ਪੁਲਸ ਦਾ ਕਾਰਨਾਮਾ : ਸਪੁਰਦਾਰੀ ਦੇਣ ਲਈ ਹਾਦਸੇ ਵਾਲੀ ਕੰਬਾਈਨ ਦਾ ਟਰੈਕਟਰ ਹੀ ਬਦਲ ਦਿੱਤਾ

05/04/2020 5:01:54 PM

ਮੁਲਾਂਪੁਰ/ਦਾਖਾ (ਕਾਲੀਆ) : ਕਰੀਬ ਛੇ ਮਹੀਨੇ ਪਹਿਲਾਂ ਰਾਜੋਆਣਾ ਕਲਾਂ ਵਿਖੇ ਹੋਏ ਐਕਸੀਡੈਂਟ 'ਚ ਪਿੰਡ ਬੜੈਚ ਵਾਸੀ ਨੌਜਵਾਨ ਕਮਲਦੀਪ ਸਿੰਘ (22 ਸਾਲ) ਦੀ ਮੌਤ ਹੋ ਗਈ ਸੀ, ਜਿਸ 'ਚ ਵੱਡਾ ਖੁਲਾਸਾ ਹੋਇਆ ਕਥਿਤ ਦੋਸ਼ੀਆਂ ਨਾਲ ਮਿਲੀਭੁਗਤ ਕਰ ਕੇ ਥਾਣਾ ਸੁਧਾਰ ਦੀ ਪੁਲਸ ਨੇ ਰਿਕਾਰਡ ਵਿਚ ਵੱਡੀ ਬਦਲ ਕਰ ਕੇ ਮਾਣਯੋਗ ਅਦਾਲਤ ਤੋਂ ਪਰਦਾ ਰੱਖ ਕੇ ਇਸ ਮੁਕੱਦਮੇ ਵਿਚ ਕਥਿਤ ਦੋਸ਼ੀਆਂ ਦੀ ਮਦਦ ਕਰਨ ਦੀ ਕੋਈ ਕਸਰ ਨਹੀਂ ਛੱਡੀ ਹੈ। ਹਾਦਸੇ ਵਾਲੇ ਟਰੈਕਟਰ ਦੀ ਥਾਂ ਇਕ ਹੋਰ ਹੀ ਟਰੈਕਟਰ ਦੀ ਅਦਾਲਤ ਰਾਹੀਂ ਸਪੁਰਦਗੀ ਦੇਣ ਦੇ ਇਕ ਗੰਭੀਰ ਮਾਮਲੇ ਦੀ ਸ਼ਿਕਾਇਤ ਮਿਲਣ ਬਾਅਦ ਜ਼ਿਲਾ ਪੁਲਸ ਲੁਧਿਆਣਾ ਦਿਹਾਤੀ ਦੇ ਉੱਚ ਅਧਿਕਾਰੀਆਂ ਨੇ ਜਾਂਚ ਉਪ ਪੁਲਸ ਕਪਤਾਨ (ਮੇਜ਼ਰ ਕ੍ਰਾਈਮ) ਦਿਲਬਾਗ ਸਿੰਘ ਬਾਠ ਨੂੰ ਦੇ ਦਿੱਤੀ ਹੈ।

ਸ਼ਿਕਾਇਤ 'ਚ ਦੋਸ਼ ਲਾਇਆ ਗਿਆ ਹੈ ਕਿ 28 ਅਕਤੂਬਰ 2019 ਦੀ ਸ਼ਾਮ ਥਾਣਾ ਸੁਧਾਰ ਅਧੀਨ ਪਿੰਡ ਰਾਜੋਆਣਾ ਕਲਾਂ ਨੇੜੇ ਸੁਖਮਨ ਪੈਲੇਸ ਕੋਲ ਮੋਟਰ ਸਾਈਕਲ ਸਵਾਰ ਪਿੰਡ ਬੜੈਚ ਦੇ ਨੌਜਵਾਨ ਕਮਲਦੀਪ ਸਿੰਘ ਦੀ ਇਕ ਟਰੈਕਟਰ ਵਾਲੀ ਕੰਬਾਈਨ ਨਾਲ ਐਕਸੀਡੈਂਟ ਹੋਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ ਸੀ। ਮ੍ਰਿਤਕ ਦੇ ਮਾਸੜ ਪਵਿੱਤਰ ਸਿੰਘ ਦੇ ਬਿਆਨਾਂ 'ਤੇ ਕੰਬਾਈਨ ਚਾਲਕ ਪਰਮਿੰਦਰ ਸਿੰਘ ਉਰਫ ਪਿੰਦਾ ਵਾਸੀ ਪਿੰਡ ਚੀਮਾ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 279, 304 ਏ, 427 ਅਧੀਨ ਮੁਕੱਦਮਾ ਥਾਣਾ ਸੁਧਾਰ ਵਿਚ ਦਰਜ ਕੀਤਾ ਗਿਆ ਸੀ। 29 ਅਕਤੂਬਰ ਨੂੰ ਪਿੰਡ ਵਾਸੀਆਂ ਤੇ ਪਰਿਵਾਰਕ ਮੈਂਬਰਾਂ ਵੱਲੋਂ ਨਹਿਰ ਪੁਲ ਸੁਧਾਰ ਉੱਪਰ ਰੋਸ ਮੁਜ਼ਾਹਰਾ ਕੀਤਾ, ਜਿਸ ਤੋਂ ਬਾਅਦ ਥਾਣਾ ਸੁਧਾਰ ਦੀ ਪੁਲਸ ਨੇ ਮੁਕੱਦਮੇ ਵਿਚ ਟਰੈਕਟਰ ਮਾਲਕ ਸਤਨਾਮ ਸਿੰਘ ਪੁੱਤਰ ਸ਼ਿੰਦਰ ਸਿੰਘ ਵਾਸੀ ਪਿੰਡ ਰਾਜੋਆਣਾ ਕਲਾਂ ਨੂੰ ਨਾਮਜ਼ਦ ਕਰ ਕੇ ਵਾਧਾ ਜੁਰਮ ਉਪਰੰਤ ਟਰੈਕਟਰ ਕੰਬਾਈਨ ਕਬਜ਼ੇ ਵਿਚ ਲੈ ਕੇ ਧਾਰਾ 304 ਅਧੀਨ ਡਰਾਈਵਰ ਪਰਮਿੰਦਰ ਸਿੰਘ ਉਰਫ ਪਿੰਦਾ ਨੂੰ ਗ੍ਰਿਫਤਾਰ ਕਰ ਲਿਆ।

ਇਸੇ ਦੌਰਾਨ ਇੱਕ ਵੱਡੀ ਸਾਜ਼ਿਸ਼ ਤਹਿਤ ਥਾਣਾ ਸੁਧਾਰ ਦੇ ਮੁੱਖ ਅਫਸਰ ਇੰਸਪੈਕਟਰ ਅਜੈਬ ਸਿੰਘ ਅਤੇ ਜਾਂਚ ਅਫਸਰ ਸਬ ਇੰਸਪੈਕਟਰ ਜਗਰੂਪ ਸਿੰਘ ਨੇ ਝੂਠੀ ਰਿਪੋਰਟ ਅਦਾਲਤ ਵਿਚ ਪੇਸ਼ ਕਰ ਕੇ ਕਬਜ਼ੇ ਵਿਚ ਲਈ ਕੰਬਾਈਨ ਦੇ ਟਰੈਕਟਰ ਐਗਰੀ ਕਿੰਗ 2055 ਦੀ ਜਗ੍ਹਾ ਸਵਰਾਜ 855 ਟਰੈਕਟਰ ਪੀਬੀ 25 ਜੀ 4299 ਦੀ ਸਪੁਰਦਾਰੀ ਮਾਲਕਾਂ ਨੂੰ ਦੇ ਦਿੱਤੀ ਹੈ। ਜਦਕਿ ਲੋਕਾਂ ਦੀ ਮੌਜੂਦਗੀ ਵਿਚ ਥਾਣੇ ਦੀ ਚਾਰ ਦੀਵਾਰੀ ਅੰਦਰ ਖੜ੍ਹੀ ਕੰਬਾਈਨ ਦੀਆਂ ਫੋਟੋਆਂ ਦੀ ਕਹਾਣੀ ਹੋਰ ਹੀ ਬਿਆਨ ਕਰਦੀਆਂ ਹਨ।

ਹੈਰਾਨੀ ਦੀ ਗੱਲ ਇਹ ਵੀ ਹੈ ਕਿ ਲੋਕ ਸੰਘਰਸ਼ ਬਾਅਦ ਨਾਮਜ਼ਦ ਕੀਤੇ ਟਰੈਕਟਰ ਮਾਲਕ ਅਤੇ ਜੁਰਮ ਵਿਚ ਵਾਧਾ ਕਰਨ ਦੇ ਮਾਮਲੇ ਨੂੰ ਫ਼ਿਰ ਬਦਲੀ ਕਰ ਕੇ ਟਰੈਕਟਰ ਚਾਲਕ ਪਰਮਿੰਦਰ ਸਿੰਘ ਉਰਫ ਪਿੰਦਾ ਵਿਰੁੱਧ ਹੀ ਚਲਾਨ ਮੁੜ ਧਾਰਾ 304 ਏ ਅਧੀਨ ਹੀ ਅਦਾਲਤ ਵਿਚ ਪੇਸ਼ ਕਰ ਦਿੱਤਾ ਗਿਆ ਹੈ। ਪਰ ਹਾਲੀਆ ਸ਼ਿਕਾਇਤ ਨੇ ਪੁਲਸ ਵਿਭਾਗ ਵਿਚ ਫੈਲੇ ਵਿਆਪਕ ਭ੍ਰਿਸ਼ਟਾਚਾਰ ਦਾ ਚਿਹਰਾ ਨੰਗਾ ਕੀਤਾ ਹੈ। ਇਸ ਸਬੰਧੀ ਸੰਪਰਕ ਕਰਨ 'ਤੇ ਉਪ ਪੁਲਸ ਕਪਤਾਨ ਦਿਲਬਾਗ ਸਿੰਘ ਬਾਠ ਨੇ ਕਿਹਾ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।


Anuradha

Content Editor

Related News