ਮੰਦੀ ਦੇ ਦੌਰ ''ਚ ਟਰਾਈਡੈਂਟ ਗਰੁੱਪ ਨੇ ਜਗਾਈ ਆਸ ਦੀ ਕਿਰਨ, ਤਨਖਾਹਾਂ ਵਧਾਉਣ ਦਾ ਲਿਆ ਫੈਸਲਾ

05/13/2020 2:41:04 PM

ਬਰਨਾਲਾ (ਵਿਵੇਕ ਸਿੰਧਵਾਨੀ): ਕੋਰੋਨਾ ਵਾਇਰਸ ਕਾਰਨ ਪਿਛਲੇ ਡੇਢ ਮਹੀਨੇ ਤੋਂ ਲਾਕਡਾਊਨ ਲਾਗੂ ਹੋਣ ਕਾਰਨ ਦੇਸ਼ ਵਿਚ ਮੰਦੀ ਦਾ ਮਾਹੌਲ ਵੀ ਪੈਦਾ ਹੋ ਗਿਆ ਹੈ। ਕਰੋੜਾਂ ਨੌਕਰੀਆਂ ਜਾਣ ਦਾ ਖਤਰਾ ਹੈ। ਕਈ ਕੰਪਨੀਆਂ ਤਾਂ ਆਪਣੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਵੀ ਰਹੀਆਂ ਹਨ। ਆਪਣੇ ਭਵਿੱਖ ਦੀ ਚਿੰਤਾ ਤੋਂ ਲੋਕ ਦੁਖੀ ਹੋ ਕੇ ਮਾਨਸਿਕ ਪ੍ਰੇਸ਼ਾਨੀ ਦਾ ਸ਼ਿਕਾਰ ਹੋ ਗਏ ਹਨ। ਮਾਨਸਿਕ ਪ੍ਰੇਸ਼ਾਨੀ ਦਾ ਸ਼ਿਕਾਰ ਹੋ ਕੇ ਕਈ ਲੋਕ ਮੌਤ ਨੂੰ ਵੀ ਗਲੇ ਲਗਾ ਰਹੇ ਹਨ।  ਜ਼ਿਲਾ ਬਰਨਾਲਾ 'ਚ ਪਿਛਲੇ 3 ਦਿਨਾਂ 'ਚ ਹੀ ਦੋ ਮਜ਼ਦੂਰਾਂ ਨੇ ਗਲ ਵਿਚ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ। ਇਕ ਘਟਨਾ ਬਰਨਾਲਾ ਦੇ ਰਾਮਬਾਗ ਸਾਇਡ 'ਤੇ ਇਕ ਆਟੇ ਦੀ ਚੱਕੀ 'ਤੇ ਸੁਭਾਸ਼ ਚੰਦ ਜੋਕਿ ਆਟੇ ਦੀ ਚੱਕੀ 'ਤੇ ਕਰਮਚਾਰੀ ਸੀ। ਉਸਨੇ ਰਾਤ ਸਮੇਂ ਫਾਹਾ ਲਾ ਕੇ ਆਤਮ ਹੱਤਿਆ ਕਰ ਲਈ। ਦੂਜੀ ਘਟਨਾ ਪਿੰਡ ਚੁੰਘਾਂ 'ਚ ਬਿਹਾਰ ਦੇ ਪ੍ਰਵਾਸੀ ਮਜ਼ਦੂਰ ਛੋਟੂ ਯਾਦਵ ਨੇ ਵੀ ਗਲ ਵਿਚ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਲਾਕਡਾਊਨ ਦੌਰਾਨ ਕਾਰੋਬਾਰ ਵਿਚ ਕਾਫੀ ਮੰਦੀ ਆ ਗਈ ਹੈ।

ਮਜ਼ਦੂਰ ਆਪਣੇ ਘਰਾਂ ਨੂੰ ਪਲਾਇਨ ਕਰ ਰਹੇ ਹਨ। ਕਈ ਮਜ਼ਦੂਰ ਸਾਇਕਲਾਂ 'ਤੇ ਜਾ ਰਹੇ ਹਨ ਅਤੇ ਕਈ ਮਜ਼ਦੂਰ ਤਾਂ ਆਪਣੇ ਪਰਿਵਾਰ ਸਮੇਤ ਹਜ਼ਾਰ-ਹਜ਼ਾਰ ਕਿਲੋਮੀਟਰ ਦਾ ਲੰਮਾ ਰਸਤਾ ਪੈਦਲ ਤੈਅ ਕਰਕੇ ਆਪਣੇ ਘਰਾਂ ਨੂੰ ਜਾ ਰਹੇ ਹਨ। ਕਈ ਮਜ਼ਦੂਰਾਂ ਦੀ ਤਾਂ ਰਸਤੇ ਵਿਚ ਮੌਤ ਵੀ ਹੋ ਚੁੱਕੀ ਹੈ। ਇਸ ਮੰਦੀ ਦੇ ਮਾਹੌਲ ਵਿਚ ਵੀ ਟਰਾਈਡੈਂਟ ਗੱਰੁਪ ਮੋਹਰੀ ਹੋ ਕੇ ਉਭਰਿਆ ਹੈ ਤੇ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮ ਸ੍ਰੀ ਰਜਿੰਦਰ ਗੁਪਤਾ ਨੇ ਆਪਣੇ ਕਰਮਚਾਰੀਆਂ ਦੇ ਭਵਿੱਖ ਨੂੰ ਦੇਖਦਿਆਂ 12 ਹਜ਼ਾਰ ਦੇ ਕਰੀਬ ਕਰਮਚਾਰੀਆਂ ਦੀਆਂ ਤਨਖਾਹਾਂ ਵਿਚ ਲਗਭਗ 50 ਪ੍ਰਤੀਸ਼ਤ ਵਾਧਾ ਕਰ ਦਿੱਤਾ ਹੈ। ਆਈ ਐਲ-1 ਅਤੇ ਆਈ ਐਲ-2 ਜਿਨ੍ਹਾਂ ਨੂੰ ਕਿ ਕਰਮਯੋਗੀ ਕਿਹਾ ਜਾਂਦਾ ਹੈ। ਇਨ੍ਹਾਂ ਕਰਮਚਾਰੀਆਂ ਦੀਆਂ ਤਨਖਾਹਾਂ ਵਿਚ ਉਨ੍ਹਾਂ ਨੇ ਭਾਰੀ ਵਾਧਾ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਪਦਮ ਸ੍ਰੀ ਰਜਿੰਦਰ ਗੁਪਤਾ ਆਪਣੇ ਕਰਮਚਾਰੀਆਂ ਦਾ ਵਿਸ਼ੇਸ਼ ਧਿਆਨ ਰੱਖਦੇ ਹਨ ਅਤੇ ਉਨ੍ਹਾਂ ਦਾ ਭਵਿੱਖ ਸੰਵਾਰਨ ਲਈ ਹਮੇਸ਼ਾ ਹੀ ਯਤਨਸ਼ੀਲ ਰਹਿੰਦੇ ਹਨ। ਉਨ੍ਹਾਂ ਆਪਣੇ ਕਰਮਚਾਰੀਆਂ ਦੀ ਤਨਖਾਹ 18 ਹਜ਼ਾਰ ਤੋਂ ਵਧਾ ਕੇ 25 ਹਜਾਰ ਅਤੇ 27 ਹਜ਼ਾਰ ਤੋਂ ਵਧਾ ਕੇ 40 ਹਜ਼ਾਰ ਰੁਪਏ ਕਰ ਦਿੱਤੀ ਹੈ।

ਕਰਮਚਾਰੀਆਂ ਦੀ ਮਿਹਨਤ ਸਦਕਾ ਹੀ ਤਰੱਕੀ ਕਰਦੀ ਹੈ ਕੰਪਨੀ
ਟਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮ ਸ੍ਰੀ ਰਜਿੰਦਰ ਗੁਪਤਾ ਨੇ 'ਜਗ ਬਾਣੀ' ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਦਿਆਂ ਕਿਹਾ ਕਿ ਕਰਮਚਾਰੀਆਂ ਦੀ ਮਿਹਨਤ ਸਦਕਾ ਹੀ ਕੰਪਨੀ ਖੜ੍ਹੀ ਹੁੰਦੀ ਹੈ ਅਤੇ ਤਰੱਕੀ ਕਰਦੀ ਹੈ। ਜੋ ਕੰਪਨੀ ਆਪਣੇ ਕਰਮਚਾਰੀਆਂ ਦੇ ਭਵਿੱਖ ਬਾਰੇ ਸੋਚਦੀ ਹੈ। ਉਸ ਕੰਪਨੀ ਵਿਚ ਕਰਮਚਾਰੀ ਵੀ ਮਨ ਲਗਾਕੇ ਕੰਮ ਕਰਦੇ ਹਨ। ਇਸੇ ਕਾਰਨ ਹੀ ਸਾਡੀ ਕੰਪਨੀ ਟਰਾਈਡੈਂਟ ਗਰੁੱਪ ਵੱਲੋਂ ਵੀ ਕਰਮਚਾਰੀਆਂ ਦੇ ਭਵਿੱਖ ਨੂੰ ਦੇਖਦਿਆਂ ਇਸ ਮੰਦੀ ਦੇ ਦੌਰ ਵਿਚ ਵੀ ਤਨਖਾਹਾਂ ਵਧਾਉਣ ਦਾ ਫੈਸਲਾ ਲਿਆ ਹੈ। ਤਾਂਕਿ ਕਰਮਚਾਰੀ ਮਨ ਲਗਾਕੇ ਕੰਮ ਕਰਨ ਅਤੇ ਕੰਪਨੀ ਨਵੀਆਂ ਤਰੱਕੀ ਦੀਆਂ ਲੀਹਾਂ ਵੱਲ ਵਧੇ।


Shyna

Content Editor

Related News