ਸਿਵਲ ਹਸਪਤਾਲ 'ਚ ਇੰਸਟਾਲ ਹੋਈ ਟਰੂਨੈਟ ਮਸ਼ੀਨ, ਜਲਦ ਸ਼ੁਰੂ ਹੋਣਗੇ ਟੈਸਟ

06/05/2020 1:11:44 AM

ਲੁਧਿਆਣਾ, (ਰਾਜ)— ਟੀ. ਬੀ. ਦੀ ਜਾਂਚ ਲਈ ਵਰਤੀ ਜਾਣ ਵਾਲੀ ਟਰੂਨੈਟ ਮਸ਼ੀਨ ਨਾਲ ਕੋਵਿਡ-19 ਦੇ ਟੈਸਟ ਲੁਧਿਆਣਾ 'ਚ ਜਲਦ ਸ਼ੁਰੂ ਹੋ ਰਹੇ ਹਨ। ਇਸ ਲਈ ਸਿਵਲ ਹਸਪਤਾਲ 'ਚ ਟਰੂਨੈਟ ਮਸ਼ੀਨ ਇੰਸਟਾਲ ਕਰ ਦਿੱਤੀ ਗਈ ਹੈ, ਜਦੋਂਕਿ ਉਸ ਨੂੰ ਵਰਤਣ ਦੀ ਵਿਧੀ ਸਬੰਧੀ ਡਾਕਟਰਾਂ ਅਤੇ ਸਟਾਫ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ, ਜਿਸ ਦੇ ਖਤਮ ਹੋਣ ਤੋਂ ਬਾਅਦ ਜਲਦ ਹੀ ਕੋਵਿਡ-19 ਦੇ ਟੈਸਟ ਲੁਧਿਆਣਾ 'ਚ ਹੀ ਸ਼ੁਰੂ ਕਰ ਦਿੱਤੇ ਜਾਣਗੇ।
ਅਸਲ 'ਚ ਕੋਵਿਡ-19 ਦੇ ਟੈਸਟ ਪਟਿਆਲਾ, ਚੰਡੀਗੜ੍ਹ ਜਾਂ ਡੀ. ਐੱਮ. ਸੀ. ਭੇਜੇ ਜਾਂਦੇ ਸਨ। ਇਸ ਦੌਰਾਨ ਸੈਂਪਲ ਰਿਪੋਰਟ ਆਉਣ ਲਈ ਕਾਫੀ ਸਮਾਂ ਲੱਗ ਜਾਂਦਾ ਸੀ। ਇਸ ਤੋਂ ਬਾਅਦ ਇੰਡੀਅਨ ਕਾਊਂਸਲ ਆਫ ਮੈਡੀਕਲ ਰਿਸਰਚ ਵੱਲੋਂ ਇਸ ਮਸ਼ੀਨ ਨੂੰ ਕੋਵਿਡ-19 ਦੇ ਸੈਂਪਲ ਦੀ ਜਾਂਚ ਕਰਨ ਦੀ ਆਗਿਆ ਦੇ ਦਿੱਤੀ ਹੈ। ਇਹ ਮਸ਼ੀਨ ਸੈਂਟ੍ਰਲ ਟੀ. ਬੀ. ਡਵੀਜ਼ਨ ਦਿੱਲੀ ਵੱਲੋਂ ਲਗਾਈ ਗਈ ਹੈ। ਟਰੂਨੈਟ ਮਸ਼ੀਨ 'ਚ ਇਕ ਸਮੇਂ 'ਚ 48 ਵੱਖ-ਵੱਖ ਤਰ੍ਹਾਂ ਦੇ ਸੈਂਪਲਾਂ ਦੀ ਜਾਂਚ ਕੀਤੀ ਜਾ ਸਕਦੀ ਹੈ, ਜਦੋਂਕਿ ਰਿਪੋਰਟ ਵੀ 2 ਘੰਟੇ ਦੇ ਅੰਦਰ-ਅੰਦਰ ਦਿੱਤੀ ਜਾਵੇਗੀ।

ਸੋਮਵਾਰ ਤਕ ਸਿਵਲ ਹਸਪਤਾਲ 'ਚ ਫਿਰ ਸ਼ਿਫਟ ਹੋ ਸਕਦੀ ਹੈ ਓ. ਪੀ. ਡੀ.
ਈ. ਐੱਸ. ਆਈ. ਹਸਪਤਾਲ ਤੋਂ ਮੁੜ ਸਿਵਲ ਹਸਪਤਾਲ 'ਚ ਓ. ਪੀ. ਡੀ. ਸ਼ਿਫਟ ਕਰਨ ਦੀ ਤਿਆਰੀ ਚੱਲ ਰਹੀ ਹੈ, ਜੋ ਕਿ ਜਲਦ ਮੁਕੰਮਲ ਹੋ ਜਾਵੇਗੀ। ਹੁਣ ਸਿਵਲ ਹਸਪਤਾਲ 'ਚ ਕੁਝ ਹੀ ਮਰੀਜ਼ ਰਹਿ ਗਏ ਹਨ, ਜਿਨ੍ਹਾਂ ਨੂੰ ਵੀ ਮੈਰੀਟੋਰੀਅਸ ਸਕੂਲ ਦੇ ਆਈਸੋਲੇਸ਼ਨ ਵਾਰਡ 'ਚ ਸ਼ਿਫਟ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਸਾਰੇ ਸਿਵਲ ਹਸਪਤਾਲ ਨੂੰ ਸੈਨੇਟਾਈਜ਼ ਕੀਤਾ ਜਾਵੇਗਾ। ਬਾਅਦ 'ਚ ਓ. ਪੀ. ਡੀ. ਸੋਮਵਾਰ ਤਕ ਸ਼ਿਫਟ ਕੀਤੀ ਜਾ ਸਕਦੀ ਹੈ।

ਟਰੂਨੈਟ ਮਸ਼ੀਨ ਸਿਵਲ ਹਸਪਤਾਲ 'ਚ ਇੰਸਟਾਲ ਹੋ ਚੁੱਕੀ ਹੈ। ਉਸ ਨੂੰ ਚਲਾਉਣ ਲਈ ਡਾਕਟਰਾਂ ਤੇ ਸਟਾਫ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ ਜੋ ਕਿ ਜਲਦ ਹੀ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਓ. ਪੀ. ਡੀ. ਸ਼ਿਫਟ ਕਰਨ ਦੀ ਤਿਆਰੀ ਚੱਲ ਰਹੀ ਹੈ। ਕੋਸ਼ਿਸ਼ ਹੈ ਕਿ ਓ. ਪੀ. ਡੀ. ਸੋਮਵਾਰ ਤਕ ਸ਼ਿਫਟ ਕੀਤਾ ਜਾ ਸਕੇ।
-ਡਾ. ਗੀਤਾ ਕਟਾਰੀਆ, ਐੱਸ. ਐੱਮ. ਓ., ਸਿਵਲ ਹਸਪਤਾਲ, ਲੁਧਿਆਣਾ।

KamalJeet Singh

This news is Content Editor KamalJeet Singh