ਟਰੱਕ ਆਪ੍ਰੇਰਟਰਾਂ ਤੇ ਡਰਾਈਵਰਾਂ ਵਲੋਂ ਟੋਲ ਪਲਾਜਾ ''ਤੇ ਪੂਰੀ ਪਰਚੀ ਕੱਟਣ ਦਾ ਵਿਰੋਧ

04/22/2019 6:13:56 PM

ਭਵਾਨੀਗੜ੍ਹ,(ਕਾਂਸਲ) : ਸਥਾਨਕ ਸ਼ਹਿਰ ਨੇੜਲੇ ਪਿੰਡ ਕਾਲਾਝਾੜ ਵਿਖੇ ਨੈਸ਼ਨਲ ਹਾਈਵ ਨੰਬਰ 7 'ਤੇ ਸਥਿਤ ਟੋਲ ਪਲਾਜਾ ਵਲੋਂ ਸਥਾਨਕ ਟਰੱਕ ਯੂਨੀਅਨ ਦੇ ਟਰੱਕਾਂ ਦੀ ਪਰਚੀ ਕੱਟਣ ਦੇ ਰੋਸ ਵਜੋਂ ਅੱਜ ਸਥਾਨਕ ਟਰੱਕ ਯੂਨੀਅਨ ਦੇ ਪ੍ਰਧਾਨ ਵਿਪਨ ਕੁਮਾਰ ਸ਼ਰਮਾ ਤੇ ਸਾਬਕਾ ਪ੍ਰਧਾਨ ਰਣਜੀਤ ਸਿੰਘ ਤੂਰ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਇਕੱਠੇ ਹੋਏ ਟਰੱਕ ਆਪਰੇਟਰਾਂ ਨੇ ਟੋਲ ਪਾਲਜਾਂ ਨੇੜੇ ਰੋਸ ਧਰਨਾ ਲਾਇਆ। ਇਸ ਦੌਰਾਨ ਟੋਲ ਪਲਾਜਾਂ ਮੈਨੇਜਮੈਂਟ, ਠੇਕੇਦਾਰ ਤੇ ਪ੍ਰਸ਼ਾਸ਼ਨ ਖਿਲਾਫ ਨਾਅਰੇਬਾਜ਼ੀ ਕੀਤੀ ਗਈ।  ਇਸ ਮੌਕੇ ਜਾਣਕਾਰੀ ਦਿੰਦਿਆਂ ਸਥਾਨਕ ਟਰੱਕ ਯੂਨੀਅਨ ਤੇ ਜ਼ਿਲਾ ਟਰੱਕ ਅਪ੍ਰੇਟਰ ਯੂਨੀਅਨ ਸੰਗਰੂਰ ਪ੍ਰਧਾਨ ਵਿਪਨ ਕੁਮਾਰ ਸ਼ਰਮਾ ਤੇ ਸਾਬਕਾ ਪ੍ਰਧਾਨ ਰਣਜੀਤ ਸਿੰਘ ਤੂਰ ਨੇ ਕਿਹਾ ਕਿ ਭਵਾਨੀਗੜ੍ਹ ਦੀ ਟਰੱਕ ਯੂਨੀਅਨ ਟੋਲ ਪਲਾਜਾ ਦੇ 8 ਕਿਲੋਮੀਟਰ ਦੇ ਦਾਇਰੇ 'ਚ ਆਉਂਦੀ ਹੈ, ਜਿਸ ਕਾਰਨ ਇਥੇ ਸਰਕਾਰ ਦੇ ਨਿਯਮਾਂ ਮੁਤਾਬਕ  ਦਿੱਤੀਆਂ ਹਦਾਇਤਾਂ ਅਨੁਸਾਰ ਵੀ ਕੋਈ ਪਰਚੀ ਨਹੀਂ ਲੱਗਦੀ ਪਰ ਫਿਰ ਵੀ ਟਰੱਕ ਯੂਨੀਅਨ ਵਲੋਂ ਪਹਿਲਾਂ ਵਾਲੇ ਟੋਲ ਪਲਾਜਾ ਨੂੰ ਠੇਕੇ 'ਤੇ ਲੈਣ ਵਾਲੀ ਕੰਪਨੀ ਨਾਲ ਬੈਠ ਕੇ ਆਪਸੀ ਭਾਈਚਾਰਕ ਸਾਂਝ ਤਹਿਤ ਅੱਧੀ ਪਰਚੀ ਕਟਾਉਣ ਦਾ ਨਿਯਮ ਬਣਾਇਆ ਗਿਆ ਸੀ। ਜਿਸ ਨੂੰ ਹੁਣ ਨਵੀਂ ਆਈ ਕੰਪਨੀ ਦੇ ਠੇਕੇਦਾਰ ਇਸ ਨੂੰ ਵੀ ਨਾ ਮੰਨਕੇ ਇਥੋਂ ਲੰਘਣ ਵਾਲੇ ਯੂਨੀਅਨ ਦੇ ਟਰੱਕਾਂ ਦੀ ਪੂਰੀ ਪਰਚੀ ਕੱਟ ਕੇ ਧੱਕੇਸ਼ਾਹੀ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਟੋਲ ਪਲਾਜੇ ਵਾਲੇ ਜਦੋਂ ਟਰੱਕ ਯੂਨੀਅਨ ਦੀਆਂ ਗੱਡੀਆਂ ਚੰਨੋਂ ਵਿਖੇ ਚਿਪਸ ਫੈਕਟਰੀ 'ਚ ਲੋਡ ਕਰਨ ਜਾਂਦੇ ਹਨ ਤਾਂ ਟੋਲ ਪਲਾਜੇ ਵਾਲੇ ਦੋਨੋ ਸਾਇਡ ਆਉਣ ਤੇ ਜਾਣ ਦੀ ਪਰਚੀ ਕੱਟਦੇ ਹਨ ਜਦ ਕਿ ਯੂਨੀਅਨ ਵਾਲੇ ਚਾਹੁੰਦੇ ਹਨ ਕਿ ਸਿਰਫ਼ ਇਕ ਸਾਇਡ ਦੀ ਹੀ ਪਰਚੀ ਲੱਗੇ। ਉਨ੍ਹਾਂ ਦੱਸਿਆਂ ਕਿ ਅੱਧੀ ਪਰਚੀ ਟਰੱਕ ਦੀ 140 ਰੁਪਏ ਦੀ ਹੈ ਇਸ ਤੋਂ ਇਲਾਵਾ ਰੇਤੇ ਅਤੇ ਬਜਰੀ ਦੇ ਭਰੇ ਹੋਏ ਟਰੱਕ ਤੋਂ 140 ਰੁਪਿਆ ਦੀ ਪਰਚੀ ਕੱਟਣ ਤੋਂ ਇਲਾਵਾ ਇਸਦੇ ਓਵਰਲੋਡ ਟਰੱਕ ਦੀ ਅਲੱਗ 280 ਰੁਪਏ ਦੀ ਪਰਚੀ ਕੱਟਦੇ ਹਨ, ਜੋ ਕਿ ਗਲਤ ਹੈ। ਉਨ੍ਹਾਂ ਕਿਹਾ ਕਿ ਹੁਣ ਕਣਕ ਤੇ ਫਿਰ ਝੋਨੇ ਦੇ ਸੀਜਨ ਮੌਕੇ ਲੋਕਲ ਚੱਕਰ ਲਗਾਉਣ ਵੇਲੇ ਇਕ ਟਰੱਕ ਦੇ 3-4 ਢੋਆ ਢੁਆਈ ਦੇ ਚੱਕਰ ਲੱਗ ਜਾਂਦੇ ਹਨ, ਜਿਸ ਲਈ ਯੂਨੀਅਨ ਟੋਲ ਪਲਾਜੇ ਵਾਲਿਆਂ ਨੂੰ ਇਕ ਚੱਕਰ ਦੀ ਪਰਚੀ ਕੱਟਵਾਉਣ ਨੂੰ ਤਿਆਰ ਹਨ ਤੇ ਬਾਕੀ ਦੇ ਚੱਕਰ ਬਿਨ੍ਹਾਂ ਟੋਲ ਲੱਗਿਆਂ ਹੀ ਲੰਘਣੇ ਚਾਹੀਦੇ ਹਨ। ਇਸ ਮੌਕੇ ਟਰੱਕ ਯੂਨੀਅਨ ਦੇ ਆਗੂਆਂ ਤੇ ਹਾਜ਼ਰ ਟਰੱਕ ਆਪਰੇਟਰਾਂ ਨੇ ਟੋਲ ਪਲਾਜੇ ਦੇ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਟੋਲ ਪਲਾਜੇ ਦੀ ਮੈਨੇਜਮੈਂਟ ਨੇ ਆਪਣਾ ਸਖ਼ਤ ਕੀਤਾ ਰਵੱਈਆ ਤਿਆਗ ਕੇ ਪਹਿਲਾਂ ਵਾਲੇ ਨਿਯਮਾਂ ਨੂੰ ਲਾਗੂ ਨਾ ਕੀਤਾ ਤਾਂ ਟਰੱਕ ਯੂਨੀਅਨ ਵੱਲੋਂ ਹਰ ਰੋਜ਼ ਇੱਥੇ ਟੋਲ ਪਲਾਜੇ 'ਤੇ ਰੋਸ ਧਰਨਾ ਲਗਾ ਕੇ ਇਥੇ ਹੀ ਟਰੱਕਾਂ ਦੀ ਪੁਕਾਰ ਕੀਤੀ ਜਾਵੇਗੀ ਤੇ ਕਿਸੇ ਵੀ ਟਰੱਕ ਦੀ ਪਰਚੀ ਨਹੀਂ ਕੱਟਣ ਦੇਣਗੇ। ਇਸ ਮੌਕੇ ਸਰਬਜੀਤ ਸਿੰਘ ਬਿੱਟੂ ਸਾਬਕਾ ਪ੍ਰਧਾਨ, ਦਰਸ਼ਨ ਸਿੰਘ ਕਾਲਾਝਾੜ, ਜਸਵੀਰ ਸਿੰਘ ਜੱਸੀ ਘਰਾਚੋਂ ਤੋਂ ਇਲਾਵਾ ਭਾਰੀ ਗਿਣਤੀ 'ਚ ਟਰੱਕ ਆਪਰੇਟਰ ਤੇ ਟਰੱਕ ਡਰਾਇਵਰ ਮੌਜੂਦ ਸਨ।  ਇਸ ਸਬੰਧੀ ਟੋਲ ਪਲਾਜੇ ਦੇ ਮੈਨੇਜਰ ਉਮੇਸ਼ ਯਾਦਵ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਦੱਸਿਆਂ ਕਿ ਟਰੱਕ ਯੂਨੀਅਨ ਦੀਆਂ ਜੋ ਮੰਗਾਂ ਸਨ। ਉਨ੍ਹਾਂ ਨੂੰ ਹਾਲੇ ਆਰਜ਼ੀ ਤੌਰ 'ਤੇ ਮੰਨ ਲਿਆ ਹੈ ਤੇ ਥੋੜ੍ਹਾਂ ਸਮਾਂ ਮੰਗਿਆਂ ਗਿਆ ਬਾਕੀ ਉਹ ਆਪਣੇ ਉਚ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਕੇ ਤੈਅ ਕਰਨਗੇ।