ਸੂਚਨਾ ਐਕਟ ਦੀ ਉਲੰਘਣਾ ਕਰਨ ’ਤੇ ਦੋ ਮਾਮਲੇ ਸੂਚਨਾ ਕਮਿਸਨ ਕੋਲ ਭੇਜੇ: ਬੁਜਰਕ

01/19/2021 10:22:42 AM

ਦਿੜ੍ਹਬਾ ਮੰਡੀ(ਅਜੈ): ਸੂਚਨਾ ਅਧਿਕਾਰ ਐਕਟ 2005 ਦੀ ਉਲੰਘਣਾ ਕਰਨ ਕਰਕੇ ਦੋ ਮਾਮਲੇ ਪੰਜਾਬ ਰਾਜ ਸੂਚਨਾ ਕਮਿਸ਼ਨ ਕੋਲ ਭੇਜੇ ਗਏ ਹਨ ਤਾਂ ਜੋ ਐਕਟ ਦੀ ਪ੍ਰਵਾਹ ਨਾ ਕਰਨ ਵਾਲੇ ਸੂਚਨਾ ਅਫ਼ਸਰਾਂ ਨੂੰ ਬਣਦੇ ਜ਼ੁਰਮਾਨੇ ਕਰਵਾਏ ਜਾ ਸਕਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਆਰ.ਟੀ.ਆਈ. ਮਾਹਿਰ ਬ੍ਰਿਸ ਭਾਨ ਬੁਜਰਕ ਨੇ ਕਿਹਾ ਕਿ ਨਗਰ ਪੰਚਾਇਤ ਦਿੜ੍ਹਬਾ ਕੋਲੋਂ ਆਮਦਨ ਅਤੇ ਖਰਚ ਸਬੰਧੀ ਜਾਣਕਾਰੀ ਮੰਗੀ ਗਈ ਸੀ ਪਰ ਨਗਰ ਪੰਚਾਇਤ ਵੱਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ। ਜਿਸ ਕਰਕੇ ਕਾਨੂੰਨ ਮੁਤਾਬਿਕ ਸੂਚਨਾ ਅਧਿਕਾਰੀ ਨੂੰ ਪਹਿਲੀ ਅਪੀਲ ਵੀ ਪਾਈ ਗਈ ਪਰ 45 ਦਿਨਾਂ ਤੱਕ ਉਸ ਅਪੀਲ ਦਾ ਵੀ ਨਗਰ ਪੰਚਾਇਤ ਦੇ ਉਚ ਅਧਿਕਾਰੀ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ। ਆਖ਼ਿਰਕਾਰ ਇਹ ਮਾਮਲਾ ਪੰਜਾਬ ਰਾਜ ਸੂਚਨਾ ਕਮਿਸ਼ਨ ਕੋਲ ਭੇਜਣਾ ਪਿਆ।

ਦੂਸਰੇ ਮਾਮਲੇ 'ਚ ਸਿਵਲ ਸਰਜਨ ਸੰਗਰੂਰ ਵੱਲੋਂ ਫੂਡ ਸੇਫਟੀ ਲਾਈਸੈਂਸ ਲੈਣ ਦੇ ਮਾਮਲੇ ’ਚ ਕਿਸੇ ਵੀ ਫਰਮ ਦੀ ਸੂਚੀ ਜਾਰੀ ਨਹੀਂ ਕੀਤੀ ਗਈ। ਜਿਹੜੀ ਸੂਚਨਾ ਅਧਿਕਾਰ ਐਕਟ ’ਚ ਮੰਗੀ ਗਈ ਸੀ। ਇਸ ਮਾਮਲੇ ਨੂੰ ਵੀ ਸੂਚਨਾ ਕਮਿਸ਼ਨ ਕੋਲ ਭੇਜਿਆ ਗਿਆ ਬੁਜਰਕ ਨੇ ਕਿਹਾ ਕਿ ਸੂਚਨਾ ਅਧਿਕਾਰ ਐਕਟ ਦੀ ਉਲੰਘਣਾ ਕਰਨ ਵਾਲੇ ਅਫ਼ਸਰਾਂ ਨੂੰ ਵੱਧ ਤੋ ਵੱਧ ਜ਼ੁਰਮਾਨੇ ਹੋਣੇ ਚਾਹੀਦੇ ਹਨ ਤਾਂ ਜੋ ਉਹ ਸਮੇਂ ਸਿਰ ਸੂਚਨਾ ਦੇਣ ਦੇ ਪਾਬੰਦ ਹੋਣ।

Aarti dhillon

This news is Content Editor Aarti dhillon