ਟਾਇਰ ਫਟਣ ਨਾਲ ਗੱਡੀ ਪਲਟੀ : 1 ਦੀ ਮੌਤ, 17 ਜ਼ਖਮੀ

06/20/2019 5:20:30 PM

ਪਟਿਆਲਾ/ਸਨੌਰ (ਜੋਸਨ, ਕੁਲਦੀਪ)-ਸਨੌਰ ਅਸਰਪੁਰ ਰੋਡ 'ਤੇ ਡੇਰਾ ਬਿਆਸ ਦੀ ਸੰਗਤ ਨਾਲ ਭਰੀ ਮਹਿੰਦਰਾ ਐਂਡ ਮਹਿੰਦਰਾ ਗੱਡੀ ਤੇਜ਼ ਰਫਤਾਰ ਹੋਣ ਕਰ ਕੇ ਸੜਕ 'ਤੇ ਪਲਟ ਗਈ। ਦਰੱਖਤਾਂ ਨਾਲ ਟਕਰਾਉਣ ਕਾਰਨ 1 ਵਿਅਕਤੀ ਦੀ ਮੌਤ ਹੋ ਗਈ। 17 ਜ਼ਖਮੀ ਹੋ ਗਏ। ਮ੍ਰਿਤਕ ਦੀ ਪਛਾਣ ਸੋਮਾ ਸਿੰਘ ਪੁੱਤਰ ਕਨ੍ਹੱਈਆ ਲਾਲ ਵਾਸੀ ਕੋਲੇਮਾਜਰਾ ਵਜੋਂ ਹੋਈ ਹੈ। ਇਲਾਕੇ ਦੇ ਲੋਕਾਂ ਨੇ ਉਕਤ ਜ਼ਖਮੀਆਂ ਨੂੰ ਸਨੌਰ ਸਥਿਤ ਰੂਪਰਾਏ ਨਰਸਿੰਗ ਹੋਮ ਵਿਚ ਦਾਖਲ ਕਰਵਾਇਆ ਜਿੱਥੇ 5 ਦੀ ਹਾਲਤ ਗੰਭੀਰ ਹੋਣ ਕਾਰਨ ਰਾਜਿੰਦਰਾ ਹਸਪਤਾਲ ਨੂੰ ਰੈਫਰ ਕਰ ਦਿੱਤਾ। ਇਨ੍ਹਾਂ 'ਚੋਂ ਇਕ ਵਿਅਕਤੀ ਦੀ ਮੌਤ ਹੋ ਗਈ।

PunjabKesari
ਜਾਣਕਾਰੀ ਅਨੁਸਾਰ ਗੱਡੀ 'ਚ 19 ਦੇ ਕਰੀਬ ਵਿਅਕਤੀ ਸਵਾਰ ਸਨ। ਅੱਜ ਸਵੇਰੇ ਸੰਗਤ ਨੂੰ ਇਕੱਠਿਆਂ ਕਰਨ ਲਈ ਮਹਿੰਦਰਾ ਐਂਡ ਮਹਿੰਦਰਾ ਗੱਡੀ ਪਿੰਡ ਸਲੇਮਪੁਰ ਜੱਟਾਂ ਵਿਖੇ ਬਣ ਰਹੇ ਸਤਿਸੰਗ ਘਰ ਦੇ ਨਿਰਮਾਣ ਲਈ ਸੇਵਾ ਵਾਸਤੇ ਪਿੰਡਾਂ 'ਚੋਂ ਜਾ ਰਹੀ ਸੀ। ਗੱਡੀ ਜਦੋਂ ਪਿੰਡ ਅਸਰਪੁਰ ਨਜ਼ਦੀਕ ਪਹੁੰਚੀ ਤਾਂ ਅਚਾਨਕ ਪਿਛਲਾ ਟਾਇਰ ਫਟ ਗਿਆ। ਗੱਡੀ ਸੜਕ ਦੇ ਇਕ ਪਾਸੇ ਉਲਟ ਗਈ। ਕਈ ਪਲਟੀਆਂ ਖਾਣ ਉਪਰੰਤ ਸੜਕ ਕਿਨਾਰੇ ਲੱਗੇ ਦਰੱਖਤਾਂ ਨਾਲ ਟਕਰਾਅ ਗਈ। ਗੱਡੀ ਵਿਚ ਸਵਾਰ ਸਾਰੇ ਲੋਕਾਂ ਨੂੰ ਹੀ ਗੰਭੀਰ ਸੱਟਾਂ ਲੱਗੀਆਂ। ਲੋਕਾਂ ਦੀ ਮਦਦ ਨਾਲ ਸੰਗਤ ਨੂੰ ਗੱਡੀ 'ਚੋਂ ਬਾਹਰ ਕੱਢਿਆ ਅਤੇ ਸਨੌਰ ਰੋਡ ਸਥਿਤ ਪ੍ਰਾਈਵੇਟ ਨਰਸਿੰਗ ਹੋਮ ਪਹੁੰਚਾਇਆ। ਲੋਕਾਂ ਦਾ ਕਹਿਣਾ ਹੈ ਕਿ ਇਸ ਗੱਡੀ ਵਿਚ ਔਰਤਾਂ ਅਤੇ ਬੱਚੇ ਜ਼ਿਆਦਾ ਸਵਾਰ ਸਨ। ਬੱਚਿਆਂ ਨੂੰ ਜ਼ਿਆਦਾ ਸੱਟਾਂ ਲੱਗੀਆਂ।
ਇਸ ਸਬੰਧੀ ਡਾ. ਅਨਿਲ ਰੂਪਰਾਏ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਹਸਪਤਾਲ ਵਿਚ ਦਾਖਲ 11 ਦੇ ਕਰੀਬ ਮਰੀਜ਼ ਬਿਲਕੁਲ ਠੀਕ ਹਨ। 5 ਮਰੀਜ਼ਾਂ ਨੂੰ ਹੈੱਡ ਇੰਜਰੀ ਸੀ, ਜਿਸ ਕਾਰਨ ਉਹ ਰਾਜਿੰਦਰਾ ਹਸਪਤਾਲ ਭੇਜੇ ਗਏ ਹਨ।
ਕਾਨੂੰਨ ਮੁਤਾਬਕ ਕਾਰਵਾਈ ਕਰ ਦਿੱਤੀ ਗਈ : ਜਤਿੰਦਰਪਾਲ
ਸਨੌਰ ਥਾਣੇ ਦੇ ਐੈੱਸ. ਐੈੱਚ. ਓ. ਜਤਿੰਦਰਪਾਲ ਅਤੇ ਏ. ਐੈੱਸ. ਆਈ. ਮੇਜਰ ਸਿੰਘ ਨੇ ਦੱਸਿਆ ਕਿ ਜ਼ਖਮੀ ਹੋਏ ਵਿਅਕਤੀ ਇਸ ਵਕਤ ਬਿਲਕੁੱਲ ਠੀਕ ਹਨ। ਮਰਨ ਵਾਲੇ ਵਿਅਕਤੀ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਕਾਨੂੰਨ ਮੁਤਾਬਕ ਕਾਰਵਾਈ ਕਰ ਦਿੱਤੀ ਗਈ ਹੈ।


satpal klair

Content Editor

Related News