ਕਤਲ ਤੇ ਜਬਰ-ਜ਼ਨਾਹ ਦੇ ਦੋਸ਼ ’ਚ ਦੋ ਨੂੰ ਉਮਰ ਕੈਦ

09/18/2018 6:47:18 AM

ਲੁਧਿਆਣਾ, (ਮਹਿਰਾ)- ਬੀਮਾਰੀ ਦਾ ਇਲਾਜ ਕਰਵਾਉਣ ਆਈ ਲਡ਼ਕੀ ਨਾਲ ਜਬਰ-ਜ਼ਨਾਹ ਕਰ ਕੇ ਉਸ ਦਾ ਕਤਲ ਕਰਨ ਦੇ ਦੋਸ਼ ਵਿਚ ਵਧੀਕ ਸੈਸ਼ਨ ਜੱਜ ਕੁਲਦੀਪ ਕੁਮਾਰ ਕਰੀਰ ਦੀ ਅਦਾਲਤ ਨੇ ਈ. ਡਬਲਿਊ. ਐੱਸ. ਕਾਲੋਨੀ ਨਿਵਾਸੀ ਮੁਹੰਮਦ ਜੌਹਰ, ਪੱਪੂ ਰਾਮ ਅਤੇ ਬਲਬੀਰ ਸਿੰਘ ਨੂੰ ਉਮਰ ਕੈਦ ਅਤੇ 25-25 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਨਾ ਭਰਨ ਦੀ ਸੂਰਤ ਵਿਚ ਦੋਸ਼ੀਆਂ ਨੂੰ 1 ਸਾਲ ਵਾਧੂ ਕੈਦ ਕੱਟਣੀ ਪਵੇਗੀ। ਉਕਤ ਕੇਸ ਸ਼ਿਕਾਇਤਕਰਤਾ ਈ. ਡਬਲਿਊ. ਐੱਸ. ਕਾਲੋਨੀ ਨਿਵਾਸੀ ਰਮੇਸ਼ ਕੁਮਾਰ ਦੀ ਸ਼ਿਕਾਇਤ ’ਤੇ 27 ਅਪ੍ਰੈਲ 2016 ਨੂੰ ਪੁਲਸ ਥਾਣਾ ਡਵੀਜ਼ਨ ਨੰ. 7 ਵਿਚ ਦਰਜ ਕੀਤਾ ਗਿਆ ਸੀ।
 ਸ਼ਿਕਾਇਤਕਰਤਾ ਨੇ ਪੁਲਸ ਕੋਲ ਦਰਜ ਕਰਵਾਏ ਕੇਸ ’ਚ ਦੱਸਿਆ ਕਿ ਉਸ ਨੇ ਆਪਣੇ ਘਰ ਦੇ ਕੁੱਝ ਕਮਰੇ ਉਕਤ ਦੋਸ਼ੀਆਂ ਨੂੰ ਕਿਰਾਏ ’ਤੇ ਦੇ ਰੱਖੇ ਸਨ। ਸ਼ਿਕਾਇਤਕਰਤਾ ਦੀ 27 ਸਾਲਾਂ ਭੈਣ ਟੀ. ਬੀ. ਤੋਂ ਪੀਡ਼ਤ ਸੀ, ਜਿਸ ਕਾਰਨ ਉਹ ਆਪਣਾ ਇਲਾਜ ਕਰਵਾਉਣ ਸ਼ਿਕਾਇਤਕਰਤਾ ਦੇ ਘਰ ਆਈ ਹੋਈ ਸੀ। 26 ਅਪ੍ਰੈਲ 2016 ਨੂੰ ਸ਼ਿਕਾਇਤਕਰਤਾ ਅਤੇ ਉਸ ਦਾ ਅਤੇ ਉਸ ਦਾ ਬਾਕੀ ਪਰਿਵਾਰ ਘਰ ਵਿਚ ਸੁੱਤਾ ਹੋਇਆ ਸੀ। ਰਾਤ ਕਰੀਬ 2 ਵਜੇ ਸ਼ਿਕਾਇਤਕਰਤਾ ਨੂੰ ਚੀਕਣ ਦੀ ਆਵਾਜ਼ ਸੁਣੀ। ਜਦੋਂ ਉਸ ਨੇ ਆਪਣੀ ਭੈਣ ਦੇ ਕਮਰੇ ਵਿਚ ਜਾ ਕੇ ਦੇਖਿਆ ਤਾਂ ਉਹ ਉੱਥੇ ਮੌਜੂਦ ਨਹੀਂ ਸੀ। ਇਸ ਤੋਂ ਬਾਅਦ ਸ਼ਿਕਾਇਤਕਰਤਾ ਦੇ ਘਰ ਦੀ ਛੱਤ ’ਤੇ ਪੁੱਜਾ ਜਿੱਥੇ ਉਸ ਨੇ ਦੇਖਿਆ ਕਿ ਤਿੰਨੋ ਦੋਸ਼ੀ ਉਸ ਦੀ ਭੈਣ ਨਾਲ ਬਲਾਤਕਾਰ ਕਰ ਰਹੇ ਸਨ। ਸ਼ਿਕਾਇਤਕਰਤਾ ਨੂੰ ਦੇਖਦੇ ਹੀ ਦੋਸ਼ੀ ਮੁਹੰਮਦ ਜ਼ੌਹਰ ਨੇ ਬਲੇਡ ਨਾਲ ਸ਼ਿਕਾਇਤਕਰਤਾ ਦੀ ਭੈਣ ’ਤੇ ਹਮਲਾ ਕਰ ਦਿੱਤਾ ਅਤੇ ਬਾਅਦ ’ਚ ਉਸ ਦਾ ਸਿਰ ਕੰਧ ਵਿਚ ਦੇ ਮਾਰਿਆ, ਜਿਸ ਕਾਰਨ ਉਹ ਬੁਰੀ ਤਰ੍ਹਾਂ ਲਹੁ ਲੂਹਾਨ ਹੋ ਗਈ। ਸ਼ਿਕਾਇਤਕਰਤਾ ਨੇ ਆਪਣੀ ਭੈਣ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸ ਦੇ ਦੇਖਦੇ ਹੀ ਦੇਖਦੇ ਦੋਸਤਾਂ ਨੇ ਉਸ ਦੀ ਭੈਣ ਨੂੰ ਘਰ ਦੀ ਤੀਜੀ ਮੰਜ਼ਿਲ ਤੋਂ ਸਡ਼ਕ ’ਤੇ ਸੁੱਟ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਸ਼ਿਕਾਇਤਕਰਤਾ ਅਤੇ ਹੋਰ ਮੁਹੱਲੇ ਵਾਲਿਆਂ ਨੇ ਦੋਸ਼ੀਆਂ ਨੂੰ ਫਡ਼ਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਫਰਾਰ ਹੋ ਗਏ। ਬਾਅਦ ’ਚ ਪੁਲਸ ਨੇ ਦੋਸ਼ੀ ਮੁਹੰਮਦ ਜੌਹਰ ਨੂੰ ਗ੍ਰਿਤਫਾਰ ਕੀਤਾ। ਪੁੱਛਗਿਛ ਦੌਰਾਨ ਉਸ ਤੋਂ ਉਹ ਬਲੇਡ ਵੀ ਬਰਾਮਦ ਹੋਇਆ, ਜਿਸ ਨਾਲ ਉਸ ਨੇ ਪੀਡ਼ਤਾ ਦਾ ਕਤਲ ਕੀਤਾ ਸੀ। ਜਦੋਂ ਪੁਲਸ ਨੂੰ ਉਹ ਬਲੇਡ ਮਿਲਿਆ ਤਾਂ ਉਹ ਪੀਡ਼ਤਾ ਦੇ ਖੂਨ ਨਾਲ ਲਥਪਥ ਸੀ। ਛਾਣਬੀਨ ਦੌਰਾਨ ਪੁਲਸ ਨੇ ਬਾਕੀ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰ ਕੇ ਅਦਾਲਤ ਵਿਚ ਪੇਸ਼ ਕੀਤਾ।