ਜ਼ੀਰਾ ਬਲਾਕ ਵਿਚ ਤਿੰਨ ਕਿਸਾਨਾਂ ਨੇ ਬਣਾਏ ਮੱਛੀ ਫਾਰਮ

01/11/2017 6:19:01 AM

ਜ਼ੀਰਾ—ਬਲਾਕ ਵਿਚ ਮੱਛੀ ਪਾਲਣ ਵਿਭਾਗ ਜਿਲਾ ਫਿਰੋਜ਼ਪੁਰ ਦੀਆਂ ਅਪੀਲਾਂ ਅਤੇ ਦਲੀਲਾਂ ਨੂੰ ਸਵੀਕਾਰ ਦੇ ਹੋਏ ਜ਼ੀਰਾ ਬਲਾਕ ਵਿਚ ਤਿੰਨ ਪਿੰਡਾਂ ਵਿਚ ਨਵੇਂ ਫਾਰਮ ਬਣਾਏ ਹਨ। ਜਿਨ੍ਹਾਂ ਵਿਚ ਪਿੰਡ ਕਮਾਲਗੜ੍ਹ, ਕਿਲੀ ਬੋਦਲਾਂ ਅਤੇ ਪਿੰਡ ਚੱਕ ਖੰਨਾ ਆਦਿ ਸ਼ਾਮਲ ਹਨ। ਵਿਭਾਗ ਵਲੋਂ ਇਨ੍ਹਾਂ ਫਾਰਮ ਮਾਲਿਕਾਂ ਨੂੰ ਸਬਸਿਡੀ ਵੀ ਦਿੱਤੀ ਜਾ ਰਹੀ ਹੈ।
ਵਿਭਾਗ ਵਲੋਂ ਦਿੱਤੀ ਜਾਂਦੀ ਸਬਸਿਡੀ ਤੇ 5 ਰੋਜ਼ਾ ਮੁਫਤ ਸਿਖਲਾਈ: ਕਟਾਰੀਆ 
ਸਹਾਇਕ ਡਾਇਰੈਕਟਰ ਮੱਛੀ ਪਾਲਣ ਵਿਭਾਗ ਸ੍ਰੀ ਰਜਿੰਦਰ  ਕਟਾਰੀਆ  ਦਾ ਕਹਿਣਾ ਹੈ ਕਿ ਵਿਭਾਗ ਵਲੋਂ ਮੱਛੀ ਫਾਰਮ ਬਣਾਉਣ ਲਈ 50 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਜੇਕਰ ਇਸ ਨੂੰ ਕਿੱਤੇ ਨੂੰ ਅਪਣਾ ਲੈਣ ਤਾਂ ਭਰਭੂਰ ਆਮਦਨ ਲੈ ਸਕਦੇ ਹਨ।ਜੋ ਕਿ  ਮੱਛੀ ਪਾਲਣ ਦੇ ਇਛੱਕ ਵਿਅਕਤੀਆਂ ਹਰ ਮਹੀਨੇ 5 ਦਿਨ ਮੁਫਤ ਸਿਖਲਾਈ ਦਿੱਤੀ ਜਾਂਦੀ ਹੈ। ਜਿਸ ਦੌਰਾਨ ਹਰ ਤਰਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਸਿਖਲਾਈ ਉਪਰੰਤ ਇਸ ਪ੍ਰਜੈਕਟ ਨੂੰ ਅਸਾਨੀ ਨਾਲ ਚਲਾਇਆ ਜਾ ਸਕਦਾ ਹੈ । ਉਸਦਾ ਕਹਿਣਾ ਹੈ ਕਿ ਇੱਕ ਯੂਨੀਟ ਤੇ ਜੋ ਕਿ ਇਕ ਹੈਕਟੇਅਰ ਦਾ ਹੁੰਦਾ ਹੈ। ਇਸਨੂੰ ਮੁਕੰਮਲ ਕਰਨ ਤੇ 50 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਇਸ ਨੂੰ ਚਲਾਉਣ ਲਈ ਜੇਕਰ ਉਤਪਾਦਕ ਬੈਂਕ ਤੋਂ ਲੋਨ ਦੀ ਸੁਵਿਧਾ ਲੈਂਦਾ ਹੈ ਤਾਂ ਉਸ ਦੇ ਲੋਨ ਵਾਲੇ ਖਾਤੇ ਵਿਚ ਸਬਸਿਡੀ ਜਮ੍ਹਾ ਹੋ ਜਾਂਦੀ ਹੈ। ਜੇਕਰ ਕੋਈ ਇਸ ਫਾਰਮ ਨੂੰ ਚਲਾਉਣ ਲਈ ਖੁਦ ਸਮਰੱਥਾ ਰੱਖਦਾ ਹੈ ਤਾਂ ਉਸਦੇ ਖਾਤੇ ਵਿਚ ਸਰਕਾਰ ਵਲੋਂ ਸਬਸਿਡੀ ਆਉਣ ਦੇ ਦਿੱਤੀ ਜਾਂਦੀ ਹੈ। 
ਖਾਰੇ ਪਾਣੀ ਵਾਲੇ ਜਿਲਿਆਂ ''ਚ ਜੀਗਾ ਮੱਛੀ ਪਾਲਣ ਵਾਲੇ ਨੂੰ ਮਿਲੇਗੀ 90 ਫੀਸਦੀ ਸਬਸਿਡੀ: ਪ੍ਰਸਾਰ ਅਫਸਰ
ਮੱਛੀ ਪ੍ਰਸਾਰ ਅਫਸਰ ਜਗਮਿੰਦਰ ਸਿੰਘ ਦਾ ਕਹਿਣਾ ਹੈ ਕਿ ਖਾਰੇ ਪਾਣੀ ਵਾਲੇ ਜਿਲਿਆ ਵਿਚ ਮੱਛੀ ਫਾਰਮ ਬਣਾਉਣ ਲਈ ਸਰਕਾਰ ਵੱਲੋਂ 90 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਇਸ ਪ੍ਰਜੈਕਟ ''ਤੇ 25 ਲੱਖ ਰੁਪੈ ਖਰਚ ਆਉਂਦੇ ਹਨ। ਖਾਰਾ ਪਾਣੀ ਫਾਜ਼ਲਿਕਾ, ਮੁਕਤਸਰ ਅਤੇ ਮਾਲਵੇ ਦੇ ਕੁਝ ਹੋਰ ਜਿਲ੍ਹਿਆ ਦੇ ਹਿੱਸਿਆਂ ਵਿਚ ਪਾਇਆ ਜਾਂਦਾ ਹੈ। ਜੇਕਰ ਇਨ੍ਹਾਂ ਜਿਲ੍ਹਿਆ ਵਿਚ ਕਿਸਾਨ ਇਸ ਨੂੰ ਸਹਾਇਕ ਧੰਦੇ ਵਜੋਂ ਜਾਂ ਮੁੱਖ ਧੰਦੇ ਦੇ ਤੌਰ ''ਤੇ ਅਪਣਾ ਲੈਣ ਤਾਂ ਲਗਭੱਗ 6 ਲੱਖ ਰੁਪੈ. ਸਲਾਨਾ ਆਮਦਨ ਕਮਾ ਸਕਦੇ ਹਨ। ਇਸ ਪ੍ਰਜੈਕਟ ''ਤੇ ਅਡਵਾਂਸ 1ਲੱਖ 30 ਹਜ਼ਾਰ ਸਬਸਿਡੀ ਉਪਰੰਤ ਪੁਟਾਈ, ਖਾਧ ਖੁਰਾਕ ਲਈ ਅਡਵਾਂਸ 30 ਫੀਸਦੀ, ਉਪਰੰਤ ਮੱਧ ''ਚ 30 ਫੀਸਦੀ ਅਤੇ ਅਖੀਰ ਵਿਚ 40 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ।  ਜ਼ਾਲ ਲਈ ਯਕਮੁਸ਼ਤ ਸਬਸਿਡੀ ਦਿੱਤੀ ਜਾਂਦੀ ਹੈ। ਇਸ ਲਈ ਸਰਕਾਰ ਵਲੋਂ ਕਰਜ਼ਾ ਸੁਵਿਧਾ ਵੀ ਦਿੱਤੀ ਜਾਵੇਗੀ।
ਕਿਸਾਨ ਸਹਾਇਕ ਧੰਦਾ ਜਰੂਰ ਕਰਨ- ਲਹੌਰੀਆਂ
ਕਿਸਾਨ ਸਰਦੂਲ ਸਿੰਘ ਲਹੌਰੀਆਂ ਮੱਲੂਬਾਂਡੀਆਂ ਨੇ ਸਹਾਇਕ ਧੰਦੇ ਸੰਬੰਧੀ ਗੱਲ ਕਰਦਿਆਂ ਕਿਹਾ ਕਿ ਮੱਛੀ ਪਾਲਣ ਵਿਭਾਗ ਦਾ ਇਹ ਕਦਮ ਪ੍ਰਸੰਸਾਯੋਗ ਹੈ। ਜਿਹੜੇ ਕਿਸਾਨਾਂ ਕੋਲ ਜ਼ਮੀਨ ਵੱਧ ਮਾਤਰਾ ਵਿਚ ਹੈ ਉਨ੍ਹਾਂ ਨੂੰ ਵੱਧ ਤੋਂ ਵੱਧ ਮੱਛੀ ਫਾਰਮ ਬਣਾਉਣੇ ਚਾਹੀਦੇ ਹਨ। ਜਿਸ ਨਾਲ ਕਿਸਾਨੀ ਨੂੰ ਵੀ ਲਾਭ ਮਿਲੇਗਾ। 
ਬੇਰੁਜ਼ਗਾਰ ਨੌਜਵਾਨ ਸਵੈ ਰੁਜ਼ਗਾਰ ਚਲਾਉਣ- ਸੁਰਿੰਦਰ
ਪਿੰਡ ਮੱਲੂ ਵਾਲਾ ਦੇ ਸੁਰਿੰਦਰ ਸਿੰਘ ਉਪਲ ਨੇ ਕਿਹਾ ਕਿ ਬੇਰੁਜ਼ਗਾਰ ਨੌਜਵਾਨ ਮੱਛੀ ਫਾਰਮ ਬਣਾ ਕਿ ਆਪਣਾ ਰੁਜ਼ਗਾਰ ਸ਼ੁਰੂ ਕਰਨ। ਕਿਉਂਕਿ ਇਹ ਧੰਦਾ ਲਾਭ ਵਾਲਾ ਹੈ। ਬੇਰੁਜ਼ਗਾਰ ਇਸ ਧੰਦੇ ਨੂੰ ਚਲਾਉਣ ਲਈ ਕਰਜ਼ਾ ਆਦਿ ਦੀ ਸਹੂਲਤ ਵੀ ਲੈ ਸਕਦੇ ਹਨ। ਇਸ ਲਈ ਨੌਜਵਾਨ ਇਸ ਧੰਦੇ ਨਾਲ ਜੁੜਨ। 
ਮੱਛੀ ਦਾ ਧੰਦਾ ਕਿਸਾਨੀ ਲਈ ਮਦਦਗਾਰ- ਲਖਵੀਰ ਸਿੰਘ 
ਪਿੰਡ ਬੱਗੀ ਪਤਨੀ ਦੇ ਕਿਸਾਨ ਲਖਵੀਰ ਸਿੰਘ ਚਹਿਲ ਦਾ ਕਹਿਣਾ ਹੈ ਕਿ ਮੱਛੀ ਸਾਡੀ ਆਰਥਿਕ ਮਦਦ ਦੇ ਨਾਲ- ਨਾਲ ਸਾਡੇ ਸਰੀਰ ਨੂੰ ਵੀ ਕਈ ਤੱਤ ਦਿੰਦੀ ਹੈ ਇਸ ਲਈ ਕਿਸਾਨ ਇਸ ਨੂੰ ਮੁੱਖ ਧੰਦੇ ਵਜੋਂ ਅਪਣਾਉਣ। ਸਰਕਾਰ ਵੀ ਇਸ ਧੰਦੇ ਨੂੰ ਪ੍ਰਫੁੱਲਤ ਕਰਨ ਲਈ ਕਿਸਾਨਾਂ ਨੂੰ ਜਾਗਰੂਕ ਕਰੇ।