ਟਰੱਕ ਤੇ ਮੋਟਰਸਾਈਕਲ ਦੀ ਟੱਕਰ ’ਚ 2 ਨੌਜਵਾਨਾਂ ਦੀ ਮੌਤ

Sunday, Oct 07, 2018 - 07:04 AM (IST)

ਕੁਹਾਡ਼ਾ, (ਸੰਦੀਪ)- ਚੰਡੀਗਡ਼੍ਹ ਲੁਧਿਆਣਾ ਹਾਈਵੇ ’ਤੇ ਕੁਹਾਡ਼ਾ ਨੇਡ਼ੇ ਬੀਤੀ ਰਾਤ ਪਿੰਡ ਜੰਡਿਆਲੀ ਦੇ 2 ਨੌਜਵਾਨਾਂ ਦੀ ਸਡ਼ਕ ਹਾਦਸੇ ’ਚ ਮੌਤ ਹੋ ਗਈ। ਏ. ਐੱਸ. ਆਈ. ਰਣਧੀਰ ਸਿੰਘ ਨੂੰ ਮ੍ਰਿਤਕਾਂ ਦੇ ਦੋਸਤ ਸੰਦੀਪ ਸਿੰਘ ਬੱਢੇਵਾਲ ਜੋ ਉਨ੍ਹਾਂ ਦੇ ਪਿੱਛੇ ਅਾਪਣੀ ਐਕਟਿਵਾ  ’ਤੇ ਆ ਰਿਹਾ ਸੀ ਨੇ ਅਾਪਣੇ ਬਿਆਨਾਂ ’ਚ ਦੱਸਿਆ ਕਿ ਸਾਡਾ ਤਿੰਨਾਂ ਹੀ ਦੋਸਤਾਂ ਦਾ ਪਿੰਡ ਪਾਂਗਲੀਆਂ ਵਿਖੇ ਸੂਰਾਂ ਦਾ ਫਾਰਮ ਹੈ, ਜਿਸ ’ਚੋਂ ਅਸੀਂ ਰੋਜ਼ਾਨਾ ਦੀ ਤਰ੍ਹਾਂ ਅਾਪਣਾ ਕੰਮ ਖਤਮ ਕਰ ਕੇ ਅਾਪਣੇ ਘਰਾਂ ਨੂੰ ਆ ਰਹੇ ਸੀ। ਮੇਰੇ ਦੋਸਤ ਮਨਜੀਤ ਸਿੰਘ ਮੋਨਾ (36) ਪੁੱਤਰ ਆਸਾ ਰਾਮ ਤੇ ਰਣਜੀਤ ਸਿੰਘ (42) ਪੁੱਤਰ  ਬਲਵੀਰ ਸਿੰਘ ਦੋਵੇਂ ਵਾਸੀ ਪਿੰਡ ਜੰਡਿਆਲੀ ਮੇਰੇ ਅੱਗੇ ਅਾਪਣੇ ਸਪਲੈਂਡਰ ਮੋਟਰਸਾਈਕਲ ’ਤੇ ਜਾ ਰਹੇ ਸੀ, ਜਦੋਂ ਅਸੀਂ ਕੁਹਾਡ਼ਾ ਨੇਡ਼ੇ ਪੈਟਰੋਲ ਪੰਪ ਕੋਲ ਪੁੱਜੇ ਤਾਂ ਗਲਤ ਸਾਈਡ ਤੋਂ ਆ ਰਹੇ ਤੇਜ਼ ਰਫਤਾਰ ਟਰੱਕ ਨੇ   ਮੋਟਰਸਾਈਕਲ ਨੂੰ ਅਾਪਣੀ ਲਪੇਟ ’ਚ ਲੈ ਲਿਆ। ਟਰੱਕ ਚਾਲਕ ਟਰੱਕ ਸਮੇਤ ਫਰਾਰ ਹੋ ਗਿਆ। ਸੰਦੀਪ ਨੇ  ਦੱਸਿਆ ਕਿ ਰਣਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਮੈਂ ਫੋਨ ਰਾਹੀਂ 108 ਐਂਬੂਲੈਂਸ ਨੂੰ ਹਾਦਸੇ ਬਾਰੇ ਸੂਚਨਾ ਦਿੱਤੀ ਪਰ ਐਂਬੂਲੈਂਸ ਨਾ ਆਈ। ਮਨਜੀਤ ਸਿੰਘ ਕਾਫੀ ਸਮਾਂ ਸਡ਼ਕ ’ਤੇ ਹੀ ਪਿਆ ਤਡ਼ਫਦਾ ਰਿਹਾ। ਫਿਰ ਮਨਜੀਤ ਸਿੰਘ ਨੂੰ ਕਿਸੇ ਪ੍ਰਾਈਵੇਟ ਵਾਹਨ ਰਾਹੀਂ ਫੋਰਟਿਸ ਹਸਪਤਾਲ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲਸ ਥਾਣਾ ਕੂੰਮਕਲਾਂ ਨੇ ਅਣਪਛਾਤੇ ਟਰੱਕ ਚਾਲਕ ਖਿਲ਼ਾਫ ਮਾਮਲਾ ਦਰਜ ਕਰ ਕੇ ਕੈਮਰਿਅਾਂ ਦੀ ਮਦਦ ਨਾਲ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਤੇ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤੀਅਾਂ, ਜਿਨ੍ਹਾਂ ਦਾ ਜੰਡਿਆਲੀ ਵਿਖੇ ਸ਼ਮਸ਼ਾਨਘਾਟ ’ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਮਨਜੀਤ ਸਿੰਘ ਅਾਪਣੇ ਪਿੱਛੇ ਦੋ ਬੱਚੇ ਇਕ ਲਡ਼ਕਾ ਤੇ ਲਡ਼ਕੀ ਤੇ ਰਣਜੀਤ ਸਿੰਘ ਤਿੰਨ ਲਡ਼ਕਿਅਾਂ ਸਮੇਤ ਪਰਿਵਾਰਕ ਮੈਂਬਰਾਂ ਨੂੰ ਰੋਂਦੇ ਕੁਰਲਾਉਂਦੇ ਹੋਏ ਛੱਡ ਗਏ। 


Related News