ਟਰੈਵਲ ਏਜੰਟਾਂ ਦੇ ਧੱਕੇ ਚਡ਼੍ਹ ਕੇ ਇਰਾਕ ਪੁੱਜੀ ਔਰਤ ਨੂੰ ਮਿਲੇ ਮਾਨਸਿਕ ਤਸੀਹੇ

07/22/2019 4:33:00 AM

 ਮੋਗਾ, (ਗੋਪੀ ਰਾਊਕੇ)- ਪੰਜਾਬ ’ਚ ਆਰਥਕ ਮੰਦਹਾਲੀ ’ਚੋਂ ਨਿਕਲਣ ਲਈ ਗੈਰ ਕਾਨੂੰਨੀ ਢੰਗ ਨਾਲ ਜਿਥੇ ਜਾਨ ਜ਼ੋਖ਼ਮ ’ਚ ਪਾ ਕੇ ਨੌਜਵਾਨ ਵਰਗ ਵਿਦੇਸ਼ਾਂ ਦੀ ਧਰਤੀ ’ਤੇ ਪੁੱਜਣ ਲਈ ਹਰ ਯੋਜਨਾ ਬਣਾ ਰਿਹਾ ਹੈ, ਉੱਥੇ ਹੀ ਇਸੇ ਦੌਰਾਨ ਹੀ ‘ਠੱਗ’ ਕਿਸਮ ਦੇ ਟਰੈਵਲ ਏਜੰਟ ਇਨ੍ਹਾਂ ਨੌਜਵਾਨਾਂ ਦੀ ਮਜਬੁੂਰੀ ਦਾ ਅਜਿਹਾ ਮੁੱਲ ਵੱਟਦੇ ਹਨ ਕਿ ਇਨ੍ਹਾਂ ਨੂੰ ਵਿਦੇਸ਼ ਵਿਚ ਭੁੱਖਣ-ਭਾਣੇ ਰਹਿ ਕੇ ਅਜਿਹੀ ਸਥਿਤੀ ’ਚੋਂ ਨਿਕਲਣਾ ਪੈਂਦਾ ਹੈ, ਜਿੱਥੋਂ ਉਨ੍ਹਾਂ ਨੂੰ ਡਾਲਰਾਂ ਦੀ ਚਮਕ ਤਾਂ ਨਸੀਬ ਕੀ ਹੋਣੀ ਹੈ, ਸਗੋਂ ਭਾਰਤ ਮੁਡ਼ ਵਾਪਸ ਆਉਣ ਲਈ ਭਾਰੀ ਮੁਸ਼ੱਕਤ ਕਰਨੀ ਪੈਂਦੀ ਹੈ। ਅਜਿਹਾ ਹੀ ਮਾਮਲਾ ਹੈ ਮੋਗਾ ਜ਼ਿਲੇ ਦੇ ਪਿੰਡ ਧੱਲੇਕੇ ਦਾ ਹੈ, ਜਿੱਥੋਂ ਦੀ ਇਕ ਔਰਤ ਮੂਰਤੀ ਨੂੰ ਪਿੰਡ ਦੀਆਂ ਔਰਤਾਂ ਨੇ ਕਥਿਤ ਤੌਰ ’ਤੇ ਅਜਿਹੇ ਸਬਜ਼ਬਾਗ ਦਿਖਾਏ ਕਿ ਉਹ ਆਪਣਾ ਥਾਂ ਵੇਚ ਹੀ ਅਰਬ ਦੇਸ਼ ਦੀ ਧਰਤੀ ’ਤੇ ਜਾਣ ਲਈ ਤਿਆਰ ਹੋ ਗਈ।

ਕਾਲ ਕੋਠੜੀਨੁਮਾ ਕਮਰੇ ’ਚ ਰੱਖਿਆ ਗਿਆ ਬੰਦੀ ਬਣਾ ਕੇ

ਟਰੈਵਲ ਏਜੰਟਾਂ ਵੱਲੋਂ ਇਰਾਕ ’ਚ ਇਕ ਅਰਬੀ ਦੇ ਘਰ ਬੰਦੀ ਬਣ ਕੇ ਰਹਿਣ ਮਗਰੋਂ ਆਖਿਰਕਾਰ ਕਿਸੇ ਤਰੀਕੇ ਬਚ ਕੇ ਡੇਢ ਮਹੀਨੇ ਬਾਅਦ ਮੋਗਾ ਪੁੱਜੀ ਮੂਰਤੀ ਨੇ ਟਰੈਵਲ ਏਜੰਟਾਂ ਵਿਰੁੱਧ ਜ਼ਿਲਾ ਪੁਲਸ ਮੁਖੀ ਨੂੰ ਸ਼ਿਕਾਇਤ ਪੱਤਰ ਦੇਣ ਤੋਂ ਪਹਿਲਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ 30 ਮਈ ਨੂੰ ਟਰੈਵਲ ਏਜੰਟ ਔਰਤਾਂ ਨੂੰ 70 ਹਜ਼ਾਰ ਰੁਪਏ ਦੇ ਕੇ ਇਰਾਕ ਲਈ ਰਵਾਨਾ ਹੋਈ ਅਤੇ ਦਿੱਲੀ ਦੇ ਏਅਰਪੋਰਟ ਤੋਂ ਉਸ ਨੂੰ ਹਵਾਈ ਉਡਾਣ ਰਾਹੀਂ ਇਰਾਕ ਦੇ ਸ਼ਹਿਰ ਬਗਦਾਦ ਵਿਖੇ ਭੇਜ ਦਿੱਤਾ ਗਿਆ। ਮੂਰਤੀ ਨੇ ਕਿਹਾ ਕਿ ਜਦੋਂ ਉਸ ਨੇ ਇਰਾਕ ਦੀ ਧਰਤੀ ’ਤੇ ਪੈਰ ਰੱਖਿਆ ਤਾਂ ਪਹਿਲੇ ਦਿਨ ਇੰਝ ਮਹਿਸੂਸ ਹੋਇਆ ਕਿ ਉਸ ਵੱਲੋਂ ਕਮਾਏ ਜਾਣ ਵਾਲੇ ਪੈਸਿਆਂ ਨਾਲ ਜਲਦ ਹੀ ਘਰ ਦੀ ਗਰੀਬੀ ਦੂਰ ਹੋਵੇਗੀ ਪਰ ਉਸ ਦੀਆਂ ਆਸਾਂ ’ਤੇ ਉਦੋਂ ਪਾਣੀ ਫਿਰ ਗਿਆ, ਜਦੋਂ ਉਸ ਨੂੰ ਬਹੁਤ ਹੀ ਛੋਟੇ ਕਾਲ ਕੋਠਡ਼ੀਨੁਮਾ ਕਮਰੇ ’ਚ ਭੁੱਖਣ-ਭਾਣੇ ਇਕ ਅਰਬੀ ਵੱਲੋਂ ਰੱਖਿਆ ਗਿਆ। ਸਾਰਾ ਦਿਨ ਗੁੱਸੇ ਨਾਲ ਭਰਿਆ ਪੀਤਾ ਰਹਿਣ ਵਾਲਾ ਅਰਬੀ ਉਸ ਨਾਲ ਗਾਲੀ-ਗਲੋਚ ਕਰਦਾ ਅਤੇ ਉਸ ਦੀ ਕੁੱਟ-ਮਾਰ ਹੋਣ ਦੇ ਨਾਲ-ਨਾਲ ਮਾਨਸਿਕ ਤਸੀਹੇ ਦਿੱਤੇ ਜਾਂਦੇ ।

ਆਪਣੀ ਦਾਸਤਾਨ ਸੁਣਾਉਂਦੀ ਪੀਡ਼ਤਾ ਅਤੇ ਨਾਲ ਠਾਣਾ ਸਿੰਘ ਜੌਹਲ ਅਤੇ ਹੋਰ। (ਸਾਹਨੀ)

ਇਸ ਤਰ੍ਹਾਂ ਆਈ ਭਾਰਤ

ਇਰਾਕ ’ਚ ਅਰਬੀ ਦੇ ਘਰ ਕੈਦ ਵਰਗੀ ਜ਼ਿੰਦਗੀ ਜੀ ਰਹੀ ਮੂੁਰਤੀ ਇਕ ਦਿਨ ਘਰ ਦੇ ਦਰਵਾਜ਼ੇ ਦੀ ਜਾਲੀ ਤੋਡ਼ ਕੇ ਭੱਜ ਕੇ ਇਕ ਮੁਸਲਿਮ ਪਰਿਵਾਰ ਦੇ ਘਰ ਮਦਦ ਲਈ ਚਲੀ ਗਈ, ਜਿਨ੍ਹਾਂ ਭਾਰਤ ’ਚ ਉਸ ਦੀ ਪਰਿਵਾਰਕ ਮੈਂਬਰਾਂ ਨਾਲ ਗੱਲ ਕਰਵਾਈ, ਜਿਸ ਮਗਰੋਂ ਪਿੰਡ ਧੱਲੇਕੇ ਦੇ ਵਸਨੀਕ ਅਤੇ ਗਰੀਬਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਠਾਣਾ ਸਿੰਘ ਜੌਹਲ ਦੀ ਮਦਦ ਨਾਲ ਆਖਿਰਕਾਰ 19 ਜੁਲਾਈ ਨੂੰ ਉਹ ਭਾਰਤ ਪੁੱਜਣ ’ਚ ਸਫ਼ਲ ਹੋਈ।

ਏਜੰਟਾਂ ਵਿਰੁੱਧ ਸਖ਼ਤ ਕਾਰਵਾਈ ਹੋਵੇ : ਜੌਹਲ

ਮੂਰਤੀ ਨੂੰ ਛੁਡਵਾ ਕੇ ਲਿਆਉਣ ’ਚ ਸਭ ਤੋਂ ਮੋਹਰੀ ਰੋਲ ਅਦਾ ਕਰਨ ਵਾਲੇ ਕਾਂਗਰਸੀ ਆਗੂ ਠਾਣਾ ਸਿੰਘ ਜੌਹਲ ਨੇ ਕਿਹਾ ਕਿ ਠੱਗ ਟਰੈਵਲ ਏਜੰਟ ਭੋਲੇ-ਭਾਲੇ ਲੋਕਾਂ ਨੂੰ ਆਪਣੇ ਜਾਲ ’ਚ ਫ਼ਸਾ ਰਹੇ ਹਨ। ਠੱਗੀ ਮਾਰਨ ਵਾਲਿਆਂ ਵਿਰੁੱਧ ਸਖ਼ਤ ਕਰਵਾਈ ਹੋਵੇ। ਉਨ੍ਹਾਂ ਕਿਹਾ ਕਿ ਪੀਡ਼ਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਹਰ ਸੰਭਵ ਸੰਘਰਸ਼ ਕੀਤਾ ਜਾਵੇਗਾ।

Bharat Thapa

This news is Content Editor Bharat Thapa