ਕਰੀਬ ਦੋ ਘੰਟਿਆਂ ਦੀ ਬਾਰਿਸ਼ ਆਮ ਲੋਕਾਂ ਤੇ ਕਿਸਾਨਾਂ  ਲਈ ਬਣੀ ਵਰਦਾਨ

06/25/2020 6:55:21 PM

ਸ੍ਰੀ ਮੁਕਤਸਰ ਸਾਹਿਬ/ਮੰਡੀ ਲੱਖੇਵਾਲੀ (ਪਵਨ ਤਨੇਜਾ, ਖ਼ੁਰਾਣਾ, ਸੁਖਪਾਲ) - ਇੱਕ ਪਾਸੇ ਭਖਵੀਂ ਗਰਮੀ ਤੋਂ ਨਿਜ਼ਾਤ ਅਤੇ ਦੂਜੇ ਪਾਸੇ ਕਿਸਾਨੀ 'ਚ ਪਾਣੀ ਦੀ ਲੋੜ ਨੂੰ ਅੱਜ ਸਵੇਰੇ ਮਾਨਸੂਨ ਦੀ ਦਸਤਕ ਨੇ ਪੂਰਾ ਕਰ ਦਿੱਤਾ ਹੈ। ਕਰੀਬ ਦੋ ਘੰਟੇ ਹੋਈ ਬਾਰਿਸ਼ ਨਾਲ ਲੋਕਾਂ ਨੂੰ ਜਿੱਥੇ ਗਰਮੀ ਤੋਂ ਕੁੱਝ ਰਾਹਤ ਮਿਲੀ ਹੈ, ਉਥੇ ਹੀ ਖੇਤਾਂ 'ਚ  ਕਿਸਾਨਾਂ ਲਈ ਇਹ ਬਾਰਿਸ਼ ਵਰਦਾਨ ਸਾਬਿਤ ਹੋਈ ਹੈ। ਇਸ ਦੇ ਨਾਲ ਹੀ ਇਸ  ਬਾਰਿਸ਼ ਦੇ ਚੱਲਦਿਆਂ ਸ਼ਹਿਰ ਦੇ ਨੀਵੇਂ ਇਲਾਕਿਆਂ 'ਚ ਪਾਣੀ ਜਮ੍ਹਾ ਹੋ ਗਿਆ ਹੈ, ਜਿਸ  ਤੋਂ ਬਾਅਦ ਲੋਕਾਂ ਦੀ ਪਰੇਸ਼ਾਨੀ ਵਿਚ ਵੀ ਵਾਧਾ ਹੋਇਆ। ਅੱਜ ਸ਼ਹਿਰ ਦਾ ਤਾਪਮਾਨ 35 ਡਿਗਰੀ ਸੈਲਸੀਅਰ ਦਰਜ ਕੀਤਾ ਗਿਆ ਹੈ, ਜਦੋਂਕਿ ਆਮ ਦਿਨਾਂ 'ਚ ਤਾਪਮਾਨ ਦਾ ਪਾਰਾ 40 ਤੋਂ ਪਾਰ ਹੀ ਰਿਹਾ ਹੈ। ਅੱਜ ਸਵੇਰੇ ਆਈ ਬਾਰਿਸ਼ ਦੇ ਚੱਲਦਿਆਂ ਆਮ ਜਨਜੀਵਨ ਖੁਸ਼ਮਿਜ਼ਾਜ਼ ਦਿਖਾਈ ਦਿੱਤਾ। ਸਵੇਰ ਵੇਲੇ ਤੋਂ ਹੀ ਅਸਮਾਨ 'ਤੇ ਕਾਲੀਆਂ ਘਟਾਵਾਂ ਨੇ ਦਸਤਕ ਦਿੱਤੀ, ਜਿਸ ਤੋਂ ਬਾਅਦ ਤੇਜ਼ ਹਨ੍ਹੇਰੀ ਦੇ ਨਾਲ-ਨਾਲ ਬਾਰਿਸ਼ ਆਈ। ਕਰੀਬ  ਦੋ ਘੰਟੇ ਹੋਈ ਬਾਰਿਸ਼  ਨੇ ਦਿਨ ਚੜ੍ਹਦਿਆਂ ਹੀ ਲੋਕਾਂ ਨੂੰ ਗਰਮੀ ਤੋਂ ਰਾਹਤ ਪ੍ਰਦਾਨ ਕੀਤੀ ਹੈ ਤੇ ਠੰਡੀਆਂ ਹਵਾਵਾਂ ਚੱਲਦੀਆਂ ਰਹੀਆਂ।

PunjabKesari

ਦੂਜੇ ਪਾਸੇ ਸ਼ਹਿਰ ਦੇ ਬਜ਼ਾਰਾਂ, ਗਲੀਆਂ ਵਿਚ ਬਾਰਿਸ਼ ਦਾ ਪਾਣੀ ਲੋਕਾਂ  ਲਈ ਮੁਸੀਬਤ ਵੀ ਬਣਿਆ ਹੈ, ਕਿਉਂਕਿ ਸ਼ਹਿਰ ਦੇ ਕਈ ਅਜਿਹੇ ਇਲਾਕੇ ਹਨ, ਜਿੱਥੇ ਸੀਵਰੇਜ ਸਿਸਟਮ ਦਰੁਸਤ ਨਹੀਂ ਹੈ ਅਤੇ ਸੀਵਰੇਜ ਦਾ ਪਾਣੀ ਲੰਬੇ ਸਮੇਂ ਤੋਂ ਗਲੀਆਂ 'ਚ ਆਪਣੀ ਠਹਿਰ ਬਣਾਈ ਬੈਠਾ ਹੈ, ਪਰ ਅੱਜ ਬਾਰਿਸ ਤੋਂ ਬਾਅਦ ਇਹ ਪਾਣੀ ਓਵਰਫਲੋਅ ਵਾਲੀ ਸਥਿਤੀ ਵਿਚ ਦਿਖਾਈ ਦਿੱਤੀ, ਨਤੀਜਨ ਅਜਿਹੇ ਰੋਡ ਬੰਦ ਵਾਂਗ ਹੋ ਗਏ ਤੇ ਰਾਹਗੀਰਾਂ ਨੂੰ  ਪਾਣੀ ਕਰਕੇ ਮੁਸੀਬਤਾਂ ਦਾ ਸਾਹਮਣਾ ਕਰਦੇ ਹੋਏ ਵੀ ਵੇਖਿਆ ਗਿਆ ਹੈ।

ਮੀਂਹ ਨਾਲ ਕਿਸਾਨਾਂ ਦੇ ਚਿਹਰੇ ਖਿੜੇ, ਮਿਲੀ ਵੱਡੀ ਰਾਹਤ

ਅੱਜ ਸਵੇਰ ਵੇਲੇ ਹੀ ਬਾਰਿਸ਼ ਦੀ ਦਸਤਕ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ, ਉਥੇ ਹੀ ਕਿਸਾਨਾਂ ਦੇ ਚਿਹਰੇ ਵੀ ਖਿੜ ਗਏ ਹਨ, ਕਿਉਂਕਿ ਇਸ ਮੌਕੇ ਕਿਸਾਨਾਂ ਨੂੰ ਬਾਰਿਸ਼  ਦੀ ਬਹੁਤ ਜ਼ਰੂਰਤ ਸੀ, ਕਿਉਂਕਿ ਝੋਨੇ ਦੀ ਬਿਜਾਈ ਚੱਲ ਰਹੀ ਹੈ ਤੇ ਝੋਨੇ ਨੂੰ ਪਾਣੀ ਦੀ  ਜ਼ਰੂਰਤ ਹਰ ਵੇਲੇ ਰਹਿੰਦੀ ਹੈ। ਇਸ ਤੋਂ ਇਲਾਵਾ ਨਰਮੇ ਦੀ ਫਸਲ ਵੀ ਪਾਣੀ ਮੰਗ ਰਹੀ ਸੀ  ਤੇ ਹਰੇ ਚਾਰੇ, ਸਬਜ਼ੀਆਂ ਵਾਲੇ ਕਿਸਾਨਾਂ ਨੂੰ ਬਾਰਿਸ਼ ਨੇ ਇੱਕ ਵੱਡੀ ਰਾਹਤ ਪ੍ਰਦਾਨ ਕੀਤੀ  ਹੈ। ਖੇਤਾਂ ਵਿੱਚ ਬਾਰਿਸ਼ ਤੋਂ ਬਾਅਦ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਕਿਸਾਨ ਸਿਮਰਜੀਤ ਸਿੰਘ ਬਰਾੜ ਲੱਖੇਵਾਲੀ, ਸ਼ੇਰਬਾਜ ਸਿੰਘ ਬਰਾੜ, ਪ੍ਰਗਟ ਸਿੰਘ, ਜਸਵਿੰਦਰ ਸਿੰਘ ਨੰਦਗੜ੍ਹ ਤੇ ਸਰਬਜੀਤ ਸਿੰਘ ਬਰਾੜ ਭਾਗਸਰ ਨੇ ਕਿਹਾ ਕਿ ਕਿਸਾਨਾਂ ਦੀਆਂ ਫ਼ਸਲਾਂ ਲਈ ਮੀਂਹ ਦੇਸੀ  ਘਿਓ ਵਾਂਗ ਲੱਗ ਰਿਹਾ ਹੈ। ਇਸੇ ਤਰ੍ਹਾਂ ਪਿੰਡ ਭੰਗਚੜੀ ਦੇ ਕਿਸਾਨ ਰਾਜਾ ਸਿੰਘ, ਬਧਾਈ ਤੋਂ ਕਿਸਾਨ ਗੁਰਦੇਵ ਸਿੰਘ, ਮੜਮੱਲੂ ਦੇ ਕਿਸਾਨ ਸ਼ਿੰਦਰਪਾਲ  ਸਿੰਘ ਨੇ ਕਿਹਾ ਕਿ ਅੱਜ ਹੀ ਬਾਰਿਸ਼ ਫਸਲਾਂ ਦੇ ਲਈ ਬਹੁਤ ਲਾਹੇਵੰਦ ਹੈ, ਜੇਕਰ ਇਸੇ ਤਰ੍ਹਾਂ ਰੋਜ਼ ਬਾਰਿਸ਼ ਹੋਵੇ ਤਾਂ ਫਸਲਾਂ ਨੂੰ ਵੱਡਾ ਫਾਇਦਾ ਮਿਲੇਗਾ। ਖੇਤੀਬਾੜੀ ਅਫ਼ਸਰ ਡਾ: ਜਲੌਰ ਸਿੰਘ ਦਾ ਕਹਿਣਾ ਹੈ ਕਿ ਇਹ ਬਾਰਿਸ਼ ਫ਼ਸਲਾਂ ਲਈ ਬਹੁਤ ਚੰਗੀ ਹੈ, ਖ਼ਾਸ ਤੌਰ 'ਤੇ ਬਾਸਮਤੀ ਝੋਨੇ ਲਈ।

PunjabKesari


Harinder Kaur

Content Editor

Related News