ਨਾਬਾਲਗਾ ਨੂੰ ਅਗਵਾ ਕਰਨ ਦੇ ਦੋਸ਼ ਵਿਚ ਦੋ ਸਾਲ ਦੀ ਕੈਦ

10/22/2019 11:08:05 PM

ਲੁਧਿਆਣਾ (ਮਹਿਰਾ)-ਸਥਾਨਕ ਤਰਨਤਾਰਨ ਸਿੰਘ ਵਧੀਕ ਸੈਸ਼ਨ ਜੱਜ ਦੀ ਅਦਾਲਤ ਨੇ ਇਕ ਨਾਬਾਲਗਾ ਨੂੰ ਅਗਵਾ ਕਰਨ ਦੇ ਦੋਸ਼ ਵਿਚ ਦੋਸ਼ੀ ਨੀਰਜ ਕੁਮਾਰ ਨਿਵਾਸੀ ਨਿਰਮਲਪੁਰਾ, ਜ਼ਿਲਾ ਹਰਦੋਹੀ, ਉੱਤਰ ਪ੍ਰਦੇਸ਼ ਨੂੰ ਦੋ ਸਾਲ ਦੀ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸ ਸਬੰਧੀ ਪੁਲਸ ਥਾਣਾ ਡਾਬਾ ਵੱਲੋਂ 15 ਅਕਤੂਬਰ 2017 ਨੂੰ ਦੋਸ਼ੀ ਵਿਰੁੱਧ ਨਾਬਾਲਗਾ ਨੂੰ ਅਗਵਾ ਕਰਨ ਅਤੇ ਉਸ ਦੇ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿਚ ਕੇਸ ਦਰਜ ਕੀਤਾ ਗਿਆ ਸੀ।

ਸ਼ਿਕਾਇਤਕਰਤਾ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਦੋਸ਼ ਲਗਾਇਆ ਕਿ ਉਸ ਦੀ 13 ਸਾਲਾ ਬੇਟੀ ਜੋ ਚੌਥੀ ਕਲਾਸ ਪਾਸ ਹੈ, ਘਰੋਂ ਦੁਕਾਨ 'ਤੇ ਜਾਣ ਦਾ ਕਹਿ ਕੇ ਘਰ ਵਾਪਸ ਨਹੀਂ ਆਈ। ਉਸ ਨੂੰ ਸ਼ੱਕ ਹੈ ਕਿ ਉਨ੍ਹਾਂ ਦੀ ਗਲੀ ਵਿਚ ਰਹਿਣ ਵਾਲਾ ਉਕਤ ਦੋਸ਼ੀ ਹੀ ਉਨ੍ਹਾਂ ਦੀ ਬੇਟੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾ ਲੈ ਗਿਆ ਹੈ ਜਿਸ 'ਤੇ ਪੁਲਸ ਨੇ ਕਾਰਵਾਈ ਕਰਦੇ ਹੋਏ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਉਸ ਦੇ ਕਬਜ਼ੇ ਵਿਚੋਂ ਨਾਬਾਲਗਾ ਨੂੰ ਵੀ ਬਰਾਮਦ ਕਰ ਲਿਆ ਸੀ। ਪੁਲਸ ਨੇ ਦੋਸ਼ੀ ਵਿਰੁੱਧ ਬਾਕਾਇਦਾ ਪੋਕਸੋ ਐਕਟ ਦੇ ਤਹਿਤ ਕੇਸ ਦਰਜ ਕੀਤਾ ਸੀ ਪਰ ਅਦਾਲਤ ਵਿਚ ਪੁਲਸ ਦੋਸ਼ੀ ਵਿਰੁੱਧ ਲਗਾਏ ਬਲਾਤਕਾਰ ਕਰਨ ਅਤੇ ਪੀੜਤਾ ਦੇ ਨਾਲ ਕੀਤੇ ਸ਼ੋਸ਼ਣ ਨੂੰ ਸਾਬਤ ਕਰਨ ਵਿਚ ਅਸਫਲ ਰਹੀ ਜਿਸ ਕਾਰਨ ਅਦਾਲਤ ਨੇ ਦੋਸ਼ੀ ਨੂੰ ਸਿਰਫ ਪੀੜਤਾ ਨੂੰ ਅਗਵਾ ਕਰਨ ਦੇ ਦੋਸ਼ ਵਿਚ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ।

Karan Kumar

This news is Content Editor Karan Kumar