ਪਿੰਡ ਭਾਗਸਰ ਦੀ ਦਾਣਾ ਮੰਡੀ ਵਿੱਚ ਢੁੱਕਵੇਂ ਪ੍ਰਬੰਧ ਨਾ ਹੋਣ ਕਰਕੇ ਕਿਸਾਨਾਂ ਦੀ ਹੋ ਰਹੀ ਹੈ ਖੱਜਲ-ਖ਼ੁਆਰੀ

04/15/2021 10:27:10 AM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ): ਪਿੰਡ ਭਾਗਸਰ ਦੀ ਦਾਣਾ ਮੰਡੀ ਵਿੱਚ ਕਣਕ ਲਿਆਉਣ ਵਾਲੇ ਕਿਸਾਨਾਂ ਨੇ ਦੋਸ਼ ਲਗਾਇਆ ਹੈ ਕਿ ਉਕਤ ਮੰਡੀ ਵਿੱਚ ਢੁੱਕਵੇਂ ਪ੍ਰਬੰਧ ਨਾ ਹੋਣ ਕਾਰਨ ਕਿਸਾਨਾਂ ਦੀ ਪੂਰੀ ਖੱਜਲ ਖ਼ੁਆਰੀ ਹੋ ਰਹੀ ਹੈ। ਪਥ ਗੱਲ ਸੁਨਣ ਵਾਲਾ ਕੋਈ ਨਹੀਂ ਤੇ ਸਭ ਆਪੋ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ। ਦਾਣਾ ਮੰਡੀ ਇਸ ਵੇਲੇ ਕਣਕ ਨਾਲ ਨੱਕੋ ਨੱਕ ਭਰੀ ਪਈ ਹੈ । ਉਥੇ ਬੈਠੇ ਕਿਸਾਨਾਂ ਸਰਬਨ ਸਿੰਘ ਬਰਾੜ ਜੋ ਜ਼ਿਲ੍ਹਾ ਪ੍ਰੀਸ਼ਦ ਅਤੇ ਮਾਰਕਿਟ ਕਮੇਟੀ ਦੇ ਸਾਬਕਾ ਮੈਂਬਰ ਹਨ ਤੋਂ ਇਲਾਵਾ ਸਰਬਜੀਤ ਸਿੰਘ ਧਾਲੀਵਾਲ , ਚਰਨਜੀਤ ਸਿੰਘ , ਚੈਨਾ ਸਿੰਘ , ਸੁਖਵਿੰਦਰ ਸਿੰਘ ਤੇ ਸੁਖਰਾਜ ਸਿੰਘ ਨੇ ਦੱਸਿਆ ਕਿ ਕਣਕ ਦੀ ਬੋਲੀ ਲੱਗ ਗਈ ਹੈ,ਪੱਖਾ ਲੱਗ ਚੁੱਕਾ ,ਬਾਰਦਾਨਾ ਆਇਆ ਪਿਆ, ਪਰ ਕਣਕ ਦੀਆਂ ਬੋਰੀਆਂ ਨਹੀਂ ਭਰੀਆਂ ਜਾ ਰਹੀਆਂ। ਕਈ ਦਿਨ ਕਿਸਾਨਾਂ ਨੂੰ ਮੰਡੀ ਵਿੱਚ ਬੈਠਿਆਂ ਲੰਘ ਗਏ।

ਜੇਕਰ ਇਹ ਕਣਕ ਚੁੱਕੀ ਨਾ ਗਈ ਤਾਂ ਹੋਰ ਕਣਕ ਕਿਥੇ ਰੱਖੀ ਜਾਵੇਗੀ। ਜਦੋਂ ਮਾਰਕਫੈੱਡ ਦੇ ਇੰਸਪੈਕਟਰ ਜਗਤਾਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਤਾਂ 8 ਹਜ਼ਾਰ ਗੱਟੇ ਦੀ ਬੋਲੀ ਲਗਾ ਗਏ ਹਨ , ਹੁਣ ਗੱਟੇ ਤਾਂ ਆੜਤੀਆਂ ਨੇ ਭਰਵਾਉਣੇ ਹਨ। ਕਿਸਾਨਾਂ ਨੇ ਕਿਹਾ ਕਿ ਆੜਤੀਏ ਅਜੇ ਉਪਰੋ ਪਤਾ ਨਹੀਂ ਕਿਹੜੇ ਇਸ਼ਾਰੇ ਦੀ ਉਡੀਕ ਕਰ ਰਹੇ ਹਨ ਤੇ ਟਾਲ ਮਟੋਲ ਕੀਤੀ ਜਾ ਰਹੀ ਹੈ । ਕਿਸਾਨਾਂ ਨੇ ਇਹ ਵੀ ਦੱਸਿਆ ਕਿ ਮੰਡੀ ਵਿੱਚ ਸਾਫ਼ ਸਫ਼ਾਈ ਵੀ ਚੰਗੀ ਤਰ੍ਹਾਂ ਨਹੀਂ ਕਰਵਾਈ ਗਈ ਸੀ ।

ਪੀਣ ਵਾਲੇ ਸਾਫ ਸੁਥਰੇ ਪਾਣੀ ਦਾ ਕੋਈ ਪ੍ਰਬੰਧ ਨਹੀਂ । ਲਾਈਟਾਂ ਇੱਕਾ ਦੁੱਕਾ ਹੀ ਜਗ ਰਹੀਆਂ ਹਨ । ਜੋ ਲੈਟਰੀਨ ਬਾਥਰੂਮ ਹਨ , ਉਹਨਾਂ ਵਿੱਚ ਪਾਣੀ ਦਾ ਕੋਈ ਪ੍ਰਬੰਧ ਨਹੀਂ । ਉਝ ਤਿੰਨ ਕੁ ਦਿਨ ਪਹਿਲਾਂ ਐਸ ਡੀ ਐਮ ਸਵਰਨਜੀਤ ਕੌਰ ਖ਼ੁਦ ਇਸ ਮੰਡੀ ਦਾ ਦੌਰਾ ਕਰਕੇ ਗਏ ਹਨ ਤੇ ਅੱਜ ਮਾਰਕੀਟ ਕਮੇਟੀ ਦੇ ਵਾਈਸ ਚੇਅਰਮੈਨ ਜਗਤਪਾਲ ਸਿੰਘ ਚੱਕ ਸ਼ੇਰੇਵਾਲਾ ਵੀ ਪੁੱਜੇ । ਜਗ ਬਾਣੀ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਕਿਸਾਨਾਂ ਨੂੰ ਦਾਣਾ ਮੰਡੀਆਂ ਵਿੱਚ ਕੋਈ ਵੀ ਦਿਕਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਹਰ ਸਹੂਲਤ ਮੁਹੱਈਆ ਕਰਵਾਈ ਜਾਵੇਗੀ । ਸਾਰੀਆਂ ਮੰਡੀਆਂ ਵਿੱਚ ਬਾਰਦਾਨਾ ਪਹੁੰਚ ਚੁੱਕਾ ਹੈ । ਕਣਕ ਦੀ ਚੁਕਵਾਈ ਨਾਲੋਂ ਨਾਲ ਕੀਤੀ ਜਾਵੇਗੀ । ਉਹਨਾਂ ਕਿਹਾ ਕਿ ਉਹ ਲਗਾਤਾਰ ਪੇਂਡੂ ਦਾਣਾ ਮੰਡੀਆਂ ਦਾ ਦੌਰਾ ਕਰ ਰਹੇ ਹਨ ।


Shyna

Content Editor

Related News