ਰੋਜ਼ੇ ਦੌਰਾਨ ਖਾਣਾ ਖਾਣ ਤੇ ਦੋ ਧੀਆਂ ਕਰ ਦਿੱਤੀਆਂ ਕਤਲ

05/16/2019 12:18:06 AM

ਪਿੰਜੌਰ(ਰਾਵਤ)- ਪਿੰਜੌਰ ਬੱਦੀ ਕੌਮੀ ਰਾਜ ਮਾਰਗ 'ਤੇ ਸਥਿਤ ਮਢਾਂਵਾਲਾ ਨੇੜੇ ਪਿੰਡ ਗੋਰਖਨਾਥ 'ਚ ਮਤਰੇਏ ਪਿਤਾ ਨੇ ਦੋ ਬੇਟੀਆਂ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਪਿਤਾ ਮੌਕੇ ਤੋਂ ਫਰਾਰ ਹੋ ਗਿਆ। ਇਸ ਤੋਂ ਬਾਅਦ ਪੁਲਸ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਦੇਰ ਸ਼ਾਮ ਕਾਲਕਾ ਰੇਲਵੇ ਸਟੇਸ਼ਨ ਤੋਂ ਕਾਬੂ ਕਰ ਲਿਆ ਹੈ।
ਇਸ ਸਬੰਧੀ ਸ਼ਹਿਜ਼ਾਦ ਉਰਫ ਸੱਜੋ ਨਿਵਾਸੀ ਯੂ. ਪੀ. ਨੇ ਦੱਸਿਆ ਕਿ 13 ਸਾਲ ਪਹਿਲਾਂ 2006 'ਚ ਉਸ ਦਾ ਵਿਆਹ ਹਬੀਬ ਸ਼ਾਹ ਨਿਵਾਸੀ ਬਾਕਰ ਨਗਰ ਬਿਜਨੌਰ ਮੇਹਰਲੀਪੁਰ ਉੱਤਰ ਪ੍ਰਦੇਸ਼ 'ਚ ਹੋਇਆ। ਇਹ ਉਸ ਦਾ ਦੂਜਾ ਵਿਆਹ ਸੀ। ਪਹਿਲੇ ਪਤੀ ਤੋਂ ਉਸ ਦੇ 2 ਬੇਟੇ ਅਤੇ 3 ਬੇਟੀਆਂ ਸਨ। ਵੱਡੇ ਬੇਟੇ ਦਾ ਨਾਮ ਅਰਸ਼ਦ ਹੈ, ਜੋ ਮੁੰਬਈ 'ਚ ਬੇਕਰੀ 'ਚ ਕੰਮ ਕਰਦਾ ਹੈ। ਦੂਜੇ ਨੰਬਰ 'ਤੇ ਬੇਟੀ ਆਸ਼ੀਆ (22) ਤੀਜੀ ਬੇਟੀ ਸ਼ਿਫਾ (19) ਚੌਥੀ ਬੇਟੀ ਰੀਆ (14) ਅਤੇ ਪੰਜਵਾਂ ਪੁੱਤਰ ਆਮਾਨ ਹੈ।
ਸੱਜੋ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਹਬੀਬ ਨੇ ਸੱਜੋ ਨੂੰ ਕਿਹਾ ਕਿ ਉਹ ਜਾ ਕੇ ਬਾਜ਼ਾਰ 'ਚੋਂ ਤੰਬਾਕੂ ਲੈ ਆਵੇ। ਉਹ ਬਾਜ਼ਾਰ ਚਲੀ ਗਈ। 20 ਮਿੰਟ ਬਾਅਦ ਜਦੋਂ ਉਹ ਜਦੋਂ ਵਾਪਸ ਆਈ ਤਾਂ ਉਸ ਦੀ ਧੀ ਰੀਆ ਰੋਂਦੇ ਹੋਏ ਬਾਹਰ ਆਈ ਅਤੇ ਉਸ ਨੇ ਦੱਸਿਆ ਕਿ ਪਾਪਾ ਨੇ ਦੋਵਾਂ ਭੈਣਾਂ ਨੂੰ ਚਾਕੂ ਮਾਰ ਦਿੱਤਾ ਹੈ। ਸੱਜੋ ਨੇ ਦੱਸਿਆ ਕਿ ਜਦੋਂ ਉਸ ਨੇ ਘਰ ਦੇ ਅੰਦਰ ਜਾ ਕੇ ਵੇਖਿਆ ਤਾਂ ਆਸ਼ੀਆ ਖੂਨ ਨਾਲ ਲਿਬੜੀ ਪਈ ਸੀ ਅਤੇ ਬਾਹਰ ਸ਼ਿਫਾ ਦੀ ਗਰਦਨ 'ਚੋਂ ਖੂਨ ਨਿਕਲ ਰਿਹਾ ਸੀ। ਪੁਲਸ ਨੂੰ ਦਿੱਤੇ ਬਿਆਨ 'ਚ ਰੀਆ ਨੇ ਦੱਸਿਆ ਕਿ ਉਸ ਦਾ ਮਤਰੇਆ ਪਿਤਾ ਉਨ੍ਹਾਂ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ। ਸੋਮਵਾਰ ਨੂੰ ਦੋਵਾਂ ਭੈਣਾਂ ਨਾਲ ਪਿਤਾ ਦੀ ਬਹਿਸ ਇਸ ਲਈ ਹੋਈ ਸੀ ਕਿ ਉਹ ਰੋਜ਼ੇ ਦੇ ਦਿਨ ਬਾਹਰ ਖਾਣਾ ਖਾ ਕੇ ਆ ਗਈਆਂ ਸਨ। ਉਸ ਨੇ ਬਾਥਰੂਮ 'ਚ ਲੁਕ ਕੇ ਆਪਣੀ ਜਾਨ ਬਚਾਈ ਹੈ।
ਐੱਸ. ਐੱਚ. ਓ. ਥਾਣਾ ਪਿੰਜੌਰ ਮੁਕੇਸ਼ ਕੁਮਾਰ ਨੇ ਕਿਹਾ ਕਿ ਹਬੀਬ ਸ਼ਾਹ ਖਿਲਾਫ ਪੋਕਸੋ ਐਕਟ ਤੇ ਕਤਲ ਦਾ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਬੀਬ ਨੂੰ ਦੇਰ ਸ਼ਾਮ ਗ੍ਰਿਫਤਾਰ ਕਰ ਕੇ ਕਤਲ 'ਚ ਵਰਤਿਆ ਚਾਕੂ ਬਰਾਮਦ ਕਰ ਲਿਆ ਗਿਆ ਹੈ।

satpal klair

This news is Content Editor satpal klair