ਲਾਹੇਵੰਦ ਹੈ ਪੋਲਟਰੀ ਫਾਰਮਿੰਗ ਦਾ ਧੰਦਾ : ਫ੍ਰੀ ਟਰੇਨਿੰਗ ਕੈਂਪ 17 ਤੋਂ 28 ਤਕ

02/15/2017 11:45:55 AM

ਫ਼ਿਰੋਜ਼ਪੁਰ (ਕੁਲਦੀਪ) - ਪੋਲਟਰੀ ਫਾਰਮਿੰਗ ਖੇਤੀ ਦੇ ਨਾਲ ਵਧੀਆ ਸਹਾਇਕ ਧੰਦੇ ਵਜੋਂ ਆਪਣਾਇਆ ਜਾ ਸਕਦਾ ਹੈ। ਇਸ ''ਚ ਚਾਹੇ ਮੀਟ ਪੈਦਾ ਜਾਂ ਆਂਡੇ ਪੈਦਾ ਕਰਨ ਵਾਲੀਆਂ ਕਿਸਮਾਂ ਪੈਦਾ ਕੀਤੀਆਂ ਜਾਣ। 
ਦੋਵੇਂ ਹੀ ਕਿਸਾਨੀ ਦੇ ਨਾਲ ਲਾਹੇਵੰਦ ਸਾਬਤ ਹੁੰਦੀਆਂ ਹਨ। ਇਹ ਪ੍ਰਗਟਾਵਾ ਕ੍ਰਿਸ਼ੀ ਵਿਗਿਆਨ ਕੇਂਦਰ ਫਿਰੋਜ਼ਪੁਰ ਵਿਖੇ ਐਸੋਸੀਏਟ ਡਾਇਰੈਕਟਰ ਡਾ. ਜੀ. ਐੱਸ. ਔਲਖ ਨੇ ਕੀਤਾ। ਉਨ੍ਹਾਂ ਦੱਸਿਆ ਕਿ ਬਹੁਤੇ ਲੋਕ ਆਪਣੇ ਤੌਰ ''ਤੇ ਇਸ ਕੰਮ ਨੂੰ ਸ਼ੁਰੂ ਕਰ ਲੈਂਦੇ ਹਨ। ਜੋ ਪੂਰਾ ਲਾਭ ਨਹੀਂ ਦੇ ਸਕਦਾ। ਇਸ ਲਈ ਪੰਜਾਬ ਸਰਕਾਰ ਦੁਆਰਾ ਇਕ ਵਿਭਾਗ ਨਿਯੁਕਤ ਕੀਤਾ ਹੋਇਆ ਹੈ, ਜਿਸ ਦੇ ਮਾਹਰ ਇਸ ਸਬੰਧੀ ਆਮ ਜਨਤਾ ਨੂੰ ਜਾਣਕਾਰੀ ਦਿੰਦੇ ਹਨ, ਤਾਂ ਜੋ ਇਸ ਧੰਦੇ ਤੋਂ ਵੱਧ ਤੋਂ ਵੱਧ ਲਾਭ ਕਮਾਇਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਵਿਖੇ 17 ਤੋਂ 28 ਫਰਵਰੀ ਤਕ ਟਰੇਨਿੰਗ ਕੈਂਪ ਲਾਇਆ ਜਾ ਰਿਹਾ ਹੈ, ਜਿਸ ''ਚ 17 ਫਰਵਰੀ ਨੂੰ ਟਰੇਨਿੰਗ ਲੈਣ ਦੇ ਇਛੁੱਕ ਆਪਣਾ ਫਾਰਮ ਭਰ ਕੇ ਨਾਮਾਂਕਨ ਕਰਵਾਉਣਗੇ। ਇਸ ਤੋਂ ਬਾਅਦ ਅਗਲੇ ਕੰਮਕਾਜੀ ਦਿਨਾਂ ''ਚ 28 ਫਰਵਰੀ ਤੱਕ ਇਕ ਹਫਤੇ ਦਾ ਕੈਂਪ ਲਾਇਆ ਜਾਵੇਗਾ, ਜਿਸ ਦੌਰਾਨ ਯੂਨੀਵਰਸਿਟੀ ਅਤੇ ਵਿਭਾਗ ਦੇ ਮਾਹਰ ਸਿੱਖਿਆਰਥੀਆਂ ਨੂੰ ਹਰ ਤਰ੍ਹਾਂ ਦੀ ਜਾਣਕਾਰੀ ਦੇਣਗੇ। ਇਸ ਕੈਂਪ ''ਚ ਹਿੱਸਾ ਲੈਣ ਲਈ ਸਿੱਖਿਆ ਪੱਧਰ ਦਾ ਕੋਈ ਪੈਮਾਨਾ ਨਹੀਂ ਹੈ। ਮਰਦ ਮੈਂਬਰਾਂ ਨੂੰ ਪੰਜਾਹ ਰੁਪਏ ਫੀਸ ਅਦਾ ਕਰਨੀ ਪਵੇਗੀ ਪਰ ਔਰਤ ਮੈਂਬਰਾਂ ਲਈ ਕੋਈ ਫੀਸ ਨਹੀਂ ਹੈ। ਪ੍ਰਾਰਥੀ ਨੂੰ ਆਪਣਾ ਰਿਹਾਇਸ਼ੀ ਸਬੂਤ ਨਾਲ ਲੈ ਕੇ ਆਉਣਾ ਜ਼ਰੂਰੀ ਹੋਵਗਾ।