CIA ਸਟਾਫ ਵਲੋਂ ਠੱਗ ਗਿਰੋਹ ਦਾ ਪਰਦਾਫਾਸ਼, ਇਕ ਗ੍ਰਿਫਤਾਰ

02/27/2019 6:27:40 PM

ਖਰੜ,(ਰਣਬੀਰ, ਅਮਰਦੀਪ, ਸ਼ਸ਼ੀ) : ਸੀ. ਆਈ. ਏ. ਸਟਾਫ ਦੀ ਟੀਮ ਵਲੋਂ ਇਕ ਅਜਿਹੇ ਗਿਰੋਹ 'ਤੇ ਨਕੇਲ ਕੱਸਣ 'ਚ ਕਾਮਯਾਬੀ ਹੱਥ ਲੱਗੀ ਹੈ, ਜੋ ਘਰਾਂ ਅੰਦਰ ਮਹਿਲਾਵਾਂ ਦੇ ਸੋਨੇ ਦੇ ਗਹਿਣੇ ਸਾਫ/ਪਾਲਿਸ਼ ਆਦਿ ਕਰਨ ਦੇ ਬਹਾਨੇ ਉਨ੍ਹਾਂ ਕੋਲੋਂ ਲੈ ਕੇ ਬਦਲੇ 'ਚ ਧੋਖੇ ਨਾਲ ਨਕਲੀ ਸੋਨੇ ਦੇ ਗਹਿਣੇ ਦੇ ਕੇ ਫਰਾਰ ਹੋ ਜਾਂਦਾ ਸੀ। ਪੁਲਸ ਵਲੋਂ ਇਸ ਮਾਮਲੇ 'ਚ ਗਿਰੋਹ ਦੇ ਤਿੰਨ ਮੈਂਬਰਾਂ ਖਿਲਾਫ ਮਾਮਲਾ ਦਰਜ ਕਰ ਕੇ ਉਨ੍ਹਾਂ 'ਚੋਂ ਇਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸਬ-ਇੰਸਪੈਕਟਰ ਸੁਖਦੀਪ ਕੌਰ ਨੇ ਦੱਸਿਆ ਕਿ ਸ਼ੱਕੀ ਅਨਸਰਾਂ 'ਤੇ ਨਜ਼ਰ ਰੱਖਣ ਦੇ ਮਕਸਦ ਨਾਲ ਪੁਲਸ ਪਾਰਟੀ ਸਮੇਤ ਉਹ ਸਥਾਨਕ ਬੱਸ ਅੱਡਾ ਖਰੜ ਚੌਂਕ ਨੇੜੇ ਮੌਜੂਦ ਸਨ। ਇਸੇ ਦੌਰਾਨ ਮੁਖਬਰ ਵਲੋਂ ਇਕ ਗੁਪਤ ਇਤਲਾਹ ਮਿਲੀ ਕਿ ਸੁਖਦੇਵ ਸਿੰਘ ਪੂਜਾ ਵਿਹਾਰ ਅੰਬਾਲਾ ਕੈਂਟ, ਰਣਧੀਰ ਸਿੰਘ ਅੰਬਾਲਾ, ਹਰਵਿੰਦਰ ਸਿੰਘ ਜਗਾਧਰੀ ਥਾਵਾਂ ਨਾਲ ਸਬੰਧਤ ਇਹ ਵਿਅਕਤੀ ਗਿਰੋਹ ਦੇ ਰੂਪ 'ਚ ਸੋਚੀ-ਸਮਝੀ ਸਾਜਿਸ਼ ਅਧੀਨ ਲੋਕਾਂ ਨਾਲ ਠੱਗੀ ਮਾਰਨ ਦੀ ਤਾਕ 'ਚ ਖਰੜ ਸ਼ਹਿਰ ਅਤੇ ਇਸ ਦੇ ਆਸ-ਪਾਸ ਪਿੰਡਾਂ ਅੰਦਰ ਘੁੰਮ ਰਿਹਾ ਹੈ। ਪੁਲਸ ਨੇ ਖਰੜ-ਚੰਡੀਗੜ੍ਹ ਰੋਡ ਪੁਰਾਣੀ ਸੰਨੀ ਇਨਕਲੇਵ ਚੌਕ ਨੇੜੇ ਸ਼ੱਕੀ ਹਾਲਤ 'ਚ ਘੁੰਮ ਰਹੇ ਇਸ ਗਿਰੋਹ ਦੇ ਇਕ ਮੈਂਬਰ ਸੁਖਦੇਵ ਸਿੰਘ ਨੂੰ ਉਸ ਕੋਲ ਮੌਜੂਦ ਨਕਲੀ ਗਹਿਣਿਆਂ ਸਮੇਤ ਕਾਬੂ ਕਰ ਲਿਆ।

ਜਾਂਚ ਅਧਿਕਾਰੀ ਨੇ ਦੱਸਿਆ ਕਿ ਇਹ ਗਿਰੋਹ ਖਰੜ, ਡੇਰਾਬੱਸੀ, ਲਾਲੜੂ, ਜ਼ੀਰਕਪੁਰ ਆਦਿ ਸ਼ਹਿਰਾਂ ਅੰਦਰ ਅਜਿਹੀਆਂ ਠੱਗੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੀ ਤਾਕ 'ਚ ਆਪਣੀ ਸਰਗਰਮੀ ਵਧਾ ਰਿਹਾ ਸੀ, ਜਿਸ ਦੇ ਇਕ ਮੈਂਬਰ ਨੂੰ ਕਾਬੂ ਕਰ ਲਿਆ ਗਿਆ। ਗ੍ਰਿਫਤਾਰ ਕੀਤੇ ਦੋਸ਼ੀ ਸਮੇਤ ਉਸ ਦੇ 2 ਹੋਰ ਸਾਥੀਆਂ ਖਿਲਾਫ ਸਿਟੀ ਥਾਣੇ ਅਧੀਨ ਧਾਰਾ 420, 120 ਬੀ ਤਹਿਤ ਮਾਮਲਾ ਦਰਜ ਕਰ ਕੇ ਸੁਖਦੇਵ ਸਿੰਘ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੋਂ ਉਸਦਾ ਪੁਲਸ ਰਿਮਾਂਡ ਹਾਸਲ ਕਰ ਕੇ ਉਸ ਦੇ ਬਾਕੀ ਸਾਥੀਆਂ ਦਾ ਪਤਾ ਲਗਾਉਣ ਸਬੰਧੀ ਪੁਲਸ ਵਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

Deepak Kumar

This news is Content Editor Deepak Kumar