ਬੇਰੁਜ਼ਗਾਰ ਅਧਿਆਪਕਾਂ ਖੇਡ ਮੰਤਰੀ ਦੇ ਹਲਕੇ ’ਚ ਕੀਤਾ ਹਾਈਵੇ ਜਾਮ

04/13/2021 3:04:11 PM

ਗੁਰੂਹਰਸਹਾਏ/ਜਲਾਲਾਬਾਦ (ਮਨਜੀਤ, ਨਿਖੰਜ, ਜਤਿੰਦਰ)-2011 ਤੋਂ ਭਰਤੀ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਪੀ. ਟੀ. ਆਈ. 646 ਅਧਿਆਪਕਾਂ ਨੇ ਹੋਰ ਭਰਾਤਰੀ ਜਥੇਬੰਦੀਆਂ ਨਾਲ ਮਿਲ ਕੇ ਪੰਜਾਬ ਦੇ ਖੇਡ ਮੰਤਰੀ ਮੰਤਰੀ ਦੇ ਹਲਕੇ ਗੁਰੂਹਰਸਹਾਏ ਵਿਖੇ ਸਥਿਤ ਫ਼ਾਜ਼ਿਲਕਾ-ਫਿਰੋਜ਼ਪੁਰ ਮੁੱਖ ਹਾਈਵੇ ’ਤੇ ਚੱਕਾ ਜਾਮ ਕਰ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ । ਇਸ ਚੱਕਾ ਜਾਮ ਦੀ ਅਗਵਾਈ ਕਰ ਰਹੇ ਸੂਬਾ ਕਮੇਟੀ ਆਗੂ ਅਸ਼ੋਕ ਕੁਮਾਰ ਨੇ ਦੱਸਿਆ ਕਿ 28 ਫਰਵਰੀ ਨੂੰ ਗੁਰੂਹਰਸਹਾਏ ਵਿਖੇ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੀ ਕੋਠੀ ਗੁਰੂਹਰਸਹਾਏ ਵਿਖੇ ਰੋਸ ਮਾਰਚ ਕੱਢ ਕੇ ਤਕਰੀਬਨ 6 ਘੰਟੇ ਰੋਡ ਜਾਮ ਕੀਤਾ ਗਿਆ । ਉਨ੍ਹਾਂ ਕਿਹਾ ਕਿ ਖੇਡ ਮੰਤਰੀ ਦੇ ਨਿੱਜੀ ਸਕੱਤਰ ਦੇ ਭਰੋਸੇ ਤੋਂ ਬਾਅਦ ਪੀ. ਟੀ. ਆਈ. ਅਧਿਆਪਕਾਂ ਨੇ ਧਰਨਾ ਸਮਾਪਤ ਕੀਤਾ ਅਤੇ 31 ਮਾਰਚ ਨੂੰ ਜਥੇਬੰਦੀ ਦਾ ਵਫਦ ਖੇਡ ਮੰਤਰੀ ਨੂੰ ਮਿਲਿਆ।

PunjabKesari

ਉਨ੍ਹਾਂ ਆਗੂਆਂ ਨੂੰ ਭਰੋਸੇ ’ਚ ਲੈਂਦਿਆਂ ਕਿਹਾ ਕਿ 1 ਹਫਤੇ ’ਚ ਤੁਹਾਡੀ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਵਾ ਦਿੱਤੀ ਜਾਵੇਗੀ ਪਰ ਇਕ ਹਫਤਾ ਬੀਤ ਜਾਣ ਤੋਂ ਬਾਅਦ ਵੀ ਪੀ. ਟੀ. ਆਈ. ਅਧਿਆਪਕਾਂ ਦਾ ਇੱਕ ਵਫਦ ਫਿਰ ਤੋਂ ਚੰਡੀਗੜ੍ਹ ਸਰਕਾਰੀ ਕੋਠੀ ਵਿਖੇ ਮਿਲਣ ਗਿਆ ਤਾਂ ਉਨ੍ਹਾਂ ਦੇ ਪੁੱਤਰ ਹੀਰਾ ਸੋਢੀ ਨਾਲ ਗੱਲਬਾਤ ਕੀਤੀ ਤਾਂ ਉਹ ਇਸ ਭਰਤੀ ਸਬੰਧੀ ਪੱਲਾ ਝਾੜਦੇ ਨਜ਼ਰ ਆਏ। ਯੂਨੀਅਨ ਆਗੂ ਅਸ਼ੋਕ ਕੁਮਾਰ ਨੇ ਕਿਹਾ ਕਿ 2016 ’ਚ ਜਲਾਲਾਬਾਦ ਵਿਖੇ ਟੈਂਕੀ ਤੋਂ ਉਤਾਰਨ ਦਾ ਵਾਅਦਾ ਯਾਦ ਕਰਵਾਇਆ ਪਰ ਹੀਰਾ ਸੋਢੀ ਨੇ ਉਸ ਗੱਲ ਨੂੰ ਨਜ਼ਰਅੰਦਾਜ਼ ਕਰ ਦਿੱਤਾ, ਜਿਸ ਤੋਂ ਖਫ਼ਾ ਹੋਏ ਬੇਰੁਜ਼ਗਾਰ ਪੀ. ਟੀ. ਆਈ. ਅਧਿਆਪਕਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਮਜਬੂਰ ਹੋ ਕੇ ਮੁੱਖ ਹਾਈਵੇ ਨੂੰ ਜਾਮ ਕਰਨਾ ਪਿਆ। ਇਸ ਜਾਮ ਦੀ ਸੂਚਨਾ ਮਿਲਦੇ ਹੀ ਸਬੰਧਤ ਥਾਣਾ ਗੁਰੂਹਰਸਹਾਏ ਦੇ ਪੁਲਸ ਅਧਿਕਾਰੀ ਮੌਕੇ ’ਤੇ ਪੁੱਜ ਗਏ ਪਰ ਅਧਿਆਪਕਾਂ ਵੱਲੋਂ ਖੇਡ ਮੰਤਰੀ ਪੰਜਾਬ ਖ਼ਿਲਾਫ ਨਾਅਰੇਬਾਜ਼ੀ ਜਾਰੀ ਹੈ। 


Anuradha

Content Editor

Related News