ਮਾਮਲਾ ਟਰੱਕ ਡਰਾਈਵਰ ਦੀ ਮੌਤ ਦਾ, ਲਾਸ਼ ਹਾਈਵੇ ''ਤੇ ਰੱਖ ਕੇ ਪਰਿਵਾਰ ਵਾਲਿਆਂ ਦਿੱਤਾ ਧਰਨਾ

09/21/2019 1:41:54 PM

ਬਾਘਾਪੁਰਾਣਾ (ਅਜੈ)—ਬਾਘਾਪੁਰਾਣਾ ਦੇ ਨਿਹਾਲ ਸਿੰਘ ਵਾਲਾ ਰੋਡ 'ਤੇ ਬਾਘਾਪੁਰਾਣਾ ਦੇ ਟਰੱਕ ਚਾਲਕ ਨੌਜਵਾਨ ਲੜਕੇ ਦੀ ਭੇਤਭਰੀ ਹਾਲਤ 'ਚ ਮੌਤ ਹੋਣ ਕਾਰਣ ਮ੍ਰਿਤਕ ਦੇ ਪਰਿਵਾਰ ਵਾਲਿਆਂ ਅਤੇ ਮੁਹੱਲਾ ਨਿਵਾਸੀਆਂ ਨੇ ਲਾਸ਼ ਹਾਈਵੇ 'ਤੇ ਰੱਖ ਕੇ ਧਰਨਾ ਦਿੱਤਾ ਅਤੇ ਆਵਾਜਾਈ ਠੱਪ ਕਰ ਦਿੱਤੀ।

ਜਾਣਕਾਰੀ ਅਨੁਸਾਰ ਵਿਨੋਦ ਕੁਮਾਰ ਪੁੱਤਰ ਰਾਮ ਲਾਲ, ਜੋ ਕਿ ਦਰਸ਼ਨ ਰੱਖੜਾ ਦਾ ਟਰੱਕ ਡਰਾਈਵਰ ਸੀ, ਬੀਤੇ ਦਿਨੀਂ ਸਾਮਾਨ ਢੋਹਣ ਲਈ ਟਰੱਕ ਲੈ ਕੇ ਮੰਡੀ ਗੋਬਿੰਦਗੜ੍ਹ ਵਿਖੇ ਗਿਆ, ਜਿੱਥੇ ਉਸ ਦਾ ਅਮਲੋਹ ਰੋਡ 'ਤੇ ਐਕਸੀਡੈਂਟ ਹੋ ਗਿਆ। ਪਰਿਵਾਰ ਵਾਲਿਆਂ ਅਤੇ ਮੁਹੱਲਾ ਨਿਵਾਸੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਉਸ ਦੀ ਮੌਤ ਐਕਸੀਡੈਂਟ ਨਾਲ ਨਹੀਂ ਕਿਸੇ ਹੋਰ ਤਰ੍ਹਾਂ ਹੋਈ ਹੈ।

ਕੌਂਸਲਰ ਜੱਗਾ ਸਿੰਘ ਅਤੇ ਗੁਰਮੁੱਖ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਨੋਦ ਕੁਮਾਰ ਦੇ ਚਾਰ ਭਰਾ ਸਨ, ਤਿੰਨ ਪਹਿਲਾਂ ਮਰ ਚੁੱਕੇ ਹਨ ਅਤੇ ਚੌਥਾ ਦੁਬਈ ਵਿਖੇ ਕੰਮ ਕਰਦਾ ਹੈ। ਪਿਤਾ ਅਧਰੰਗ ਦਾ ਮਰੀਜ਼ ਹੈ ਅਤੇ ਸਮੁੱਚੇ ਪਰਿਵਾਰ ਦਾ ਗੁਜ਼ਾਰਾ ਵਿਨੋਦ ਕੁਮਾਰ ਦੇ ਸਹਾਰੇ ਹੀ ਚੱਲਦਾ ਸੀ। ਇਸ ਮੌਕੇ ਪਹੁੰਚੇ ਥਾਣਾ ਮੁਖੀ ਕੁਲਵਿੰਦਰ ਸਿੰਘ ਧਾਲੀਵਾਲ ਨੇ ਧਰਨਾਕਾਰੀਆਂ ਨੂੰ ਸ਼ਾਂਤ ਕਰਵਾਇਆ ਅਤੇ ਭਰੋਸਾ ਦਿਵਾਇਆ ਕਿ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇਗਾ। ਇਸ ਮੌਕੇ ਪੰਜ ਮੈਂਬਰੀ ਟੀਮ ਤਿਆਰ ਕੀਤੀ ਗਈ, ਜਿਸ ਨੇ ਪੁਲਸ ਰਾਹੀਂ ਇਹ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ। ਖਬਰ ਲਿਖੇ ਜਾਣ ਤੱਕ ਗੱਲਬਾਤ ਜਾਰੀ ਸੀ।

Shyna

This news is Content Editor Shyna