ਨਾਬਾਲਗ ਵਿਦਿਆਰਥੀ ਟ੍ਰੈਫਿਕ ਨਿਯਮਾਂ ਦੀ ਕਰਦੇ ਹਨ ਉਲੰਘਣਾ

12/09/2018 12:43:35 AM

 ਮੋਗਾ, (ਬਿੰਦਾ)- ਸਕੂਲ ਜਾਣ ਵਾਲੇ 18 ਸਾਲਾਂ ਤੋਂ ਘੱਟ ਉਮਰ ਦੇ ਬੱਚੇ, ਜਿਨ੍ਹਾਂ ਦੇ ਅਜੇ ਤੱਕ ਡਰਾਈਵਿੰਗ ਲਾਇਸੈਂਸ ਨਹੀਂ ਬਣੇ, ਦੋਪਹੀਆ ਵਾਹਨ ਚਲਾਉਂਦੇ ਅਕਸਰ ਬਾਜ਼ਾਰ ’ਚ ਦੇਖਣ ਨੂੰ ਮਿਲਦੇ ਹਨ, ਜਿਸ ਕਾਰਨ ਉਹ ਸਿਰਫ ਨਾ ਆਪਣਾ ਬਲਕਿ ਦੂਸਰਿਆਂ ਦੇ ਵੀ ਜੀਵਨ ਨੂੰ ਜੋਖਮ ’ਚ ਪਾ ਰਹੇ ਹਨ। ਦੂਸਰੇ ਪਾਸੇ ਟ੍ਰੈਫਿਕ ਪੁਲਸ ਵੀ ਦੋਪਹੀਆਂ ਵਾਹਨ ਚਲਾਉਣ ਵਾਲੇ ਨਾਬਾਲਗਾਂ ਖਿਲਾਫ ਕਾਰਵਾਈ ਦੀ ਬਜਾਏ ਉਨ੍ਹਾਂ ਨੂੰ ਸਿਰਫ ਸਮਝਾ ਕੇ ਕੰਮ ਸਾਰ ਦਿੰਦੀ ਹੈੈ ਤੇ ਜ਼ਿਆਦਾਤਰ ਆਪਣਾ ਸਮਾਂ ਵ੍ਹੀਕਲਾਂ ਦੇ ਚਲਾਨ ਕੱਟਣ ’ਤੇ ਲਾਉਂਦੀ ਹੈ ਅਤੇ ਉਹ ਵੀ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨਾ ਚਾਹੁੰਦੀ ਹੈ ਪਰ ਲੋਕ ਟ੍ਰੈਫਿਕ ਕਰਮਚਾਰੀਆਂ ਨੂੰ ਆਪਣਾ ਬਣਦਾ ਸਹਿਯੋਗ ਨਹੀਂ ਦੇ ਰਹੇ, ਜਿਸ ਕਾਰਨ ਸ਼ਹਿਰ ’ਚ ਟ੍ਰੈਫਿਕ ਦੀ ਸਮੱਸਿਆ ਆਮ ਦੇਖਣ ਨੂੰ ਮਿਲਦੀ ਹੈ।
ਕੀ ਕਹਿਣੈ ਏ. ਐੱਸ. ਆਈ. ਤਰਸੇਮ ਸਿੰਘ ਦਾ  
 ਇਸ ਮੌਕੇ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਏ. ਐੱਸ.ਆਈ. ਤਰਸੇਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿਛਲੇ 15 ਸਾਲਾਂ ਤੋਂ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਦੇ ਸਕੂਲਾਂ-ਕਾਲਜਾਂ ਵਿਚ ਜਾ ਕੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਆਪਣੇ ਵਾਹਨ ਦੇ ਨਾਲ ਵਾਹਨ ਦੀ ਰਜਿਸਟ੍ਰੇਸ਼ਨ, ਪ੍ਰਦੂਸ਼ਣ, ਬੀਮਾ ਸਰਟੀਫਿਕੇਟ ਅਤੇ ਡਰਾਈਵਿੰਗ ਲਾਇਸੈਂਸ ਵੀ ਆਪਣੇ ਨਾਲ ਰੱਖਣ ਲਈ ਕਿਹਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੇ ਮਨਾਂ ’ਚ ਪੁਲਸ ਪ੍ਰਤੀ ਪਿਆਰ ਵਧਾਉਣ ਲਈ ਵੀ ਉਨ੍ਹਾਂ ਨੂੰ ਵੀ ਪ੍ਰੇਰਿਤ ਕੀਤਾ ਜਾਂਦਾ ਹੈ।
ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ’ਚ ਲਡ਼ਕੀਆਂ ਵੀ ਲਡ਼ਕਿਆਂ ਨਾਲੋਂ ਘੱਟ ਨਹੀਂ 
 ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ’ਚ ਚਲਡ਼ਕੀਆਂ ਵੀ ਲਡ਼ਕਿਆਂ ਨਾਲੋਂ ਕਿਸੇ ਪਾਸੋਂ ਘੱਟ ਨਹੀਂ ਹਨ। ਸਕੂਲਾਂ, ਕਾਲਜਾਂ ’ਚ ਛੁੱਟੀ ਹੋਣ ਤੋਂ ਬਾਅਦ ਨਾ ਸਿਰਫ ਤੇਜ਼ ਰਫਤਾਰ ਨਾਲ ਲਡ਼ਕੀਆਂ ਵ੍ਹੀਕਲ ਭਜਾਉਂਦੀਆਂ ਆਮ ਨਜ਼ਰ ਆਉਂਦੀਆਂ ਹਨ, ਬਲਕਿ ਕਈ ਮਾਮਲਿਆ ’ਚ ਇਕ ਹੀ ਵ੍ਹੀਕਲ ’ਤੇ ਟ੍ਰਿਪਲ ਸਵਾਰੀ ਕਰਦੀਆਂ ਆਮ ਵੇਖਣ ਨੂੰ ਮਿਲਦੀਆਂ ਹਨ। ਜ਼ਿਲਾ ਮੈਜਿਸਟ੍ਰੇਟ ਦੀ ਪਾਬੰਦੀ ਦੇ ਬਾਵਜੂਦ ਮੂੰਹ ਨੂੰ ਢੱਕ ਕੇ ਡਰਾਈਵਿੰਗ ਕਰਨ ’ਚ ਵੀ ਲਡ਼ਕੇ-ਲਡ਼ਕੀਆਂ ਪਿੱਛੇ ਨਹੀਂ ਹਨ।
ਮੌਕੇ ’ਤੇ ਚਲਾਨ ਭੁਗਤਣ ਦੀ ਹੋਵੇ ਸੁਵਿਧਾ : ਐੱਸ. ਕੇ. ਬਾਂਸਲ 
 ਇਸ ਮੌਕੇ ਐੱਸ. ਕੇ. ਬਾਂਸਲ ਐੱਨ. ਜੀ. ਓ., ਜੋ ਰੋਡ ਸੇਫਟੀ ਕਮੇਟੀ ਦੇ ਮੈਂਬਰ ਵੀ ਹਨ, ਨੇ ਦੱਸਿਆ ਕਿ ਇਸ ਕਮੇਟੀ ਦੀਆਂ ਰੈਗੂਲਰ ਮੀਟਿੰਗਾਂ ਕਰ ਕੇ ਸਮਾਜ ਸੇਵੀ ਸੰਸਥਾ ਦੇ ਨੁਮਾਇੰਦਿਆਂ ਦੀ ਇਕ ਕਮੇਟੀ ਬਣਾਈ ਜਾਵੇ, ਜੋ ਕਿ ਟ੍ਰ੍ਰੈਫਿਕ ਅਵੇਅਰਨੈੱਸ ਬਾਰੇ ਲੋਕਾਂ ਨੂੰ ਜਾਗਰੂਕ ਕਰੇ ਅਤੇ ਨਾਲ ਹੀ ਟ੍ਰੈਫਿਕ ਪੁਲਸ ਨੂੰ ਪੂਰਨ ਸਹਿਯੋਗ ਦੇਵੇ ਤਾਂ ਜੋ ਟ੍ਰੈਫਿਕ ਵਿਵਸਥਾ ਨੂੰ ਸਚਾਰੂ ਢੰਗ ਨਾਲ ਚਲਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਚੰਡੀਗਡ਼੍ਹ ਸ਼ਹਿਰ ਵਾਂਗ ਇਥੇ ਵੀ ਮੌਕੇ ’ਤੇ ਚਲਾਨ ਭੁਗਤਣ ਦੀ ਸੁਵਿਧਾ ਹੋਣੀ ਚਾਹੀਦੀ ਹੈ ਤਾਂ ਜੋ ਲੋਕ ਚਲਾਨ ਮਗਰੋਂ ਦਫਤਰਾਂ ’ਚ ਹੁੰਦੀ ਬੇਵਜ੍ਹਾ ਪ੍ਰੇਸ਼ਾਨੀ ਤੋਂ ਬਚ ਸਕਣ।
ਬੱਚਿਆਂ ਨੂੰ ਮੋਟਰਸਾਈਕਲ ਦੇਣਾ ਮਾਪਿਆਂ ਦੀ ਬਣੀ ਮਜਬੂਰੀ : ਧੀਰ
 ਇਸ ਮੌਕੇ ਜ਼ਿਲਾ ਇੰਟਕ ਦੇ ਪ੍ਰਧਾਨ ਐਡਵੋਕੇਟ ਵਿਜੇ ਧੀਰ ਨੇ ਕਿਹਾ ਕਿ ਸਕੂਲ ਜਾਣ ਵਾਲੇ ਨਾਬਾਲਗ ਬੱਚਿਆਂ ਨੂੰ ਸਕੂਟਰੀ ਅਤੇ ਮੋਟਰਸਾਈਕਲ ਦੇਣਾ ਕਈ ਮਾਪਿਆਂ ਦੀ ਮਜਬੂਰੀ ਬਣ ਗਈ ਹੈ ਕਿਉਂਕਿ ਬੱਚਿਆਂ ਵੱਲੋਂ ਵੱਖ-ਵੱਖ ਵਿਸ਼ਿਆਂ ਦੀਆਂ ਟਿਊਸ਼ਨਾਂ ਪਡ਼੍ਹਨ ਕਾਰਨ ਮਾਪੇ ਆਪਣਾ ਕੰਮ-ਕਾਜ ਛੱਡ ਕੇ ਕਿੱਥੇ-ਕਿੱਥੇ ਉਨ੍ਹਾਂ ਨਾਲ ਤੁਰੇ-ਫਿਰਦੇ ਰਹਿਣ। ਉਨ੍ਹਾਂ ਕਿਹਾ ਅੱਜ ਸਮੇਂ ਦੀ ਰਫਤਾਰ ਬਹੁਤ ਬਦਲ ਗਈ ਹੈ, ਜਿਸ ਮੁਤਾਬਕ ਸਰਕਾਰ ਨੂੰ ਚਾਹੀਦਾ ਹੈ  ਕਿ  ਉਹ ਲਾਇਸੈਂਸ ਦੀ ਉਮਰ ਨੂੰ 18 ਸਾਲ ਤੋਂ ਘਟਾ ਕੇ 16 ਕਰੇ।
‘ਵਿਦਿਆਰਥੀ ਚਲਾਨ ਤੋਂ ਬਚਣ ਲਈ ਚਲਾਉਂਦੇ ਹਨ ਤੇਜ਼ ਵਾਹਨ’
ਟ੍ਰੈਫਿਕ ਇੰਚਾਰਜ ਜਗਤਾਰ ਸਿੰਘ ਨੇ ਕਿਹਾ ਕਿ ਨਾਬਾਲਗ ਸਕੂਲੀ ਬੱਚੇ ਜਿਨ੍ਹਾਂ ਕੋਲ ਨਾ ਤਾਂ ਲਾਇਸੈਂਸ ਹੁੰਦਾ ਹੈ ਤੇ ਨਾ ਹੀ ਉਨ੍ਹਾਂ ਹੈਲਮੇਟ ਪਹਿਨਿਆ ਹੁੰਦਾ ਹੈ, ਪੁਲਸ ਨਾਕਿਆਂ ’ਤੇ ਚਲਾਨ ਤੋਂ ਬਚਣ ਲਈ ਆਪਣੇ ਮੋਟਰਸਾਈਕਲ ਨੂੰ ਤੇਜ਼ ਰਫਤਾਰ ’ਤੇ ਭਜਾਉਣ ਲੱਗ ਜਾਂਦੇ ਹਨ, ਜਿਸ ਨਾਲ ਉਹ ਖੁਦ ਅਤੇ ਹੋਰਨਾਂ ਨੂੰ ਖਤਰੇ ’ਚ ਪਾਉਂਦੇ ਹਨ। ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਾਬਾਲਗ ਬੱਚਿਆਂ ਨੂੰ ਵ੍ਹੀਕਲ ਨਾ ਦੇਣ। ਉਨ੍ਹਾਂ ਕਿਹਾ ਕਿ ਜਦ ਤੱਕ ਅਸੀਂ ਟ੍ਰੈਫਿਕ ਨਿਯਮਾਂ ਦੀ ਖੁਦ ਸਹੀ ਢੰਗ ਨਾਲ ਪਾਲਣਾ ਨਹੀਂ ਕਰਾਂਗੇ, ਉਦੋਂ ਤੱਕ ਟ੍ਰੈਫਿਕ ਦੀ ਮਸੱਸਿਆ ਦਾ ਹੱਲ ਨਹੀਂ ਹੋ ਸਕੇਗਾ। 
ਟ੍ਰੈਫਿਕ ਨਿਯਮਾਂ ਸਬੰਧੀ ਕੀਤਾ  ਜਾਂਦੈ ਜਾਗਰੂਕ : ਹਰਜੀਤ ਸਿੰਘ  
 ਸਾਂਝ ਕੇਂਦਰ ਮੋਗਾ ਦੇ ਇੰਚਾਰਜ ਸਬ-ਇੰਸਪੈਕਟਰ ਹਰਜੀਤ ਸਿੰਘ ਨੇ ਕਿਹਾ ਕਿ ਪ੍ਰਿਥੀਪਾਲ ਸਿੰਘ ਕਪਤਾਨ ਪੁਲਸ ਸਥਾਨਕ ਜ਼ਿਲਾ ਕਮਿਊਨਿਟੀ ਪੁਲਸ ਮੋਗਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਂਝ ਕੇਂਦਰ ਮੋਗਾ ਦੀ ਟੀਮ ਵੱਲੋਂ ਉਨ੍ਹਾਂ ਦੀ ਅਗਵਾਈ ’ਚ ਟ੍ਰੈਫਿਕ ਸਬੰਧੀ ਜਾਗਰੂਕਤਾ ਸੈਮੀਨਾਰ ਲਾਏ ਜਾਂਦੇ ਹਨ, ਜਿਸ ’ਚ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਪ੍ਰਤੀ ਪ੍ਰੇਰਿਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸਾਂਝ ਕੇਂਦਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਪ੍ਰਤੀ ਵੀ ਜਾਗਰੂਕ ਕੀਤਾ ਜਾਂਦਾ ਹੈ।