ਚੰਡੀਗਡ਼੍ਹ ਤੋਂ ਆਈ ਵਿਜੀਲੈਂਸ ਟੀਮ ਨੇ ਪੰਜ ਘੰਟੇ ਤੱਕ ਖੰਗਾਲੀਆਂ ਨਗਰ ਨਿਗਮ ਦੀਅਾਂ ਫਾਈਲਾਂ

10/17/2018 4:38:36 AM

ਬਠਿੰਡਾ, (ਵਰਮਾ)- ਚੰਡੀਗਡ਼੍ਹ ਤੋਂ ਆਈ ਸਥਾਨਕ ਸਰਕਾਰਾਂ ਵਿਭਾਗ ਦੀ ਵਿਜੀਲੈਂਸ ਟੀਮ ਨੇ ਮੰਗਲਵਾਰ ਨੂੰ ਬਠਿੰਡਾ ਮਹਾਨਗਰ ਦੇ ਨਗਰ ਨਿਗਮ ’ਚ ਅਚਾਨਕ ਛਾਪੇਮਾਰੀ ਕੀਤੀ ਅਤੇ ਸ਼ਿਕਾਇਤ ਨਾਲ ਭਰੀਆਂ ਫਾਈਲਾਂ ਦੀ ਜਾਂਚ ਸ਼ੁਰੂ ਕੀਤੀ। ਇਸ  ਟੀਮ ਦੀ ਅਗਵਾਈ ਚੀਫ ਵਿਜੀਲੈਂਸ ਅਫਸਰ ਸੁਦੀਪ ਮਾਨਕ ਨੇ ਕੀਤੀ ਜਦਕਿ ਸੀਨੀਅਰ ਅਧਿਕਾਰੀ ਨੀਰਜ ਭੱਟੀ, ਮਹਿੰਦਰ ਪਾਲ ਤੇ ਈਸ਼ਾਨ ਗੋਇਲ ਵੀ ਸ਼ਾਮਲ ਹੋਏ।
ਅਚਾਨਕ ਪਏ ਛਾਪੇ ਨਾਲ ਮਚਿਆ ਹੜਕੰਪ
ਅਚਾਨਕ ਟੀਮ ਨੂੰ ਦੇਖਦਿਆਂ ਨਿਗਮ ਅਧਿਕਾਰੀਆਂ ਦੇ ਹੱਥ-ਪੈਰ ਫੁੱਲ ਗਏ ਕਿਉਂਕਿ ਨਗਰ ਨਿਗਮ ਬਠਿੰਡਾ ਨਾਜਾਇਜ਼ ਨਿਰਮਾਣ ਦੇ ਮਾਮਲੇ ’ਚ ਭ੍ਰਿਸ਼ਟਾਚਾਰ ਦਾ ਅੱਡਾ ਬਣ ਚੁੱਕਾ ਹੈ, ਜਿਸ ਦੀਆਂ ਅਨੇਕਾਂ ਸ਼ਿਕਾਇਤਾਂ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਕੋਲ ਹਨ।
ਵਿਜੀਲੈਂਸ ਦਾ ਇਹ ਉਹੀ ਉੱਚ ਅਧਿਕਾਰੀ ਹੈ, ਜਿਸ ਨੇ ਨਗਰ ਸੁਧਾਰ ਟਰੱਸਟ ’ਚ ਹੋਏ ਮਨਮੋਹਨ ਕਾਲੀਆ ਐਨਕਲੇਵ ਵਿਚ ਹੋਏ ਵੱਡੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕੀਤਾ ਸੀ, ਜਿਸ ’ਚ 4 ਈ. ਓ. ਸਮੇਤ 11 ਉੱਚ ਅਧਿਕਾਰੀਆਂ ਨੂੰ ਸਸਪੈਂਡ ਕੀਤਾ ਗਿਆ ਸੀ। ਇਸ ਟੀਮ ਨੇ ਪਿਛਲੇ 5 ਸਾਲ ਪੁਰਾਣੀਅਾਂ ਸ਼ਿਕਾਇਤਾਂ ਦੇ ਸਬੰਧ ਵਿਚ ਜਾਂਚ ਸ਼ੁਰੂ ਕੀਤੀ ਤੇ ਪੂਰਾ ਰਿਕਾਰਡ ਵੀ ਖੰਗਾਲ ਦਿੱਤਾ। ਇਸ ਸਬੰਧੀ ਨਗਰ ਨਿਗਮ ਅਧਿਕਾਰੀਆਂ ਨਾਲ ਪੁੱਛ-ਗਿੱਛ ਵੀ ਕੀਤੀ।
 ਇਹ ਟੀਮ ਲਗਭਗ 5 ਘੰਟੇ ਨਿਗਮ ਦਫਤਰ ਵਿਚ ਰਹੀ ਅਤੇ ਇਸ ਦੌਰਾਨ ਉਨ੍ਹਾਂ ਨੇ ਇਕ ਸ਼ਿਕਾਇਤ ਦੇ ਸਬੰਧ ਵਿਚ ਗ੍ਰੀਨ ਸਿਟੀ ਕਾਲੋਨੀ ਤੇ ਕ੍ਰਿਸ਼ਨਾ ਕਾਲੋਨੀ ਵਿਚ ਮੌਕੇ ’ਤੇ ਜਾ ਕੇ ਜਾਂਚ ਕੀਤੀ, ਸਭ ਕੁਝ ਸਹੀ ਪਾਇਆ ਗਿਆ। ਇਹ ਦੋਨੋਂ ਕਾਲੋਨੀਅਾਂ ਨਿਯਮਾਂ ਦੇ ਮਾਪਦੰਡ ਅਨੁਸਾਰ ਹੀ ਬਣਾਈਅਾਂ ਗਈਅਾਂ ਹਨ, ਜਿਸ ’ਤੇ ਅਧਿਕਾਰੀਆਂ ਨੇ ਸੰਤੁਸ਼ਟੀ ਜ਼ਾਹਰ ਕੀਤੀ। ਵਿਜੀਲੈਂਸ ਜਾਂਚ ਟੀਮ ਨੇ ਬਿਲਡਿੰਗ ਬਰਾਂਚ ਵਿਚ ਜਾ ਕੇ ਸਾਰੀਆਂ ਫਾਈਲਾਂ ਨੂੰ ਖੰਗਾਲਿਆ। ਇਨ੍ਹਾਂ ’ਚ ਜ਼ਿਆਦਾਤਰ ਫਾਈਲਾਂ ਨਾਜਾਇਜ਼ ਨਿਰਮਾਣ ਨਾਲ ਸਬੰਧਤ ਸਨ। ਇਥੋਂ ਤੱਕ ਕਿ ਬਿਲਡਿੰਗ ਨਿਰਮਾਣ ਕੋਲ ਪਾਸ ਹੋਏ ਨਕਸ਼ੇ ਤੇ ਰੱਦ ਹੋਏ ਨਕਸ਼ਿਆਂ ਦੀਆਂ ਫਾਈਲਾਂ ਨੂੰ ਵੀ ਖੰਗਾਲਿਆ। ਨਿਗਮ ਅਧਿਕਾਰੀਆਂ ਨੇ ਚਲਾਕੀ ਨਾਲ ਇਨ੍ਹਾਂ ਫਾਈਲਾਂ ਦੀ ਖਾਨਾਪੂਰਤੀ ਕੀਤੀ ਹੋਈ ਸੀ। ਟੀਮ ਨੇ ਤਹਿਬਾਜ਼ਾਰੀ, ਪਾਰਕਿੰਗ ਥਾਵਾਂ, ਇਸ਼ਤਿਹਾਰ ਟੈਂਡਰਾਂ ਸਮੇਤ ਬੀ. ਐਂਡ ਆਰ. ਦੀਆਂ ਫਾਈਲਾਂ ਦੀ ਵੀ ਜਾਂਚ ਕੀਤੀ। ਇਸ ਟੀਮ ਨੇ ਅਕਾਊਂਟਸ ਬਰਾਂਚ ਨੂੰ ਨਹੀਂ ਬਖ਼ਸ਼ਿਆ, ਉਨ੍ਹਾਂ ਦੀਆਂ ਫਾਈਲਾਂ ਦੀ ਜਾਂਚ ਕਰਦਿਆਂ ਕੁਝ ਨੂੰ ਕਬਜ਼ੇ ਵਿਚ ਵੀ ਲਿਆ।
ਨਿਗਮ ਦੇ ਪ੍ਰਾਜੈਕਟ ਵੀ ਅਾਏ ਰਾਡਾਰ ’ਤੇ
ਜਾਂਚ ਟੀਮ ਨੇ ਨਿਗਮ ਅਧੀਨ ਚੱਲ ਰਹੇ ਕਈ ਪ੍ਰਾਜੈਕਟਾਂ ਸਬੰਧੀ ਨਿਗਮ ਅਧਿਕਾਰੀਆਂ ਨਾਲ ਵੀ ਗਹਿਰਾਈ ਨਾਲ ਪੁੱਛਗਿੱਛ ਕੀਤੀ। 
ਬੇਸ਼ੱਕ ਜਾਂਚ ਟੀਮ ਨੇ ਮੀਡੀਅਾ ਨੂੰ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਪਰ ਉਨ੍ਹਾਂ ਦੀ ਕਾਰਜਪ੍ਰਣਾਲੀ ਨਾਲ ਪੱਤਰਕਾਰਾਂ ਨੂੰ ਅੰਦਾਜ਼ਾ ਹੋਇਆ ਕਿ ਦਾਲ ਵਿਚ ਕੁਝ ਕਾਲਾ ਹੈ। ਇਸ ਟੀਮ ਨੇ ਉਨ੍ਹਾਂ ਸਾਰੀਆਂ ਫਾਈਲਾਂ ਦੀ ਜਾਂਚ ਕੀਤੀ, ਜਿਸ ਦੀ ਸ਼ਿਕਾਇਤ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਕੋਲ ਪਹੁੰਚੀ ਸੀ ਜਦਕਿ ਨਗਰ ਨਿਗਮ ਅਧਿਕਾਰੀਆਂ ਨੇ ਇਨ੍ਹਾਂ ਫਾਈਲਾਂ ਨੂੰ ਦਬਾ ਰੱਖਿਆ ਸੀ।
ਇਨ੍ਹਾਂ ਅਧਿਕਾਰੀਅਾਂ ਨੂੰ ਚੰਡੀਗੜ੍ਹ ਕੀਤਾ ਤਲਬ
ਜ਼ਿਕਰਯੋਗ ਹੈ ਕਿ ਸੀ. ਬੀ. ਓ. ਨੇ ਸਾਰੇ 6 ਕੈਟਾਗਰੀ ਅਧੀਨ ਬਣੀਆਂ ਵੱਡੀਆਂ ਬਿਲਡਿੰਗਾਂ ਦੇ ਨਕਸ਼ਿਆਂ ਤੋਂ ਇਲਾਵਾ ਨਿਗਮ ਅਧਿਕਾਰੀ ਸੀ. ਟੀ. ਪੀ., ਨਿਗਮ ਇੰਜੀ., ਐਕਸੀਅਨ, ਐੱਸ. ਡੀ. ਓ. ਸਮੇਤ ਕੁਝ ਹੋਰ ਅਧਿਕਾਰੀਆਂ ਨੂੰ ਰਿਕਾਰਡ ਸਮੇਤ ਚੰਡੀਗਡ਼੍ਹ ਤਲਬ ਕੀਤਾ ਹੈ। ਟੀਮ ਨੇ ਪਿਛਲੇ ਪੰਜ ਸਾਲਾਂ ਦੌਰਾਨ ਕੁਝ ਗੰਭੀਰ ਸ਼ਿਕਾਇਤਾਂ ਸਬੰਧੀ ਰਿਕਾਰਡ ਨੂੰ ਕਬਜ਼ਿਆਂ ਵਿਚ ਲੈ ਕੇ ਉਸ ਦੀ ਜਾਂਚ ਸ਼ੁਰੂ ਕੀਤੀ। ਵਿਜੀਲੈਂਸ ਟੀਮ ਦੀਅਾਂ ਇਨ੍ਹਾਂ ਛਾਪੇਮਾਰੀਆਂ ਤੋਂ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਨਿਗਮ ਦੇ ਕੁਝ ਅਧਿਕਾਰੀਆਂ ’ਤੇ ਸਰਕਾਰ ਦੀ ਗਾਜ ਜ਼ਰੂਰ ਡਿੱਗੇਗੀ। 
ਕੀ ਕਹਿਣਾ ਹੈ ਨਿਗਮ ਅਧਿਕਾਰੀ ਦਾ
 ਵਿਜੀਲੈਂਸ ਟੀਮ ਦੀ ਛਾਪੇਮਾਰੀ ਨੂੰ ਲੈ ਕੇ ਨਿਗਮ ਕਮਿਸ਼ਨਰ ਰਿਸ਼ੀਪਾਲ ਨਾਲ ਜਦੋਂ ਇਸ ਸਬੰਧ ’ਚ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ। ਨਿਗਮ ਇੰਜੀਨੀਅਰ ਸੰਦੀਪ ਗੁਪਤਾ ਨੇ ਦੱਸਿਆ ਕਿ ਵਿਜੀਲੈਂਸ ਟੀਮ ਰੂਟੀਨ ਚੈਕਿੰਗ ’ਤੇ ਆਈ ਹੋਈ ਸੀ ਉਨ੍ਹਾਂ ਸਿਕਾਇਤਾਂ ਦਾ ਨਿਪਟਾਰਾ ਕਰਦਿਆਂ ਕੁਝ ਫਾਈਲਾਂ ਦੀ ਜਾਂਚ ਕੀਤੀ। ਉਨ੍ਹਾਂ ਦੱਸਿਆ ਕਿ ਨਕਸ਼ੇ ਸੰਬਧਿਤ ਫਾਈਲਾਂ ਦੀ ਵੀ ਜਾਂਚ ਕੀਤੀ ਜੋ ਨਕਸ਼ੇ ਰੱਦ ਕੀਤੇ ਗਏ ਸੀ ਉਨ੍ਹਾਂ ਦੇ ਕਾਰਨਾਂ ਦਾ ਵਿਵਰਣ ਵੀ ਉਨ੍ਹਾਂ ਦੇਖਿਆ। ਸੰਦੀਪ ਗੁਪਤਾ ਅਨੁਸਾਰ ਵਿਜੀਲੈਂਸ ਟੀਮ ਪੂਰੀ ਤਰ੍ਹਾਂ ਤਸੱਲੀ ਕਰਕੇ ਗਈ ਜਦਕਿ ਜਿਆਦਾਤਰ ਸ਼ਿਕਾਇਤਾਂ ਝੂਠੀਆਂ ਪਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਟੀਮ ਕੋਈ ਵੀ ਰਿਕਾਰਡ ਨਾਲ ਲੈ ਕੇ ਨਹੀਂ ਗਈ। ਟੀਮ ਨੇ ਗ੍ਰੀਨ ਸਿਟੀ ਕਾਲੋਨੀ ਦਾ ਦੌਰਾ ਕੀਤਾ ਜਿਸ ਦੀ ਖੁੂਬਸੂਰਤੀ ਨੂੰ ਦੇਖ ਕੇ ਖੁਸ਼ ਹੋਏ ਇਥੋਂ ਤੱਕ ਕਿ ਜਦ ਇਸ ਕਾਲੋਨੀ ਦੇ ਸਾਰੇ ਦਸਤਾਵੇਜਾਂ ਦੀ ਜਾਂਚ ਕੀਤੀ ਜੋ ਸਾਰੇ ਸਹੀ ਮਿਲੇ।