ਟਰਾਈਡੈਂਟ ਗਰੁੱਪ ’ਚ ਵੱਡੇ ਘਪਲੇ ਦਾ ਪਰਦਾਫਾਸ਼, ਸਾਬਕਾ ਚੀਫ਼ ਫਾਇਨੇਂਸ਼ੀਅਲ ਅਫ਼ਸਰ ’ਤੇ 8 ਕਰੋੜ ਦੇ ਗਬਨ ਦਾ ਦੋਸ਼

06/14/2022 3:23:31 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) - ਟਰਾਈਡੈਂਟ ਗਰੁੱਪ ਲਿਮਟਿਡ ਦੇ ਸਾਬਕਾ ਚੀਫ਼ ਫਾਇਨੇਂਸ਼ੀਅਲ ਅਫ਼ਸਰ (ਸੀ.ਐੱਫ.ਓ.) ਹਰਵਿੰਦਰ ਸਿੰਘ ਗਿੱਲ ਪੁੱਤਰ ਸੰਪੂਰਨ ਸਿੰਘ ਵਲੋਂ ਕੰਪਨੀ ਨਾਲ 16 ਅਪ੍ਰੈਲ 2019 ਤੋਂ 17 ਫਰਵਰੀ 2022 ਤੱਕ ਦੇ ਸਮੇਂ ਦੌਰਾਨ ਵੱਡੇ ਪੱਧਰ ’ਤੇ ਕੀਤੇ ਵਿੱਤੀ ਗਬਨ ਦੇ ਬਾਰੇ ਵਿੱਚ ਜਾਣਕਾਰੀ ਹਾਸਿਲ ਹੋਈ। ਹਰਵਿੰਦਰ ਸਿੰਘ ਗਿੱਲ ਨੇ ਟਰਾਈਡੈਂਟ ਲਿਮਟਿਡ ਕੰਪਨੀ ਵਿੱਚ 09 ਸਤੰਬਰ, 2014 ਤੋਂ 18 ਫਰਵਰੀ, 2022 ਤੱਕ ਅਤੇ ਟਰਾਈਡੈਂਟ ਗਰੁੱਪ ਦੀਆਂ ਵੱਖ-ਵੱਖ ਕੰਪਨੀਆਂ ਵਿੱਚ 34 ਸਾਲਾਂ ਤੋਂ ਵੱਧ ਸਮੇਂ ਤੱਕ ਕੰਮ ਕੀਤਾ ਹੈ। ਕੰਪਨੀ ਦੁਆਰਾ ਕਰਵਾਏ ਗਏ ਅੰਦਰੂਨੀ ਆਡਿਟ ਤੋਂ ਪਤਾ ਲੱਗਾ ਹੈ ਕਿ ਕੁੱਲ 185 ਲੈਣ-ਦੇਣਾਂ ਵਿੱਚੋਂ 8 ਕਰੋੜ ਰੁਪਏ ਤੋਂ ਵੱਧ ਦੀ ਰਕਮ ਹਰਵਿੰਦਰ ਗਿੱਲ ਦੇ ਨਿੱਜੀ ਖਾਤਿਆਂ ਵਿੱਚ ਆਨਲਾਈਨ ਨੈੱਟ ਬੈਂਕਿੰਗ ਰਾਹੀਂ ਟਰਾਂਸਫਰ ਕੀਤੀ ਗਈ ਸੀ। 

ਪੜ੍ਹੋ ਇਹ ਵੀ ਖ਼ਬਰ: ਸ਼ਰਾਬੀ ASI ਨੇ ਮੋਟਰਸਾਈਕਲ ਸਵਾਰ ਪਿਓ-ਪੁੱਤਰ 'ਚ ਮਾਰੀ ਕਾਰ, ਟੁੱਟੀਆਂ ਲੱਤਾਂ, ਵੀਡੀਓ ਵਾਇਰਲ

ਦੱਸ ਦੇਈਏ ਕਿ ਭਾਵੇਂ ਹਰਵਿੰਦਰ ਸਿਰਫ਼ ਟਰਾਂਜੈਕਸ਼ਨ ਮੇਕਰ ਵਜੋਂ ਅਧਿਕਾਰਤ ਸੀ, ਫਿਰ ਵੀ ਉਸ ਨੇ ਧੋਖਾਧੜੀ ਨਾਲ ਸਟੇਟ ਬੈਂਕ ਆਫ਼ ਇੰਡੀਆ ਢੋਲੇਵਾਲ ਸ਼ਾਖਾ, ਜੀ.ਟੀ. ਰੋਡ, ਲੁਧਿਆਣਾ (04046) ਕੰਪਨੀ ਦੇ ਖਾਤੇ ਦਾ ਵਨ ਟਾਈਮ ਪਾਸਵਰਡ ਆਪਣੇ ਮੋਬਾਇਲ ਉਤੇ ਪ੍ਰਾਪਤ ਕਰਕੇ ਧੋਖੇ ਨਾਲ ਵੱਖ-ਵੱਖ ਬੈਂਕਾਂ ਵਿੱਚ ਆਪਣੇ ਨਿੱਜੀ ਖਾਤਿਆਂ ਵਿੱਚ ਪੈਸੇ ਟਰਾਂਸਫਰ ਕਰ ਲਏ, ਜੋ ਐੱਸ.ਬੀ.ਆਈ. ਬੈਂਕ, ਸਰਾਭਾ ਨਗਰ ਅਤੇ ਐੱਚ.ਡੀ.ਐੱਫ.ਸੀ. ਬੈਂਕ ਜਸਦੇਵ ਨਗਰ (ਵੀ.ਪੀ.ਓ. ਗਿੱਲ) ਲੁਧਿਆਣਾ ਵਿੱਚ ਸਨ। ਉਥੋਂ ਉਸ ਨੇ ਪੈਸੇ ਅਗਿਆਤ ਖਾਤਿਆਂ ਵਿੱਚ ਟਰਾਂਸਫਰ ਕਰ ਦਿੱਤੇ। ਪਤਾ ਲੱਗਾ ਹੈ ਕਿ ਹਰਵਿੰਦਰ ਦਾ ਪਰਿਵਾਰ ਅਤੇ ਪੁੱਤਰ ਬੈਲਜੀਅਮ ਅਤੇ ਕੈਨੇਡਾ ਵਿੱਚ ਸੈਟਲ ਹਨ।

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਕਾਂਗਰਸੀ ਕੌਂਸਲਰ ਦੇ ਮੁੰਡੇ ਨੇ ਗੋਲੀਆਂ ਮਾਰ ਕੀਤਾ ਨੌਜਵਾਨ ਦਾ ਕਤਲ

ਹਰਵਿੰਦਰ ਸਿੰਘ ਗਿੱਲ ਨੇ ਗੈਰ ਰਸਮੀ ਤੌਰ ’ਤੇ ਮੰਨਿਆ ਕਿ ਉਸ ਨੂੰ ਕਦੇ ਆਮਦਨ ਕਰ ਵਿਭਾਗ ਵੱਲੋਂ ਕੋਈ ਨੋਟਿਸ ਨਹੀਂ ਮਿਲਿਆ, ਭਾਵੇਂ ਖਾਤੇ ਵਿੱਚ ਟਰਾਂਸਫਰ ਕੀਤੀ ਗਈ ਰਕਮ ਉਸ ਦੀ ਤਨਖ਼ਾਹ ਤੋਂ ਕਿਤੇ ਵੱਧ ਸੀ। ਕੰਪਨੀ ਦੇ ਆਡੀਟਰ ਐੱਸ.ਸੀ. ਵਾਸੂਦੇਵ ਐਂਡ ਕੰਪਨੀ ਚਾਰਟਰਡ ਅਕਾਊਂਟੈਂਟ ਨੂੰ ਇਸ ਸਭ ਦੀ ਜਾਣਕਾਰੀ ਨਹੀਂ ਸੀ, ਜਦਕਿ ਉਹ ਕੰਪਨੀ ਦੀ ਬੈਲੇਂਸ ਸ਼ੀਟ ’ਤੇ ਹਸਤਾਖ਼ਰ ਕਰਤਾ ਹਨ। ਇਸ ਦੌਰਾਨ ਕੰਪਨੀ ਦੇ ਹੋਰ ਕਰਮਚਾਰੀਆਂ ਦੀਆਂ ਭੂਮਿਕਾਵਾਂ ਅਤੇ ਕਈ ਹੋਰ ਖਾਤਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਕੰਪਨੀ ਦੇ ਪ੍ਰਬੰਧਕਾਂ ਨੂੰ ਯਕੀਨ ਹੈ ਕਿ ਕੁੱਲ ਗਬਨ ਦੀ ਰਕਮ ਹੋਰ ਵਧ ਸਕਦੀ ਹੈ, ਕਿਉਂਕਿ ਕੰਪਨੀ ਦੇ ਸੀਨੀਅਰ ਪ੍ਰਬੰਧਨ ਨੂੰ ਧੋਖਾਧੜੀ ਦੇ ਹੋਰ ਸੁਰਾਗ ਮਿਲੇ ਹਨ। ਇਸ ਸਬੰਧੀ ਥਾਣਾ ਬਰਨਾਲਾ ਵਿਖੇ ਐੱਫ.ਆਈ.ਆਰ. ਨੰਬਰ 259 ਮਿਤੀ 11.06.2022 ਦਰਜ ਕੀਤੀ ਗਈ ਹੈ ਪਰ ਹਾਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ।

ਪੜ੍ਹੋ ਇਹ ਵੀ ਖ਼ਬਰ: ਪ੍ਰੋਗਰਾਮ ਦੌਰਾਨ ਭੰਗੜਾ ਪਾਉਂਦਿਆਂ ਖ਼ੁਸ਼ੀ ’ਚ ਚਲਾਈ ਗੋਲੀ, ਨੌਜਵਾਨ ਦੀ ਛਾਤੀ ’ਚ ਵੱਜੀ


rajwinder kaur

Content Editor

Related News