ਟਮਾਟਰ ਅਤੇ ਪਿਆਜ਼ ਨੇ ਲੋਕਾਂ ਦੇ ਕੱਢਵਾਏ ਅੱਥਰੂ

08/28/2019 3:34:43 AM

ਮੁੱਲਾਂਪੁਰ ਦਾਖਾ, (ਕਾਲੀਆ)- ਵਪਾਰੀਆਂ ਵੱਲੋਂ ਜ਼ਖੀਰੇਬਾਜ਼ੀ ਕਰਨ ਕਰ ਕੇ ਅੱਜ ਪਿਆਜ਼ ਨੇ ਆਮ ਲੋਕਾਂ ਦੇ ਅੱਥਰੂ ਕੱਢਵਾ ਦਿੱਤੇ ਹਨ, ਉਥੇ ਮਹਿੰਗੇ ਹੋਏ ਟਮਾਟਰ ਨਾਲ ਲੋਕ ਲਾਲ ਪੀਲੇ ਹੋ ਰਹੇ ਹਨ। ਬੀਤੇ ਦਿਨੀਂ ਭਾਖਡ਼ਾ ਡੈਮ ’ਚੋਂ ਵਾਧੂ ਪਾਣੀ ਛੱਡਣ ਅਤੇ ਪੰਜਾਬ ਦੇ ਕੁਝ ਇਲਾਕਿਆਂ ’ਚ ਹਡ਼੍ਹਾਂ ਵਰਗੀ ਸਥਿਤੀ ਬਣਨ ਕਾਰਨ ਜ਼ਖੀਰੇਬਾਜ਼ਾਂ ਨੇ ਆਪਣੀਆਂ ਤਿਜੌਰੀਆਂ ਭਰਨ ਲਈ ਪਿਆਜ਼ ਦਾ ਰੇਟ 16 ਰੁਪਏ ਤੋਂ ਵਧਾ ਕੇ 50 ਰੁਪਏ ਪ੍ਰਤੀ ਕਿਲੋ ਕਰ ਦਿੱਤਾ ਹੈ, ਉਥੇ ਟਮਾਟਰ ਵੀ 60 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ, ਜਿਸ ਕਰਕੇ ਹਰ ਆਦਮੀ ਦੀ ਰਸੋਈ ਦਾ ਬਜਟ ਵਿਗਡ਼ ਗਿਆ ਹੈ, ਜਦਕਿ ਮੋਦੀ ਸਰਕਾਰ ਦਾਅਵੇ ਕਰਦੀ ਨਹੀਂ ਸੀ ਥੱਕਦੀ ਕਿ ਜ਼ਖੀਰੇਬਾਜ਼ਾਂ ਨੂੰ ਜਮ੍ਹਾਖੋਰੀ ਨਹੀਂ ਕਰਨ ਦਿੱਤੀ ਜਾਵੇਗੀ ਤਾਂ ਜੋ ਪਿਆਜ਼ ਆਦਿ ਵਸਤਾਂ ਦੇ ਭਾਅ ਸਥਿਰ ਰਹਿਣ। ਹੁਣ ਜ਼ਖੀਰੇਬਾਜ਼ ਵੀ ਮੋਦੀ ਅਤੇ ਕੈਪਟਨ ਸਰਕਾਰ ਉਪਰ ਭਾਰੂ ਹੋ ਰਹੇ ਹਨ।

ਅੱਜ ਸਬਜ਼ੀ ਮੰਡੀ ਦੇ ਭਾਅ ਸੁਣ ਕੇ ਹਰ ਆਦਮੀ ਦੇ ਹੋਸ਼ ਉਡ ਰਹੇ ਹਨ। ਘੀਆ, ਭਿੰਡੀ, ਕਰੇਲਾ, ਫਰਾਂਸਫੀਲ ਦੀਆਂ ਫਲੀਆਂ, ਸ਼ਿਮਲਾ ਮਿਰਚ ਆਦਿ ਸਬਜ਼ੀਆਂ 40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੀਆਂ ਹਨ। ਗਰੀਬ ਆਦਮੀ ਦੀ ਪਹੁੰਚ ਤੋਂ ਦੂਰ ਹੋਈਆਂ ਸਬਜ਼ੀਆਂ ਅਤੇ ਫਲ ਉਨ੍ਹਾਂ ਦੀ ਜੇਬ ’ਤੇ ਭਾਰੂ ਪੈ ਰਹੇ ਹਨ। ਜੇਕਰ ਕਿਸਾਨਾਂ ਦੀ ਗੱਲ ਕਰੀਏ ਤਾਂ ਖੇਤਾਂ ’ਚੋਂ ਹੀ ਸਬਜ਼ੀ 7 ਜਾਂ 8 ਰੁਪਏ ਪ੍ਰਤੀ ਕਿਲੋ ਸਬਜ਼ੀ ਵਿਕ੍ਰੇਤਾ ਖਰੀਦਦੇ ਹਨ ਅਤੇ ਆਮ ਲੋਕਾਂ ਤੱਕ ਪਹੁੰਚਦੀ ਇਹ 40 ਤੋਂ 50 ਰੁਪਏ ਪ੍ਰਤੀ ਕਿਲੋ ਹੋ ਜਾਂਦੀ ਹੈ, ਜਦਕਿ ਦਾਲਾਂ ਦੇ ਭਾਅ ਵੀ ਅਸਮਾਨ ਨੂੰ ਛੂ ਰਹੇ ਹਨ। ਉਧਰੋਂ ਲੋਕਾਂ ਦੇ ਕਾਰੋਬਾਰ ਠੱਪ ਹੋਏ ਪਏ ਹਨ। ਕੀ ਸੱਤਾਧਾਰੀ ਸੂਬਾ ਅਤੇ ਕੇਂਦਰ ਸਰਕਾਰਾਂ ਇਸ ਵੱਲ ਧਿਆਨ ਦੇ ਕੇ ਆਮ ਲੋਕਾਂ ਦੀ ਹੋ ਰਹੀ ਜ਼ਖੀਰੇਬਾਜ਼ਾਂ ਵੱਲੋਂ ਲੁੱਟ ਨੂੰ ਬੰਦ ਕਰਵਾਉਣਗੀਆਂ ਜਾਂ ਇਹ ਵਰਤਾਰਾ ਇਸੇ ਤਰ੍ਹਾਂ ਚੱਲਦਾ ਰਹੇਗਾ।


Bharat Thapa

Content Editor

Related News