ਹੁਨਰ ਸਿਖਲਾਈ ਨਾਲ ਨੌਜਵਾਨ ਕਰ ਸਕਦੇ ਹਨ ਆਪਣੇ ਸੁਪਨੇ ਸੱਚ : ਗੋਪਾਲ ਸਿੰਘ

05/09/2018 9:52:10 AM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਸੁਖਪਾਲ ਢਿੱਲੋਂ ) - ਜ਼ਿਲਾ ਰੈਡ ਕ੍ਰਾਸ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਹੁਨਰ ਸਿਖਲਾਈ ਕੇਂਦਰਾਂ ਤੋਂ ਕਈ ਸਿੱਖਿਆਰਥਣਾਂ ਨੇ ਸਿਖਲਾਈ ਪੂਰੀ ਕਰ ਲਈ ਹੈ। ਇਨ੍ਹਾਂ ਸਿੱਖਿਆਰਥਣਾਂ ਨੂੰ ਰੈਡ ਕ੍ਰਾਸ ਦਿਵਸ ਦੇ ਮੌਕੇ ਵਧੀਕ ਸਹਾਇਕ ਕਮਿਸ਼ਨਰ ਜਨਰਲ ਸ: ਗੋਪਾਲ ਸਿੰਘ ਨੇ ਸਰਟੀਫਿਕੇਟ ਦਿੱਤੇ। 
ਇਸ ਮੌਕੇ ਸੰਬੋਧਨ ਕਰਦਿਆਂ ਸ: ਗੋਪਾਲ ਸਿੰਘ ਨੇ ਕਿਹਾ ਕਿ ਨੌਜਵਾਨ ਹੁਨਰ ਸਿਖਲਾਈ ਰਾਹੀਂ ਆਪਣੇ ਸੁਪਨੇ ਸੱਚ ਕਰ ਸਕਦੇ ਹਨ। ਸਰਕਾਰ ਵੱਲੋਂ ਨੌਜਵਾਨਾਂ ਨੂੰ ਹੁਨਰ ਸਿਖਲਾਈ ਦੇਣ ਲਈ ਵਿਸੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਹੁਨਰ ਸਿਖਲਾਈ ਲੈ ਕੇ ਆਪਣੇ ਸਵੈ ਰੁਜ਼ਗਾਰ ਸ਼ੁਰੂ ਕਰਕੇ ਆਪਣੇ ਆਪ ਨੂੰ ਆਰਥਿਕ ਤੌਰ 'ਤੇ ਮਜਬੂਤ ਕਰਨਾ ਚਾਹੀਦਾ ਹੈ। ਨੌਜਵਾਨਾਂ ਵਿਚ ਅੱਗੇ ਵੱਧਣ ਦੀ ਅਪਾਰ ਸੰਭਾਵਨਾ ਹੁੰਦੀ ਹੈ ਬਸ਼ਰਤੇ ਉਹ ਆਪਣੇ ਨਿਸਾਨੇ ਦੀ ਪ੍ਰਾਪਤੀ ਲਈ ਦ੍ਰਿੜਤਾ ਨਾਲ ਕੰਮ ਕਰਦੇ ਰਹਿਣ। ਉਨ੍ਹਾਂ ਕਿਹਾ ਕਿ ਸਵੈ ਰੁਜਗਾਰ ਸ਼ੁਰੂ ਕਰਨ ਲਈ ਬੈਂਕਾਂ ਦੇ ਮਾਰਫਤ ਵਿੱਤੀ ਸਹਾਇਤਾ ਮੁਹਈਆ ਕਰਵਾਈ ਜਾਂਦੀ ਹੈ । 
ਇਸ ਦੇ ਨਾਲ ਹੀ ਇਸ ਮੌਕੇ ਸਕੱਤਰ ਰੈਡ ਕ੍ਰਾਸ ਪ੍ਰੋ: ਗੋਪਾਲ ਸਿੰਘ ਨੇ ਦੱਸਿਆ ਕਿ ਰੈਡ ਕ੍ਰਾਸ ਸੁਸਾਇਟੀ ਵੱਲੋਂ ਡਿਪਟੀ ਕਮਿਸ਼ਨਰ ਡਾ: ਸੁਮੀਤ ਜਾਰੰਗਲ ਦੀ ਰਹਿਨੁਮਾਈ ਹੇਠ ਕਈ ਹੁਨਰ ਸਿਖਲਾਈ ਦੇ ਕੋਰਸ ਚਲਾਏ ਜਾ ਰਹੇ ਹਨ। ਇਹ ਕੋਰਸ ਨੌਜਵਾਨਾਂ ਖਾਸ ਕਰਕੇ ਲੜਕੀਆਂ ਨੂੰ ਸਵੈ ਰੁਜ਼ਗਾਰ ਦੇ ਯੋਗ ਬਣਾਉਣ 'ਚ ਸਹਾਈ ਸਿੱਧ ਹੋ ਰਹੇ ਹਨ। ਇਸ ਸਬੰੰਧ 'ਚ ਇਸ ਮੌਕੇ ਬਿਊਟੀ ਪਾਰਲਰ ਅਤੇ ਟੇਲਰਿੰਗ ਦਾ ਕੋਰਸ ਪੂਰਾ ਕਰਨ ਵਾਲੀਆਂ 40 ਸਿੱਖਿਆਰਥਣਾਂ ਨੂੰ ਸਰਟੀਫਿਕੇਟ ਦਿੱਤੇ ਗਏ।