ਵਿਜੇ ਚੋਪੜਾ ''ਫ਼ਖਰ-ਏ ਕੌਮ ਪੱਤਰਕਾਰ ਪਰਉਪਕਾਰੀ ਐਵਾਰਡ'' ਨਾਲ ਸਨਮਾਨਤ

09/16/2019 12:24:07 PM

ਪਟਿਆਲਾ (ਰਾਜੇਸ਼)—ਰਾਧੇ ਗੋਵਿੰਦ ਆਸ਼ਰਮ ਵਿਖੇ ਇਕੱਤਰ ਸੈਂਕੜੇ ਸ਼ਹਿਰੀਆਂ ਅਤੇ ਪ੍ਰਸ਼ੰਸਕਾਂ ਦੀ ਹਾਜ਼ਰੀ ਵਿਚ ਨੈਸ਼ਨਲ ਥੀਏਟਰ ਆਰਟਸ ਸੋਸਾਇਟੀ (ਨਟਾਸ) ਪਟਿਆਲਾ ਵੱਲੋਂ ਸ਼੍ਰੀ ਵਿਜੇ ਚੋਪੜਾ ਮੁੱਖ ਸੰਪਾਦਕ 'ਪੰਜਾਬ ਕੇਸਰੀ', 'ਜਗ ਬਾਣੀ' ਅਤੇ 'ਹਿੰਦ ਸਮਾਚਾਰ ਪੱਤਰ' ਸਮੂਹ ਜਲੰਧਰ ਨੂੰ ਸਨਮਾਨਤ ਕੀਤਾ ਗਿਆ। ਨਟਾਸ ਦੇ ਪ੍ਰਧਾਨ ਗੁਰਬਚਨ ਸਿੰਘ ਕੱਕੜ ਸਾਬਕਾ ਪ੍ਰਬੰਧਕੀ ਮੈਂਬਰ ਗੁਰਦੁਆਰਾ ਸ੍ਰੀ ਮਨੀਕਰਨ ਸਾਹਿਬ (ਹਿ. ਪ੍ਰ.) ਅਤੇ ਸਮੂਹ ਮੈਂਬਰਾਂ ਵੱਲੋਂ ਸੀਨੀ. ਮੀਤ-ਪ੍ਰਧਾਨ ਰਾਜਿੰਦਰ ਵਰਮਾ ਥੀਏਟਰ ਰੇਡੀਓ, ਟੀ. ਵੀ. ਅਤੇ ਡਰਾਮਾ ਕਲਾਕਾਰ ਪ੍ਰਧਾਨ ਸਨੌਰ ਆਰੀਆ ਸਮਾਜ ਸਭਾ, ਨਿਰਦੇਸ਼ਕ ਜੋੜੀ ਪ੍ਰਾਣ ਸੱਭਰਵਾਲ-ਸੁਨੀਤਾ ਸੱਭਰਵਾਲ, ਕਲਾਕਾਰਾਂ ਅਤੇ ਪ੍ਰਸ਼ੰਸਕਾਂ ਨੇ ਸ਼੍ਰੀ ਚੋਪੜਾ ਨੂੰ 'ਫਖਰ-ਏ ਕੌਮ ਪੱਤਰਕਾਰ ਪਰਉਪਕਾਰੀ ਐਵਾਰਡ ਆਫ ਆਨਰ', ਮੋਮੈਂਟੋ, ਸ਼ਾਲ ਅਤੇ ਸਾਹਿਤਕ ਉਪਹਾਰ ਤਾਲੀਆਂ ਦੀ ਗੂੰਜ ਵਿਚ ਭੇਟ ਕਰ ਕੇ ਸਨਮਾਨਤ ਕੀਤਾ।

ਇਸ ਦੇ ਨਾਲ ਹੀ 'ਪੰਜਾਬ ਕੇਸਰੀ' ਅਤੇ 'ਜਗ ਬਾਣੀ' ਦੇ ਪਟਿਆਲਾ ਬਿਊਰੋ ਚੀਫ ਅਤੇ ਜ਼ਿਲਾ ਇੰਚਾਰਜ ਰਾਜੇਸ਼ ਸ਼ਰਮਾ ਪੰਜੌਲਾ ਅਤੇ ਸਤਿੰਦਰਪਾਲ ਕੌਰ ਵਾਲੀਆ ਨੂੰ ਵੀ ਐਵਾਰਡ ਨਾਲ ਨਿਵਾਜਿਆ ਗਿਆ। ਕੱਕੜ ਨੇ ਦੱਸਿਆ ਕਿ ਸ਼੍ਰੀ ਚੋਪੜਾ ਨੂੰ ਇਹ ਗੌਰਵਮਈ ਸਨਮਾਨ ਉਨ੍ਹਾਂ ਵੱਲੋਂ ਪੱਤਰਕਾਰਿਤਾ 'ਚ ਪਾਏ ਵਡਮੁੱਲੇ ਯੋਗਦਾਨ, ਪੱਤਰ ਸਮੂਹ ਨੂੰ ਭਾਸ਼ਾ ਅਖਬਾਰਾਂ ਵਿਚ ਚੋਟੀ 'ਤੇ ਲਿਆਉਣ ਅਤੇ ਅੱਤਵਾਦ, ਕੁਦਰਤੀ ਆਫਤਾਂ ਤੋਂ ਪੀੜਤ ਪਰਿਵਾਰਾਂ ਨੂੰ ਕਰੋੜਾਂ ਰੁਪਏ ਦੀ ਮਾਲੀ ਸਹਾਇਤਾ ਪਹੁੰਚਾਉਣ ਹਿਤ ਦਿੱਤਾ ਗਿਆ ਹੈ। ਬੁਲਾਰਿਆਂ ਨੇ ਸ਼੍ਰੀ ਚੋਪੜਾ ਜੀ ਵੱਲੋਂ ਰਾਸ਼ਨ ਵੰਡ ਅਤੇ ਖੂਨ-ਦਾਨ ਮੁਹਿੰਮ ਨੂੰ ਚਲਾਉਣ ਦੀ ਪ੍ਰਸ਼ੰਸਾ ਕੀਤੀ।

ਇਸ ਮੌਕੇ ਨਿਰਦੇਸ਼ਕ ਪ੍ਰਾਣ ਸੱਭਰਵਾਲ ਅਤੇ ਸਾਥੀਆਂ ਨੇ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਬਾਨੀ ਮੁੱਖ ਸੰਪਾਦਕ 'ਪੰਜਾਬ ਕੇਸਰੀ ਪੱਤਰ ਸਮੂਹ' ਨੂੰ ਉਨ੍ਹਾਂ ਦੀ 38ਵੀਂ ਬਰਸੀ 'ਤੇ ਸ਼ਰਧਾਂਜਲੀ ਭੇਟ ਕੀਤੀ। ਸੱਭਰਵਾਲ ਨੇ ਕਿਹਾ ਕਿ ਸ਼੍ਰੀ ਵਿਜੇ ਚੋਪੜਾ ਜੀ ਵੱਲੋਂ ਲਿਖੇ ਐਡੀਟੋਰੀਅਲ ਨਾ ਕੇਵਲ ਪਾਠਕਾਂ ਨੂੰ ਕੌਮੀ ਅਤੇ ਅੰਤਰਰਾਸ਼ਟਰੀ ਮਾਮਲਿਆਂ ਬਾਰੇ ਜਾਣਕਾਰੀ ਮੁਹੱਈਆ ਕਰਦੇ ਹਨ ਬਲਕਿ ਸਵੱਛ ਜੀਵਨ ਜਿਊਣ ਦੀ ਪ੍ਰੇਰਨਾ ਵੀ ਦਿੰਦੇ ਹਨ। ਚੋਪੜਾ ਜੀ ਨੇ ਦਰਸਾਏ ਪਿਆਰ ਅਤੇ ਸਤਿਕਾਰ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਪ੍ਰਸ਼ੰਸਕਾਂ ਦੀਆਂ ਉਮੀਦਾਂ 'ਤੇ ਪੂਰਾ ਉੱਤਰਨ ਲਈ ਵਚਨਬੱਧ ਹਨ। ਇਸ ਮੌਕੇ ਭਾਜਪਾ ਆਗੂ ਭੁਪੇਸ਼ ਅੱਗਰਵਾਲ, ਅਚਾਰੀਆ ਖੁਸ਼ੀ ਰਾਮ ਸ਼ਰਮਾ ਅਤੇ ਸੀ. ਏ. ਰਾਜੀਵ ਗੋਇਲ ਤੋਂ ਇਲਾਵਾ ਹੋਰ ਕਈ ਪਤਵੰਤੇ ਹਾਜ਼ਰ ਸਨ।


Shyna

Content Editor

Related News