ਤੰਬਾਕੂ ਰੋਕਥਾਮ ਮੁਹਿੰਮ ਤਹਿਤ ਦੁਕਾਨਾਂ ’ਤੇ ਛਾਪੇ, 18 ਚਲਾਨ ਕੱਟੇ

01/19/2019 4:04:58 AM

ਮੋਹਾਲੀ, (ਨਿਆਮੀਆਂ)- ਤੰਬਾਕੂ ਰੋਕਥਾਮ ਮੁਹਿੰਮ ਨੂੰ ਤੇਜ਼ ਕਰਦਿਆਂ ਸਿਹਤ ਵਿਭਾਗ ਦੀ ਟੀਮ ਨੇ ਲਾਂਡਰਾਂ ਵਿਖੇ ਕਰਿਆਨਾ, ਕਨਫੈਕਸ਼ਨਰੀ ਅਤੇ ਖਾਣ-ਪੀਣ ਦੀਆਂ ਦੁਕਾਨਾਂ ਦੀ ਜਾਂਚ-ਪਡ਼ਤਾਲ ਕੀਤੀ ਅਤੇ ਤੰਬਾਕੂ ਰੋਕਥਾਮ ਕਾਨੂੰਨ ਦੀ ਉਲੰਘਣਾ ਕਰਦਿਆਂ ਤੰਬਾਕੂ ਪਦਾਰਥ ਵੇਚਣ ਵਾਲੇ 18 ਦੁਕਾਨਦਾਰਾਂ ਦੇ ਚਲਾਨ ਕੱਟੇ।  ਵੱਖ-ਵੱਖ ਦੁਕਾਨਾਂ ’ਤੇ ਉਕਤ ਕਾਨੂੰਨ ਤੋਂ ਉਲਟ ਜਾ ਕੇ ਤੰਬਾਕੂ ਪਦਾਰਥ ਵੇਚੇ ਜਾ ਰਹੇ ਸਨ। ਕਈ ਦੁਕਾਨਦਾਰਾਂ ਕੋਲ ਤੰਬਾਕੂ ਪਦਾਰਥ ਵੇਚਣ ਦਾ ਲਾਇਸੈਂਸ ਨਹੀਂ ਸੀ ਤੇ ਕਰਿਆਨੇ ਦੀਆਂ ਦੋ ਦੁਕਾਨਾਂ ’ਤੇ ਤੰਬਾਕੂ ਪਦਾਰਥ ਵੇਚੇ ਜਾ ਰਹੇ ਸਨ। ਸਿਵਲ ਸਰਜਨ ਡਾ. ਰੀਟਾ ਭਾਰਦਵਾਜ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਪੁਲਸ ਦਾ ਸਹਿਯੋਗ ਲੈਂਦਿਆਂ ਵੱਖ-ਵੱਖ ਥਾਵਾਂ ’ਤੇ ਜਾ ਕੇ ਛਾਪੇ ਮਾਰੇ ਤੇ ਮੌਕੇ ’ਤੇ ਹੀ 3200 ਰੁਪਏ ਦਾ ਜੁਰਮਾਨਾ ਵਸੂਲ ਕੀਤਾ। ਗ਼ੈਰ-ਕਾਨੂੰਨੀ ਢੰਗ ਨਾਲ ਵੇਚੇ ਜਾ ਰਹੇ ਤੰਬਾਕੂ ਪਦਾਰਥਾਂ ਨੂੰ ਮੌਕੇ ’ਤੇ ਹੀ ਨਸ਼ਟ ਕਰਵਾਇਆ ਗਿਆ। ਇਸ ਕਾਰਵਾਈ ਤੋਂ ਪਹਿਲਾਂ ਲਾਂਡਰਾਂ ਦੇ ਸਰਕਾਰੀ ਹਾਈ ਸਕੂਲ ਦੇ ਬੱਚਿਆਂ ਨੂੰ ਤੰਬਾਕੂ ਦੀ ਵਰਤੋਂ ਦੇ ਨੁਕਸਾਨਾਂ ਬਾਰੇ ਜਾਣਕਾਰੀ ਦਿੱਤੀ ਗਈ ਤੇ ਜਾਗਰੂਕਤਾ ਪੰਫਲੇਟ ਵੀ ਵੰਡੇ ਗਏ। ਜਾਂਚ ਟੀਮ ਵਿਚ ਜ਼ਿਲਾ ਤੰਬਾਕੂ ਕੰਟਰੋਲ ਅਫਸਰ ਡਾ. ਆਰ. ਪੀ. ਸਿੰਘ, ਡਾ. ਰੁਪਿੰਦਰ ਕੌਰ, ਫੂਡ ਸੇਫਟੀ ਅਫਸਰ ਅਨਿਲ ਕੁਮਾਰ, ਦਿਨੇਸ਼ ਚੌਧਰੀ, ਗੁਰਵਿੰਦਰ ਸਿੰਘ ਤੇ ਅਵਤਾਰ ਸਿੰਘ ਆਦਿ ਸ਼ਾਮਲ ਸਨ। 

KamalJeet Singh

This news is Content Editor KamalJeet Singh