ਟਰੱਕਾਂ ’ਚ ਬੈਂਟਰੇ ਚੋਰੀ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਵਿਰੁੱਧ ਮਾਮਲਾ ਦਰਜ, ਦੋ ਕਾਬੂ ਦੋ ਫਰਾਰ

03/03/2021 1:24:19 PM

ਭਵਾਨੀਗੜ੍ਹ (ਕਾਂਸਲ): ਸਥਾਨਕ ਪੁਲਸ ਨੇ ਇਕ ਟਰੱਕ ’ਚੋਂ ਬੈਂਟਰਾ ਚੋਰੀ ਕਰਨ ਦੇ ਦੋਸ਼ ਹੇਠ ਚੋਰ ਗਿਰੋਹ ਦੇ ਚਾਰ ਮੈਂਬਰਾਂ ਵਿਰੁੱਧ ਮਾਮਲਾ ਦਰਜ ਕਰਕੇ ਦੋ ਨੂੰ ਗ੍ਰਿਫ਼ਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ।ਸਥਾਨਕ ਥਾਣੇ ’ਚ ਅੱਜ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸਥਾਨਕ ਥਾਣਾ ਮੁਖੀ ਇੰਸਪੈਕਟਰ ਗੁਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਸ਼ਹਿਰ ’ਚ ਹੋ ਰਹੀਆਂ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਿਲ੍ਹਾ ਪੁਲਸ ਮੁਖੀ ਸੰਗਰੂਰ ਦੀਆਂ ਹਦਾਇਤਾਂ ਅਨੁਸਾਰ ਉਨ੍ਹਾਂ ਵੱਲੋਂ ਸ਼ਹਿਰ ’ਚ ਦਿਨ ਅਤੇ ਰਾਤ ਸਮੇਂ ਪੁਲਸ ਦੀ ਗਸ਼ਤ ਨੂੰ ਤੇਜ਼ ਕੀਤਾ ਗਿਆ ਅਤੇ ਇਸੇ ਦੌਰਾਨ 28 ਫਰਵਰੀ ਦੀ ਰਾਤ ਨੂੰ ਜਦੋਂ ਉਨ੍ਹਾਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੁਲਸ ਪਾਰਟੀ ਸ਼ਹਿਰ ’ਚ ਗਸ਼ਤ ਕਰ ਰਹੀ ਸੀ ਤਾਂ ਪੁਲਸ ਪਾਰਟੀ ਨੂੰ ਹਸਪਤਾਲ ਰੋਡ ਉਪਰ ਸਥਿਤ ਪ੍ਰਾਚੀਨ ਸ਼ਿਵ ਮੰਦਰ ਨੇੜੇ ਕੁਝ ਵਿਅਕਤੀ ਇਕ ਕਾਰ ਨੂੰ ਲੱਗੇ ਖ਼ੂਨ ਨੂੰ ਸਾਫ਼ ਕਰਦੇ ਦਿਖਾਈ ਦਿੱਤੇ ਤਾਂ ਜਿਵੇ ਹੀ ਪੁਲਸ ਪਾਰਟੀ ਉਨ੍ਹਾਂ ਦੇ ਕੋਲ ਪਹੁੰਚੀ ਤਾਂ ਦੋ ਵਿਅਕਤੀ ਜਿਨ੍ਹਾਂ ਦੀ ਪਛਾਣ ਗਗਨਪ੍ਰੀਤ ਸਿੰਘ ਉਰਫ ਭੂਪਨਾ ਪੁੱਤਰ ਲਖਵਿੰਦਰ ਸਿੰਘ ਵਾਸੀ ਕਾਕੜਾ ਰੋਡ ਭਵਾਨੀਗੜ੍ਹ ਅਤੇ ਰਾਜਵੀਰ ਸਿੰਘ ਵਾਸੀ ਫੱਗੂਵਾਲਾ ਇਥੋਂ ਭੱਜਣ ’ਚ ਸਫ਼ਲ ਹੋ ਗਏ ਜਦੋਂ ਕਿ ਪੁਲਸ ਪਾਰਟੀ ਨੇ ਦੋ ਵਿਅਕਤੀਆਂ ਅਮਨਦੀਪ ਸਿੰਘ ਉਰਫ ਬਿੱਲਾ ਪੁੱਤਰ ਅਜੈਬ ਸਿੰਘ ਵਾਸੀ ਤੋਲਾਵਾਲ ਥਾਣਾ ਚੀਮਾ ਅਤੇ ਰਹਿਮਨਦੀਪ ਉਰਫ ਮਿੱਠੂ ਪੁੱਤਰ ਮੇਹਰ ਖਾਂ ਵਾਸੀ ਬਲਿਆਲ ਨੂੰ ਮੌਕੇ ’ਤੇ ਕਾਬੂ ਕਰ ਲਿਆ। 

ਥਾਣਾ ਮੁਖੀ ਨੇ ਦੱਸਿਆ ਕਿ ਇਨ੍ਹਾਂ ਕੋਲੋ ਕੀਤੀ ਗਈ ਪੁੱਛ ਗਿੱਛ ਦੌਰਾਨ ਇਨ੍ਹਾਂ ਮੰਨਿਆ ਕਿ ਇਨ੍ਹਾਂ ਭਵਾਨੀਗੜ੍ਹ ’ਚ ਹੁਣ ਤੱਕ 25 ਤੋਂ 30 ਦੇ ਕਰੀਬ ਵੱਖ-ਵੱਖ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ ਅਤੇ ਇਹ ਚੋਰੀ ਦਾ ਸਮਾਨ ਪਟਿਆਲਾ ਆਦਿ ਸ਼ਹਿਰਾਂ ’ਚ ਵੇਚ ਦਿੰਦੇ ਹਨ। ਥਾਣਾ ਮੁਖੀ ਨੇ ਦੱਸਿਆ ਕਿ ਇਥੋਂ ਫਰਾਰ ਹੋਏ ਇਨ੍ਹਾਂ ਦੇ ਗਿਰੋਹ ਦੇ ਇਕ ਮੈਂਬਰ ਰਾਜਵੀਰ ਸਿੰਘ ਫੱਗੂਵਾਲਾ ਦੀ ਤਲਾਸ਼ ’ਚ ਜਦੋਂ ਪੁਲਸ ਨੇ ਉਸ ਦੇ ਇਕ ਪਲਾਟ ’ਚ ਰੇਡ ਕੀਤੀ ਤਾਂ ਉਥੋਂ ਪੁਲਸ ਨੂੰ 10 ਪੇਟੀਆਂ (120 ਬੋਤਲਾਂ) ਠੇਕਾ ਸ਼ਰਾਬ ਦੇਸ਼ੀ ਦੀਆਂ ਬਰਾਮਦ ਹੋਈਆਂ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਉਪਰ ਪਹਿਲਾਂ ਵੀ ਕਥਿਤ ਤੌਰ ’ਤੇ ਨਜਾਇਜ਼ ਸ਼ਰਾਬ, ਗੋਲੀਆਂ, ਚੋਰੀ ਅਤੇ ਹੋਰ ਵੱਖ-ਵੱਖ ਮੁਕੱਦਮੇ ਦਰਜ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਫੜੇ ਗਏ ਚੋਰ ਗਿਰੋਹ ਦੇ ਮੈਂਬਰਾਂ ਕੋਲੋਂ ਕੀਤੀ ਗਈ ਪੁੱਛ ਪੜਤਾਲ ਦੌਰਾਨ ਹੀ ਪੁਲਸ ਨੇ ਬੀਤੇ ਦਿਨ ਇਕ ਹੋਰ ਨਸ਼ਾ ਤਸਕਰ ਹਰਵਿੰਦਰ ਸਿੰਘ ਉਰਫ ਹਰਮਿੰਦਰ ਸਿੰਘ ਉਰਫ ਰੋਹਿਤ ਪੁੱਤਰ ਸਮਸ਼ੇਰ ਸਿੰਘ ਵਾਸੀ ਆਲੋਅਰਖ ਨੂੰ 230 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ ’ਚ ਸਫ਼ਲਤਾ ਹਾਸਿਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਰਾਂ ਨੂੰ ਮਾਨਯੋਗ ਕੋਰਟ ’ਚ ਪੇਸ਼ ਕਰਕੇ ਇਨ੍ਹਾਂ ਦਾ ਰਿਮਾਂਡ ਲਿਆ ਗਿਆ ਹੈ ਅਤੇ ਇਨ੍ਹਾਂ ਕੋਲੋ ਹੋਰ ਪੁੱਛ ਗਿੱਛ ਜਾਰੀ ਹੈ।

ਉਨ੍ਹਾਂ ਦੱਸਿਆ ਕਿ ਉਕਤ ਚੋਰ ਗਿਰੋਹ ਦੇ ਚਾਰੇ ਮੈਂਬਰ 28 ਫਰਵਰੀ ਦੀ ਰਾਤ ਨੂੰ ਪਿੰਡ ਨੰਦਗੜ੍ਹ ਵਿਖੇ ਜਦੋਂ ਬਲਵੀਰ ਸਿੰਘ ਪੁੱਤਰ ਗੁਰਚਰਨ ਸਿੰਘ ਦੇ ਟਰੱਕ ’ਚ ਬੈਂਟਰਾ ਚੋਰੀ ਕਰਨ ਲਈ ਗਏ ਸਨ ਤਾਂ ਉਥੇ ਇਨ੍ਹਾਂ ’ਚੋਂ ਇਕ ਚੋਰ ਨੇ ਟਰੱਕ ਦਾ ਸ਼ੀਸ਼ਾ ਆਪਣੇ ਹੱਥ ਨਾਲ ਤੋੜਿਆ ਤਾਂ ਇਹ ਸ਼ੀਸ਼ਾ ਉਸ ਦੇ ਹੱਥ ’ਚ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ ਅਤੇ ਇਸ ਦਾ ਖੂਨ ਕਾਰ ਦੀ ਤਾਕੀ ਉਪਰ ਲੱਗ ਗਿਆ ਸੀ  ਅਤੇ ਕਾਰ ਦੀ ਤਾਕੀ ਉਪਰ ਲੱਗੇ ਖੂਨ ਨੂੰ ਜਦੋਂ ਇਹ ਸਾਫ ਕਰ ਰਹੇ ਸਨ ਤਾਂ ਇਹ ਪੁਲਸ ਅੜਿਕੇ ਆ ਗਏ।


Shyna

Content Editor

Related News