ਮਾਰਕੀਟ ਕਮੇਟੀ ਧਨੌਲਾ ਦੇ ਨਵ-ਨਿਯੁਕਤ ਉਪ ਚੇਅਰਮੈਨ ਨੇ 24 ਘੰਟਿਆਂ ’ਚ ਲਿਆ ਯੂ-ਟਰਨ

03/19/2020 6:23:30 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) - ਮਾਰਕੀਟ ਕਮੇਟੀ ਧਨੌਲਾ ਦੇ ਨਵ ਨਿਯੁਕਤ ਉਪ ਚੇਅਰਮੈਨ ਮਹਿੰਦਰ ਸਿੰਘ ਸਿੱਧੂ ਨੇ 24 ਘੰਟਿਆਂ ਵਿਚ ਹੀ ਯੂ ਟਰਨ ਲੈ ਲਿਆ ਹੈ। ਬੀਤੇ ਦਿਨੀਂ ਉਹਨਾਂ ਨੇ ਇਕ ਪ੍ਰੈਸ ਕਾਨਫਰੰਸ ਕਰਕੇ ਜੰਮਕੇ ਆਪਣੀ ਭੜਾਸ ਕੱਢੀ ਅਤੇ ਅਹੁਦਾ ਨਾ ਸੰਭਾਲਣ ਦੀ ਵੀ ਗੱਲ ਕਹੀ ਸੀ। 24 ਘੰਟਿਆਂ ਵਿਚ ਹੀ ਉਨ੍ਹਾਂ ਯੂ-ਟਰਨ ਲੈਂਦਿਆਂ ਕੇਵਲ ਸਿੰਘ ਢਿਲੋਂ ਪ੍ਰਤੀ ਆਪਣੀ ਆਸਥਾ ਪ੍ਰਗਟ ਕੀਤੀ ਹੈ ਅਤੇ ਅਹੁਦਾ ਸੰਭਾਲਣ ਦੀ ਗੱਲ ਕਹੀ। ਪੱਤਰਕਾਰ ਨਾਲ ਗੱਲਬਾਤ ਕਰਦਿਆਂ ਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਬੀਤੇ ਦਿਨੀਂ ਜੋ ਪ੍ਰੈਸ ਕਾਨਫਰੰਸ ਹੋਈ ਸੀ, ਉਸ ਲਈ ਮੈਨੂੰ ਇਕ ਆਗੂ ਨੇ ਗੁਮਰਾਹ ਕਰ ਦਿੱਤਾ ਸੀ। ਉਸ ਵਲੋਂ ਉਕਸਾਉਣ ਕਾਰਨ ਹੀ ਮੈਂ ਪਾਰਟੀ ਅਤੇ ਕੇਵਲ ਸਿੰਘ ਢਿਲੋਂ ਖਿਲਾਫ ਬੇਤੁਕੀ ਬਿਆਨਬਾਜ਼ੀ ਕੀਤੀ ਸੀ, ਜਿਸ ਲਈ ਮੈਂ ਮੁਆਫੀ ਚਾਹੁੰਦਾ ਹੈ। ਮੈਨੂੰ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਧਨੌਲਾ ਦਾ ਜੋ ਆਹੁਦਾ ਦਿੱਤਾ ਗਿਆ ਹੈ, ਉਸਨੂੰ ਮੈਂ ਪ੍ਰਵਾਨ ਕਰਦਾ ਹਾਂ ਅਤੇ ਹਮੇਸ਼ਾ ਸ. ਕੇਵਲ ਸਿੰਘ ਢਿਲੋਂ ਅਤੇ ਕਾਂਗਰਸ ਪਾਰਟੀ ਨਾਲ ਮੋਢੇ ਨਾਲ ਮੋਢਾ ਮਿਲਾਕੇ ਚੱਲਾਂਗਾ।

rajwinder kaur

This news is Content Editor rajwinder kaur