ਸਹੁਰੇ ਪਰਿਵਾਰ ਤੋਂ ਪੀੜ੍ਹਤ ਔਰਤ ਨੇ ਨਵਜੰਮੀ ਲੜਕੀ ਨਾਲ ਦਿੱਤਾ ਥਾਣੇ ਅੱਗੇ ਧਰਨਾ

04/23/2022 11:17:25 AM

ਬੁਢਲਾਡਾ (ਬਾਂਸਲ) : ਸਹੁਰੇ ਪਰਿਵਾਰ ਵੱਲੋਂ ਤੰਗ ਪ੍ਰੇਸ਼ਾਨ ਕਰਨ ਅਤੇ ਦਾਜ ਲਈ ਕੁੱਟਮਾਰ ਦੀ ਸ਼ਿਕਾਰ ਦੀ ਪੀੜ੍ਹਤ ਔਰਤ ਨੇ ਸਦਰ ਥਾਣੇ ਦੇ ਬਾਹਰ ਧਰਨਾ ਦੇ ਕੇ ਇਨਸਾਫ ਦੀ ਮੰਗ ਕੀਤੀ। ਜਾਣਕਾਰੀ ਅਨੁਸਾਰ ਪਿੰਡ ਚੱਕ ਭਾਈਕੇ ਦੀ ਬਲਵੀਰ ਪਤਨੀ ਤੇਜਾ ਸਿੰਘ ਨੇ ਪੰਜਾਬ ਰਾਜ ਮਹਿਲਾ ਕਮਿਸ਼ਨ ਨੂੰ ਇਕ ਦਰਖਾਸਤ ਦਿੱਤੀ ਸੀ ਕਿ ਉਸਦੀ ਪੁੱਤਰੀ ਜਿਸ ਦਾ ਵਿਆਹ 12 ਦਸੰਬਰ 2021 ਨੂੰ ਰੀਤੀ ਰਿਵਾਜਾਂ ਅਨੁਸਾਰ 20 ਲੱਖ ਰੁਪਏ ਖਰਚ ਕਰ ਕੇ ਨਿਰਮਲ ਸਿੰਘ ਘੁੰਮਣਕਲਾਂ ਨਾਲ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸਹੁਰੇ ਪਰਿਵਾਰ ਵੱਲੋਂ ਉਨ੍ਹਾਂ ਦੀ ਧੀ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਕੁੱਟਮਾਰ ਕਰ ਕੇ ਘਰੋਂ ਕੱਢ ਦਿੱਤਾ ਸੀ।

ਇਹ ਵੀ ਪੜ੍ਹੋ : ਦਾਜ ਦੀ ਬਲੀ ਚੜ੍ਹੀ ਇਕ ਹੋਰ ਧੀ : ਸਹੁਰਾ ਪਰਿਵਾਰ ਤੋਂ ਤੰਗ ਆਕੇ ਫਾਹਾ ਲਗਾ ਕੀਤੀ ਖ਼ੁਦਕੁਸ਼ੀ

ਸਦਰ ਪੁਲਸ ਬੁਢਲਾਡਾ ਨੇ ਪੀੜ੍ਹਤ ਦੀ ਮਾਤਾ ਦੇ ਬਿਆਨ ’ਤੇ ਪਤੀ ਨਿਰਮਲ ਸਿੰਘ, ਸੱਸ ਸੁਖਵਿੰਦਰ ਕੌਰ, ਸਹੁਰੇ ਜਸਵਿੰਦਰ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਪਰ ਪੁਲਸ ਵੱਲੋਂ ਮੁਲਜ਼ਮਾਂ ਨੂੰ ਗ੍ਰਿਫਤਾਰ ਨਾ ਕਰਨ ਦੇ ਰੋਸ ਵਜੋਂ ਪੀੜ੍ਹਤ ਲੜਕੀ ਅਤੇ ਉਸਦੀ ਮਾਤਾ ਅਤੇ ਆਪਣੀ ਛੇ ਮਹੀਨਿਆਂ ਦੀ ਬੱਚੀ ਨੂੰ ਲੈ ਕੇ ਸਦਰ ਥਾਣੇ ਦੇ ਬਾਹਰ ਧਰਨਾ ਲਗਾ ਕੇ ਇਨਸਾਫ ਦੀ ਮੰਗ ਕੀਤੀ ਅਤੇ ਪੁਲਸ ’ਤੇ ਪੱਖਪਾਤ ਦਾ ਦੋਸ਼ ਲਗਾਇਆ। ਇਸ ਸਬੰਧੀ ਐੱਸ. ਐੱਚ. ਓ. ਸਦਰ ਨੇ ਦੱਸਿਆ ਕਿ ਪੁਲਸ ਕਾਨੂੰਨ ਅਧੀਨ ਕੰਮ ਕਰ ਰਹੀ ਹੈ। ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਵਿਚ 2 ਵਿਅਕਤੀਆਂ ਨੂੰ ਮਾਣਯੋਗ ਅਦਾਲਤ ਨੇ ਪੁਲਸ ਜਾਂਚ ਵਿਚ ਸ਼ਾਮਲ ਕਰਨ ਦੀ ਹਦਾਇਤ ਕੀਤੀ ਗਈ ਹੈ, ਜਿਸ ਸਬੰਧੀ ਕਾਰਵਾਈ ਜਾਰੀ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 

Anuradha

This news is Content Editor Anuradha