ਸੁਪਰ ਖਾਦ ਦੇ ਭਰੇ ਟਰਾਲੇ ’ਚੋਂ ਤਿੰਨ ਕੁਇੰਟਲ ਡੋਡਾ ਪੋਸਤ ਤੇ ਡੇਢ ਕਿੱਲੋ ਅਫੀਮ ਸਮੇਤ ਇਕ ਕਾਬੂ

11/17/2020 2:07:45 AM

ਸੰਗਤ ਮੰਡੀ, (ਮਨਜੀਤ)- ਥਾਣਾ ਸੰਗਤ ਦੀ ਪੁਲਸ ਵੱਲੋਂ ਬਠਿੰਡਾ-ਡੱਬਵਾਲੀ ਰਾਸਟਰੀ ਮਾਰਗ ’ਤੇ ਪੈਂਦੇ ਪਿੰਡ ਜੱਸੀ ਬਾਗਵਾਲੀ ਵਿਖੇ ਸੁਪਰ ਖਾਦ ਦੇ ਭਰੇ ਟਰਾਲੇ ’ਚੋਂ ਤਿੰਨ ਕੁਇੰਟਲ ਡੋਡਾ ਪੋਸਤ ਤੇ ਡੇਢ ਕਿੱਲੋ ਅਫੀਮ ਸਮੇਤ ਟਰਾਲਾ ਚਾਲਕ ਨੂੰ ਕਾਬੂ ਕੀਤਾ ਗਿਆ ਹੈ। ਥਾਣਾ ਮੁਖੀ ਦਲਜੀਤ ਸਿੰਘ ਬਰਾਡ਼ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਦੀਵਾਲੀ ਦੇ ਤਿਉਹਾਰ ਨੂੰ ਮੱਦੇਨਜ਼ਰ ਸਹਾਇਕ ਥਾਣੇਦਾਰ ਅੰਮ੍ਰਿਤਪਾਲ ਸਿੰਘ ਵੱਲੋਂ ਪੁਲਸ ਪਾਰਟੀ ਸਮੇਤ ਰਾਤ ਸਮੇਂ ਇਲਾਕੇ ਦੇ ਪਿੰਡਾਂ ’ਚ ਗਸ਼ਤ ਕੀਤੀ ਜਾ ਰਹੀ ਸੀ। ਗਸ਼ਤ ਦੌਰਾਨ ਪੁਲਸ ਪਾਰਟੀ ਜਦ ਉਕਤ ਪਿੰਡ ਨਜਦੀਕ ਪਹੁੰਚੀ ਤਾਂ ਡੱਬਵਾਲੀ ਵਾਲੇ ਪਾਸਿਓ ਸ਼ੱਕੀ ਹਲਾਤਾਂ ’ਚ ਪੰਜਾਬ ਨੰਬਰੀ ਇਕ ਟਰਾਲਾ ਆ ਰਿਹਾ ਸੀ। ਪੁਲਸ ਪਾਰਟੀ ਨੇ ਸ਼ੱਕ ਦੇ ਆਧਾਰ ’ਤੇ ਉਕਤ ਟਰਾਲਾ ਚਾਲਕ ਨੂੰ ਰੋਕਿਆ ਅਤੇ ਬਠਿੰਡਾ ਦਿਹਾਤੀ ਦੇ ਡੀ. ਐੱਸ. ਪੀ. ਦਵਿੰਦਰ ਸਿੰਘ ਤੇ ਐੱਸ. ਆਈ. ਬਲਤੇਜ ਸਿੰਘ ਦੀ ਅਗਵਾਈ ਹੇਠ ਟਰਾਲੇ ਦੀ ਤਾਲਾਸ਼ੀ ਲਈ। ਤਾਲਾਸ਼ੀ ਦੌਰਾਨ ਸੁਪਰ ਖਾਦ ਦੇ ਗੱਟਿਆਂ ’ਚ ਕਾਲੇ ਰੰਗ ਦੇ ਮਿਲੇ ਪਲਾਸਟਿਕ ਦੇ ਕੱੁਝ ਗੱਟਿਆਂ ’ਚੋਂ ਡੋਡਾ ਪੋਸਤ ਬਰਾਮਦ ਹੋਇਆ। ਟਰਾਲੇ ਦੀ ਬਾਰੀਕੀ ਨਾਲ ਤਾਲਾਸ਼ੀ ਲੈਣ ’ਤੇ ਡੇਢ ਕਿੱਲੋ ਅਫ਼ੀਮ ਵੀ ਬਰਾਮਦ ਕੀਤੀ ਗਈ। ਪੁਲਸ ਵੱਲੋਂ ਫਡ਼੍ਹੇ ਗਏ ਟਰਾਲਾ ਚਾਲਕ ਦੀ ਪਛਾਣ ਸਾਹਿਬ ਸਿੰਘ ਪੁੱਤਰ ਬੁੱਢਾ ਸਿੰਘ ਵਾਸੀ ਪੱਕਾ ਕਲਾਂ ਦੇ ਤੌਰ ’ਤੇ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੇ ਨਾਲ ਹੀ ਉਨ੍ਹਾਂ ਵੱਲੋਂ ਟਰਾਲੇ ਦੇ ਮਾਲਕ ਤਰਸੇਮ ਕੁਮਾਰ ਪੁੱਤਰ ਵਿਜੇ ਕੁਮਾਰ ਵਾਸੀ ਬਠਿੰਡਾ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ ਜਿਸ ਦੀ ਗ੍ਰਿਫ਼ਤਾਰੀ ਹਾਲੇ ਬਾਕੀ ਹੈ।

ਥਾਣਾ ਮੁਖੀ ਦਲਜੀਤ ਸਿੰਘ ਬਰਾਡ਼ ਨੇ ਦੱਸਿਆ ਕਿ ਮੁਲਜ਼ਮ ਸਾਹਿਬ ਸਿੰਘ ਵੱਲੋਂ ਭੁੱਕੀ ਤੇ ਅਫ਼ੀਮ ਦੀ ਸਪਲਾਈ ਬਠਿੰਡਾ ਜ਼ਿਲੇ ਦੇ ਨੇਡ਼ਲੇ ਪਿੰਡਾਂ ’ਚ ਹੀ ਕੀਤੀ ਜਾਣੀ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਰਿਮਾਂਡ ’ਤੇ ਲੈ ਕੇ ਡੂੰਘਾਈ ਨਾਲ ਪਡ਼ਤਾਲ ਕੀਤੀ ਜਾਵੇਗੀ।


Bharat Thapa

Content Editor

Related News