ਦਰਜਨਾਂ ਜਾਨਾਂ ਬਚਾਉਣ ਵਾਲੇ ਗੋਤਾਖੋਰ ਦੀ ਡੁੱੱਬਣ ਨਾਲ ਮੌਤ
Wednesday, Dec 19, 2018 - 04:12 AM (IST)

ਪਟਿਆਲਾ, (ਬਲਜਿੰਦਰ)- ਲਾਸ਼ ਦੀ ਭਾਲ ’ਚ ਪਸਿਆਣਾ ਪੁਲ ਕੋਲ ਪਾਣੀ ਵਿਚ ਗਿਆ ਗੋਤਖੋਰ ਥੱਲੇ ਪਏ ਕੂਡ਼ੇ ਦੇ ਢੇਰ ’ਚ ਫਸ ਗਿਆ। ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸ਼ੀਲੂ ਕੁਮਾਰ ਪੁੱਤਰ ਜੈ ਭਗਵਾਨ ਵਾਸੀ ਪਟਿਆਲਾ ਵਜੋਂ ਹੋਈ। 28 ਸਾਲਾ ਸ਼ੀਲੂ ਦਾ ਇਕ ਢਾਈ ਸਾਲ ਦਾ ਛੋਟਾ ਬੇਟਾ ਹੈ। ਸ਼ੀਲੂ ਦੀ ਲਾਸ਼ ਨੂੰ ਅੱਜ ਪਹਿਲਾਂ ਮੋਰਚਰੀ ਵਿਚ ਰਖਵਾ ਦਿੱਤਾ ਗਿਆ।
ਭੋਲੇ ਸ਼ੰਕਰ ਡਾਈਵਰਜ਼ ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਰੋਪਡ਼ ਤੋਂ ਕੁਝ ਵਿਅਕਤੀ ਭਾਖਡ਼ਾ ਨਹਿਰ ਵਿਚ ਡਿੱਗ ਪਏ ਸਨ। ਉਨ੍ਹਾਂ ਦੀ ਭਾਲ ਲਈ 6 ਮੈਂਬਰੀ ਟੀਮ ਬਣਾਈ ਗਈ ਸੀ, ਜਿਨ੍ਹਾਂ ਵਿਚ ਸ਼ੀਲੂ ਕੁਮਾਰ ਵੀ ਸ਼ਾਮਲ ਸੀ। ਜਦੋਂ ਉਸ ਨੇ ਪਸਿਆਣਾ ਪੁਲ ਕੋਲ ਗੋਤਾ ਲਾਇਆ ਤਾਂ ਥੱਲੇ ਜਮ੍ਹਾ ਹੋਏ ਕੂਡ਼ੇ ਵਿਚ ਉਸ ਦਾ ਪੈਰ ਫਸ ਗਿਆ ਅਤੇ ਉੱਪਰ ਨਹੀਂ ਆ ਆਇਆ। ਟੀਮ ਦੇ ਬਾਕੀ ਮੈਂਬਰਾਂ ਨੇ ਸੋਚਿਆ ਕਿ ਸ਼ਾਇਦ ਲਾਸ਼ਾਂ ਦੀ ਤਲਾਸ਼ ਵਿਚ ਅੱਗੇ ਨਿਕਲ ਗਿਆ ਹੈ। ਜਦੋਂ ਅੱਜ ਦੇਖਿਆ ਤਾਂ ਥੱਲੇ ਫਸਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਕੇ ਲਾਸ਼ ਮੋਰਚਰੀ ਵਿਚ ਰਖਵਾ ਦਿੱਤੀ ਹੈ। ਪ੍ਰਧਾਨ ਸ਼ੰਕਰ ਭਾਰਦਵਾਜ ਨੇ ਮੰਗ ਕੀਤੀ ਕਿ ਸ਼ੀਲੂ ਕੁਮਾਰ ਹੁਣ ਤੱਕ ਦਰਜਨਾਂ ਜ਼ਿੰਦਗੀਆਂ ਬਚਾਅ ਚੁੱਕਾ ਹੈ। ਪ੍ਰਸ਼ਾਸਨ ਨੂੰ ਉਸ ਦੇ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ। ਪਰਿਵਾਰ ਬਹੁਤ ਹੀ ਗਰੀਬ ਹੈ। ਉਸ ਦੇ ਛੋਟੇ ਬੱਚੇ ਦਾ ਹੋਰ ਕੋਈ ਸਹਾਰਾ ਨਹੀਂ ਹੈ।