿ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਜਾਣੂ ਕਰਵਾਉਣ ਲਈ ਪ੍ਰਸ਼ਾਸ਼ਨ ਅਤੇ ਪੁਲਿਸ ਪ੍ਰਸ਼ਾਸ਼ਨ ਨੇ ਜਿਹੜੀ ਸੇਵਾ ਨਿਭਾਈ ਹੈ ਉਹ ਮਨੁੱਖਤਾ ਦੀ ਸਭ ਤੋਂ ਵੱਡੀ ਮਿਸਾਲ ਹੈ, ਜਿਸ ਵਿੱਚ ਹਰ ਵਿਅਕਤੀ ਨੂੰ ਭਵਿੱਖ ਵਿੱਚ ਵੀ ਸਹਿਯੋਗ ਦੇਣਾ ਚਾਹੀਦਾ ਹੈ।  

Bharat Thapa

This news is Content Editor Bharat Thapa