ਚੋਰੀ ਦੇ 12 ਮੋਟਰਸਾਈਕਲਾਂ ਤੇ ਇੱਕ ਐਕਟਿਵਾ ਸਣੇ ਦੋ ਕਾਬੂ, ਇੱਕ ਫਰਾਰ

07/31/2021 7:26:11 PM

ਦੋਦਾ/ਸ੍ਰੀ ਮੁਕਤਸਰ ਸਾਹਿਬ (ਲਖਵੀਰ ਸ਼ਰਮਾ, ਪਵਨ ਤਨੇਜਾ)-ਜ਼ਿਲ੍ਹਾ ਪੁਲਸ ਮੁਖੀ ਸ਼੍ਰੀਮਤੀ ਡੀ. ਸੁਡਰਵਿਜੀ ਦੇ ਨਿਰਦੇਸ਼ਾਂ ਅਤੇ ਨਰਿੰਦਰ ਸਿੰਘ ਡੀ. ਐੱਸ. ਪੀ. ਗਿੱਦੜਬਾਹਾ ਦੀ ਯੋਗ ਅਗਵਾਈ ’ਚ ਪੁਲਸ ਵੱਲੋਂ ਸ਼ਰਾਰਤੀ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਵਿੱਢੀ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਥਾਣਾ ਕੋਟਭਾਈ ਦੀ ਪੁਲਸ ਨੇ ਚੋਰੀ ਦੇ 12 ਮੋਟਰਸਾਈਕਲਾਂ ਅਤੇ ਇੱਕ ਐਕਟਿਵਾ ਸਣੇ ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਕੋਟਭਾਈ ਦੇ ਐੱਸ. ਐੱਚ. ਓ. ਨਵਪ੍ਰੀਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਮੋਹਣ ਸਿੰਘ ਵੱਲੋਂ ਸਮੇਤ ਪੁਲਸ ਪਾਰਟੀ ਪਿੰਡ ਭਲਾਈਆਣਾ ਵਿਖੇ ਆਉਣ-ਜਾਣ ਵਾਲੇ ਵ੍ਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ।

ਇਹ ਵੀ ਪੜ੍ਹੋ : ਖ਼ਬਰਦਾਰ ! ਕਿਤੇ ਤੁਸੀਂ ਤਾਂ ਨਹੀਂ ਖਾ ਰਹੇ ਇਸ ਤਰ੍ਹਾਂ ਸਾਫ਼ ਕੀਤੀਆਂ ਸਬਜ਼ੀਆਂ (ਵੀਡੀਓ)

ਇਸ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨ ਮੌਕੇ ਤੋਂ ਭੱਜ ਗਏ ਪਰ ਪੁਲਸ ਵੱਲੋਂ ਦੋ ਦਿਨ ਬਾਅਦ ਹਰਮੰਦਰ ਸਿੰਘ ਉਰਫ ਹਰਵਿੰਦਰ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਮਹਿਮਾ ਸਰਜਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁੱਛਗਿਛ ’ਚ ਉਸ ਨੇ ਦੱਸਿਆ ਕਿ ਚੋਰੀ ਕੀਤੇ ਮੋਟਰਸਾਈਕਲ ਦੀਪਾ ਸਿੰਘ ਪੁੱਤਰ ਭੋਲਾ ਨੂੰ ਦਿੱਤੇ ਹਨ ਤਾਂ ਚੋਰੀ ਦੇ ਮੋਟਰਸਾਈਕਲ ਲੈਣ ਦੇ ਮਾਮਲੇ ’ਚ ਉਸ ਨੂੰ ਵੀ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਚੋਰੀ ਦੇ 12 ਮੋਟਰਸਾਈਕਲ ਅਤੇ ਇੱਕ ਐਕਟਿਵਾ ਬਰਾਮਦ ਕਰ ਲਈ। ਮੁਲਜ਼ਮਾਂ ਖਿਲਾਫ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ, ਜਦਕਿ ਉਨ੍ਹਾਂ ਦਾ ਤੀਸਰਾ ਸਾਥੀ ਜਸਵੰਤ ਸਿੰਘ ਉਰਫ ਡੀਅਰ ਫਰਾਰ ਹੈ, ਜਿਸ ਦੀ ਭਾਲ ਜਾਰੀ ਹੈ।


Manoj

Content Editor

Related News